ਕੁਹਾੜਾ, 30 ਅਪ੍ਰੈਲ (ਸੰਦੀਪ ਸਿੰਘ ਕੁਹਾੜਾ)-ਲਗਾਤਾਰ ਲੱਗ ਰਹੇ ਬਿਜਲੀ ਕੱਟਾਂ ਤੋਂ ਤੰਗ ਆ ਕੇ ਸ਼੍ਰੋਮਣੀ ਅਕਾਲੀ ਦਲ ਵਲੋਂ ਸਾਬਕਾ ਮੰਤਰੀ ਸ਼ਰਨਜੀਤ ਸਿੰਘ ਢਿੱਲੋਂ ਦੀ ਅਗਵਾਈ ਹੇਠ ਲੱਖੋਵਾਲ ਬਿਜਲੀ ਦਫ਼ਤਰ ਅੱਗੇ ਰੋਸ ਧਰਨਾ ਲਗਾਇਆ ਗਿਆ | ਇਸ ਮੌਕੇ ਸਾਬਕਾ ਮੰਤਰੀ ਢਿੱਲੋਂ ਨੇ ਕਿਹਾ ਕਿ ਲੰਮੇ-ਲੰਮੇ ਬਿਜਲੀ ਦੇ ਕੱਟਾਂ ਨੇ ਆਪ ਸਰਕਾਰ ਦੇ ਦਾਅਵਿਆਂ ਦੀ ਪੋਲ ਖੋਲ੍ਹ ਦਿੱਤੀ ਹੈ | ਢਿੱਲੋਂ ਨੇ ਕਿਹਾ ਕਿ 'ਬਦਲਾਅ' ਦੇ ਨਾਂਅ 'ਤੇ ਬਣੀ ਸਰਕਾਰ ਅੱਜ ਲੋਕਾਂ ਨੂੰ ਬੁਨਿਆਦੀ ਸੁਵਿਧਾਵਾਂ ਤੋਂ ਵੀ ਵੰਚਿਤ ਕਰ ਰਹੀ ਹੈ | ਉਨ੍ਹਾਂ ਕਿਹਾ ਕਿ ਹਾਲਾਤ ਇਹ ਹਨ ਕਿ ਲੋਕਾਂ ਨੂੰ ਬਿਜਲੀ ਲਈ ਧਰਨੇ ਲਗਾਉਣੇ ਪੈ ਰਹੇ ਹਨ, ਜਦਕਿ ਘਰਾਂ ਵਿਚ ਅੱਠ-ਅੱਠ ਘੰਟੇ ਬਿਜਲੀ ਗ਼ਾਇਬ ਰਹਿੰਦੀ ਹੈ | ਉਨ੍ਹਾਂ ਦਾਅਵਾ ਕੀਤਾ ਕਿ ਅਕਾਲੀ ਦਲ ਦੀ ਸਰਕਾਰ ਦੌਰਾਨ ਬਿਜਲੀ ਉਤਪਾਦਨ ਵਧਾਉਣ ਲਈ ਵੱਡੇ ਕਦਮ ਚੁੱਕੇ ਗਏ ਸਨ | ਉਨ੍ਹਾਂ ਨੇ ਕਿਹਾ ਕਿ ਉਸ ਸਮੇਂ ਤਲਵੰਡੀ ਸਾਬੋ ਸਮੇਤ ਵੱਡੇ ਥਰਮਲ ਪਲਾਂਟ ਲਗਾ ਕੇ ਬਿਜਲੀ ਸਪਲਾਈ ਨੂੰ ਮਜ਼ਬੂਤ ਕੀਤਾ ਗਿਆ, ਜਿਸ ਨਾਲ ਲੋਕਾਂ ਨੂੰ ਲਗਾਤਾਰ ਬਿਜਲੀ ਮਿਲਦੀ ਸੀ | ਉਨ੍ਹਾਂ ਕਿਹਾ ਕਿ ਬਾਅਦ ਵਿਚ ਆਈਆ ਸਰਕਾਰਾਂ ਨੇ ਪਾਵਰ ਸੈਕਟਰ ਨੂੰ ਨਜ਼ਰਅੰਦਾਜ਼ ਕੀਤਾ | ਉਨ੍ਹਾਂ ਕਿਹਾ ਕਿ ਕਾਂਗਰਸ ਸਰਕਾਰ ਵਲੋਂ ਆਪਣੇ ਸਮੇਂ ਵਿਚ ਬਠਿੰਡਾ ਥਰਮਲ ਪਲਾਂਟ ਨੂੰ ਬੰਦ ਕਰ ਦਿੱਤਾ ਗਿਆ ਅਤੇ ਹੁਣ ਰੋਪੜ ਥਰਮਲ ਪਲਾਂਟ ਵਰਗੀਆਂ ਯੂਨਿਟਾਂ ਨੂੰ ਆਧੁਨਿਕ ਟੈਕਨਾਲੋਜੀ ਨਾਲ ਅਪਗ੍ਰੇਡ ਕਰਨ ਦੀ ਬਜਾਏ ਪੁਰਾਣੀ ਪ੍ਰਣਾਲੀ 'ਤੇ ਹੀ ਚਲਾਇਆ ਜਾ ਰਿਹਾ ਹੈ | ਉਨ੍ਹਾਂ ਕਿਹਾ ਕਿ ਸਰਕਾਰ ਸਿਰਫ਼ ਦਿਖਾਵੇ ਦੀ ਰਾਜਨੀਤੀ ਕਰ ਰਹੀ ਹੈ ਅਤੇ ਜਦੋਂ ਵਿਰੋਧੀ ਧਰਨਿਆਂ ਦਾ ਐਲਾਨ ਕਰਦੇ ਹਨ ਤਾਂ ਕੁੱਝ ਸਮੇਂ ਲਈ ਬਿਜਲੀ ਸਪਲਾਈ ਵਧਾ ਦਿੱਤੀ ਜਾਂਦੀ ਹੈ, ਪਰ ਅਸਲ ਹਾਲਾਤ ਜਿਉਂ ਦੇ ਤਿਉਂ ਰਹਿੰਦੇ ਹਨ | ਉਨ੍ਹਾਂ ਕਿਹਾ ਜੇਕਰ ਬਿਜਲੀ ਸਮੱਸਿਆ ਦਾ ਜਲਦੀ ਹੱਲ ਨਾ ਕੀਤਾ ਗਿਆ ਤਾਂ ਆਉਣ ਵਾਲੇ ਦਿਨਾਂ ਵਿਚ ਸੰਘਰਸ਼ ਹੋਰ ਤੇਜ਼ ਕੀਤਾ ਜਾਵੇਗਾ | ਇਸ ਮੌਕੇ ਯੂਥ ਆਗੂ ਸਿਮਰਨਜੀਤ ਸਿੰਘ ਢਿੱਲੋਂ, ਸਰਪੰਚ ਡਾ. ਗਗਨਦੀਪ ਸਿੰਘ ਢਿੱਲੋਂ, ਮਾਸਟਰ ਅਸ਼ੋਕ ਕੁਮਾਰ, ਇੰਜੀ. ਬਲਵਿੰਦਰ ਸਿੰਘ ਲਾਲਕਾ, ਤੇਜ ਸਿੰਘ ਗਰਚਾ, ਅਜਮੇਰ ਸਿੰਘ ਲਾਲੀ, ਅਵਤਾਰ ਸਿੰਘ ਕੁਹਾੜਾ ਸਰਕਲ ਪ੍ਰਧਾਨ, ਰਣਜੀਤ ਸਿੰਘ ਸੈਣੀ, ਹਰਨੇਕ ਸਿੰਘ ਰਾਣਾ, ਹਰਦੀਪ ਸਿੰਘ ਸੰਧੂ, ਨਿੰਦੀ ਸਾਹਨੇਵਾਲ, ਸਚਨਪ੍ਰੀਤ ਸਿੰਘ ਖਹਿਰਾ, ਬਲਜੀਤ ਸਿੰਘ ਹਰਾ, ਪਰਮਵੀਰ ਸਿੰਘ ਬੱਗਾ, ਕੁਲਵਿੰਦਰ ਸਿੰਘ, ਰਿੰਪਾ ਗਰਚਾ, ਜਗਨ ਸਿੰਘ ਜੱਗਾ, ਜੋਬਨ ਗਿੱਲ, ਬਿੰਦਰ ਵਿਰਕ, ਆਕਾਸ਼ਦੀਪ ਸਿੰਘ, ਗੁਰਜੀਤ ਸਿੰਘ ਵਿਰਕ, ਰਾਜ ਸਿੰਘ, ਅਮਨਦੀਪ ਸਿੰਘ ਪੀ. ਏ., ਗੁਰਮੀਤ ਸਿੰਘ ਗੱਦੋਵਾਲ, ਮਿੰਟੂ ਰਾਮਗੜ੍ਹ ਸਮੇਤ ਵੱਡੀ ਗਿਣਤੀ ਵਿਚ ਇਲਾਕਾ ਵਾਸੀਆਂ ਵਲੋਂ ਸ਼ਮੂਲੀਅਤ ਕੀਤੀ ਗਈ |