ਸਮਰਾਲਾ, 30 ਅਪ੍ਰੈਲ (ਗੋਪਾਲ ਸੋਫਤ)-ਸੈਂਟਰ ਆਫ਼ ਇੰਡੀਅਨ ਟਰੇਡ ਯੂਨੀਅਨ (ਸੀਟੂ) ਨਾਲ ਸਬੰਧਿਤ ਆਂਗਣਵਾੜੀ ਮੁਲਾਜ਼ਮ ਯੂਨੀਅਨ ਪੰਜਾਬ ਦੇ ਸਮਰਾਲਾ ਅਤੇ ਮਾਛੀਵਾੜਾ ਸਾਹਿਬ ਬਲਾਕ ਦੇ ਵਰਕਰਾਂ ਅਤੇ ਹੈਲਪਰਾਂ ਵਲੋਂ ਐੱਸ. ਡੀ. ਐੱਮ. ਦਫ਼ਤਰ ਸਮਰਾਲਾ ਸਾਹਮਣੇ ਧਰਨਾ ਦਿੱਤਾ ਗਿਆ | ਇਸ ਧਰਨੇ ਵਿਚ ਕਾਮਰੇਡ ਭਜਨ ਸਿੰਘ ਸਾਬਕਾ ਪ੍ਰਧਾਨ ਨਗਰ ਕੌਂਸਲ ਅਤੇ ਕਾਮਰੇਡ ਅਮਰਨਾਥ ਕੂੰਮਕਲਾਂ ਸੂਬਾ ਸਕੱਤਰ ਸੀਟੂ ਨੇ ਵਿਸ਼ੇਸ਼ ਤੌਰ 'ਤੇ ਸ਼ਮੂਲੀਅਤ ਕੀਤੀ | ਧਰਨਾਕਾਰੀਆਂ ਨੂੰ ਸੰਬੋਧਨ ਕਰਦੇ ਹੋਏ ਅਮਰਨਾਥ ਕੂੰਮਕਲਾਂ ਨੇ ਕਿਹਾ ਕਿ ਆਂਗਣਵਾੜੀ ਮੁਲਾਜ਼ਮ ਯੂਨੀਅਨ ਪੰਜਾਬ ਵਲੋਂ ਆਨਲਾਈਨ ਸਰਕਾਰੀ ਕੰਮ ਕਰਨ ਲਈ ਮੋਬਾਈਲ ਲੈਣ ਵਾਸਤੇ 2017 ਤੋਂ ਲਗਾਤਾਰ ਸੰਘਰਸ਼ ਜਾਰੀ ਕੀਤਾ ਜਾ ਰਿਹਾ ਹੈ | ਇਸ ਸਬੰਧੀ ਕੇਂਦਰ ਸਰਕਾਰ ਨੇ ਉਕਤ ਮੰਗ ਮੰਨਦੇ ਹੋਏ ਡੱਬਾਬੰਦ ਮੋਬਾਇਲ ਫ਼ੋਨ ਦੇਣ ਸਬੰਧੀ ਕਿਹਾ ਹੈ | ਪ੍ਰੰਤੂ ਪੰਜਾਬ ਸਰਕਾਰ ਨੇ ਨਵੀਂ ਭਸੂੜੀ ਪਾ ਦਿੱਤੀ ਹੈ ਕਿ ਪਹਿਲਾਂ ਜਨਗਣਨਾ ਕਰਨ ਲਈ ਇਹ ਮੋਬਾਈਲ ਦੂਸਰੇ ਮਹਿਕਮਿਆਂ ਦੇ ਮੁਲਾਜ਼ਮਾਂ ਨੂੰ ਦਿੱਤੇ ਜਾਣਗੇ | ਜਿਸ ਦਾ ਵਿਰੋਧ ਵੱਡੀ ਪੱਧਰ 'ਤੇ 21 ਅਪ੍ਰੈਲ ਨੂੰ ਯੂਨੀਅਨ ਦੇ ਸੂਬਾਈ ਆਗੂਆਂ ਦੀ ਅਗਵਾਈ ਵਿਚ ਲੁਧਿਆਣਾ ਵਿਖੇ ਕੀਤਾ ਗਿਆ | ਇਸ ਮੌਕੇ ਡਿਪਟੀ ਕਮਿਸ਼ਨਰ, ਏ. ਡੀ. ਸੀ ਅਤੇ ਜ਼ਿਲ੍ਹਾ ਪੋ੍ਰਜੈਕਟ ਅਫ਼ਸਰ ਨਾਲ ਆਨ ਲਾਈਨ ਮੀਟਿੰਗ ਯੂਨੀਅਨ ਦੇ ਨੁਮਾਇੰਦਿਆਂ ਨਾਲ ਕੀਤੀ ਗਈ | ਇਸ ਮੀਟਿੰਗ ਵਿਚ ਅਧਿਕਾਰੀਆਂ ਵਲੋਂ ਇਹ ਮੰਨਿਆ ਗਿਆ ਸੀ ਕਿ ਆਂਗਣਵਾੜੀ ਵਰਕਰਾਂ ਨੂੰ ਹੀ ਡੱਬਾ ਬੰਦ ਮੋਬਾਈਲ ਦਿੱਤੇ ਜਾਣਗੇ | ਇੱਥੇ ਇਹ ਵੀ ਮੰਨਿਆ ਗਿਆ ਕਿ ਜਿਹੜੀਆਂ ਪੜ੍ਹੀਆਂ ਲਿਖੀਆਂ ਆਂਗਣਵਾੜੀ ਹੈਲਪਰ ਵੀ ਕੰਮ ਕਰਨੀਆਂ ਚਾਹੁੰਦੀਆਂ ਹਨ ਉਨ੍ਹਾਂ ਨੂੰ ਵੀ ਮੋਬਾਈਲ ਦਿੱਤੇ ਜਾਣਗੇ | ਸਮਰਾਲਾ ਵਿਖੇ ਅੱਜ ਸਰਵੇ ਕਰਨ ਲਈ ਮੋਬਾਈਲ ਜਾਰੀ ਕਰਨੇ ਸਨ | ਬੀਤੀ ਸ਼ਾਮ ਮੋਬਾਇਲ ਹਾਸਲ ਕਰਨ ਵਾਲੇ ਮੁਲਾਜ਼ਮਾਂ ਦੀ ਸੂਚੀ ਸਾਂਝੀ ਕੀਤੀ ਗਈ ਤਾਂ ਸਮਰਾਲਾ ਅਤੇ ਮਾਛੀਵਾੜਾ ਬਲਾਕ ਦੇ ਕੇਵਲ ਦੋ-ਦੋ ਆਂਗਣਵਾੜੀ ਮੁਲਾਜ਼ਮਾਂ ਦੇ ਨਾਂ ਸਨ | ਜਿਸ ਤੋਂ ਦੋਹਾਂ ਬਲਾਕਾਂ ਦੇ ਵਰਕਰਾਂ ਵਿਚ ਗ਼ੁੱਸੇ ਲਹਿਰ ਦੌੜ ਗਈ | ਜਿਸ ਦੇ ਰੋਸ ਵਜੋਂ ਇਹ ਅੱਜ ਦਾ ਇਹ ਰੋਸ ਮੁਜ਼ਾਹਰਾ ਕੀਤਾ ਗਿਆ ਹੈ ਅਤੇ ਇੱਕ ਮੰਗ ਪੱਤਰ ਐੱਸ. ਡੀ. ਐੱਮ. ਸਮਰਾਲਾ ਨੂੰ ਦਿੱਤਾ ਗਿਆ ਹੈ |