ਸਮਰਾਲਾ, 30 ਅਪ੍ਰੈਲ (ਗੋਪਾਲ ਸੋਫਤ)-ਕਿੰਡਰ ਗਾਰਟਨ ਐਂਡ ਸੀ. ਸੈਂ. ਸਕੂਲ ਸਮਰਾਲਾ ਵਿਚ ਮਜ਼ਦੂਰ ਦਿਵਸ ਮਨਾਇਆ ਗਿਆ | ਇਸ ਮੌਕੇ ਸਵੇਰ ਦੀ ਸਭਾ ਵਿਚ ਸਕੂਲ ਦੇ ਡਾਇਰੈਕਟਰ ਸਰਬਜੀਤ ਕੌਰ ਨੇ ਇਸ ਦਿਵਸ ਦੀ ਅਹਿਮੀਅਤ ਬਾਰੇ ਦੱਸਦੇ ਹੋਏ ਕਿਹਾ ਕਿ ਇਸ ਦੀ ਸ਼ੁਰੂਆਤ 1 ਮਈ 1886 ਨੂੰ ਹੋਈ ਅਤੇ ਇਹ ਦਿਨ ਮਜ਼ਦੂਰ ਏਕਤਾ ਤੇ ਸੰਘਰਸ਼ ਦਾ ਪ੍ਰਤੀਕ ਹੈ | ਅੰਤਰਰਾਸ਼ਟਰੀ ਮਜ਼ਦੂਰ ਦਿਵਸ ਪੂਰੀ ਦੁਨੀਆਂ ਵਿਚ ਮਜ਼ਦੂਰ ਲੋਕਾਂ ਦੇ ਸਨਮਾਨ ਵਿਚ ਮਨਾਇਆ ਜਾਂਦਾ ਹੈ | ਉਨ੍ਹਾਂ ਨੇ ਦੱਸਿਆ ਕਿ ਪਹਿਲਾਂ ਮਜ਼ਦੂਰ ਦੇ ਕੰਮ ਕਰਨ ਦੇ ਘੰਟੇ ਨਿਸ਼ਚਿਤ ਨਹੀਂ ਸੀ ਹੁੰਦੇ ਤੇ ਉਨ੍ਹਾਂ ਕੋਲੋਂ ਵੱਧ ਘੰਟੇ ਕੰਮ ਲੈ ਕੇ ਉਨ੍ਹਾਂ ਨੂੰ ਘੱਟ ਪੈਸੇ ਦਿੱਤੇ ਜਾਂਦੇ ਸਨ | ਸਰਕਾਰ ਤੋਂ ਇਸ ਮੰਗ ਪ੍ਰਵਾਨ ਕਰਵਾਉਣ ਲਈ ਅਮਰੀਕਾ ਵਿਚ ਸ਼ਿਕਾਗੋ ਮਾਰਕੀਟ ਵਿਚ ਮਜ਼ਦੂਰਾਂ ਨੇ ਇਕ ਵੱਡਾ ਇਕੱਠ ਕੀਤਾ | ਪਰ ਪੁਲਿਸ ਵਲੋਂ ਉਨ੍ਹਾਂ 'ਤੇ ਹਮਲਾ ਕੀਤਾ ਗਿਆ ਤੇ ਬਹੁਤ ਸਾਰੇ ਮਜ਼ਦੂਰ ਮਾਰੇ ਗਏ | ਬਾਅਦ ਵਿਚ ਸਰਕਾਰ ਨੇ ਮਜ਼ਦੂਰ ਵਰਗ ਦੇ ਕੰਮ ਕਰਨ ਦੇ 8 ਘੰਟੇ ਨਿਸ਼ਚਿਤ ਕਰ ਦਿੱਤੇ ਅਤੇ 1 ਮਈ ਨੂੰ ਅੰਤਰਰਾਸ਼ਟਰੀ ਮਜ਼ਦੂਰ ਦਿਵਸ ਮਨਾਏ ਜਾਣ ਦਾ ਐਲਾਨ ਕੀਤਾ ਗਿਆ ਅਤੇ ਭਾਰਤ ਵਿਚ ਇਸ ਦਿਨ ਨੂੰ ਮਨਾਉਣ ਦੀ ਸ਼ੁਰੂਆਤ ਲੇਬਰ ਕਿਸਾਨ ਪਾਰਟੀ ਆਫ਼ ਹਿੰਦੁਸਤਾਨ ਵਲੋਂ 1 ਮਈ 1923 ਨੂੰ ਮਦਰਾਸ ਵਿਚ ਹੋਈ ਸੀ | ਇਸ ਦਿਨ ਸਾਰੇ ਮਜ਼ਦੂਰਾਂ ਨੂੰ ਛੁੱਟੀ ਦਾ ਐਲਾਨ ਕੀਤਾ | ਉਨ੍ਹਾਂ ਨੇ ਕਿਹਾ ਕਿ ਸਾਨੂੰ ਸਾਰਿਆਂ ਨੂੰ ਮਜ਼ਦੂਰ ਵਰਗ ਦੀ ਮਿਹਨਤ ਅਤੇ ਲਗਨ ਦਾ ਸਤਿਕਾਰ ਕਰਨਾ ਚਾਹੀਦਾ ਹੈ | ਇਸ ਮੌਕੇ ਸਕੂਲ ਦੇ ਬੱਚਿਆਂ ਨੇ ਮਜ਼ਦੂਰ ਦਿਵਸ ਦੇ ਸੰਬੰਧ ਵਿਚ ਵੱਖੋ-ਵੱਖਰੇ ਕਰਮਚਾਰੀਆਂ ਦੇ ਕੰਮਾਂ ਬਾਰੇ ਸੰਖੇਪ ਵਿਚ ਦੱਸ ਕੇ ਸਾਰੇ ਕਰਮਚਾਰੀਆਂ ਦਾ ਧੰਨਵਾਦ ਕੀਤਾ | ਸਮਾਰੋਹ ਦੇ ਅੰਤ ਵਿਚ ਸਕੂਲ ਦੇ ਡਾਇਰੈਕਟਰ ਸਰਬਜੀਤ ਕੌਰ ਤੇ ਪਿ੍ੰਸੀਪਲ ਰਣਜੋਤ ਕੌਰ ਨੇ ਇਸ ਮੌਕੇ ਸਕੂਲ ਵਿਚ ਕੰਮ ਕਰ ਰਹੇ ਕਰਮਚਾਰੀਆਂ ਨੂੰ ਸਨਮਾਨਿਤ ਵੀ ਕੀਤਾ |