ਸਾਬਕਾ ਮੰਤਰੀ ਗੁਰਕੀਰਤ ਨੇ ਖੰਨਾ ਦੀ ਨਵੀਂ ਵਾਰਡਬੰਦੀ ਤੇ ਵੋਟਰ ਸੂਚੀਆਂ 'ਚ 'ਧਾਂਦਲੀ' ਦੇ ਗੰਭੀਰ ਦੋਸ਼ ਲਾਏ
ਅਜੀਤ ਡੈਸਕ
01-05-2026
ਵੋਟਰਾਂ ਦੀ ਗਿਣਤੀ ਵਿਚ ਭਾਰੀ ਅਸੰਤੁਲਨ: ਗੁਰਕੀਰਤ ਸਿੰਘ ਨੇ ਅੰਕੜੇ ਪੇਸ਼ ਕਰਦਿਆਂ ਦੱਸਿਆ ਕਿ ਵੋਟਰ ਸੂਚੀਆਂ ਵਿੱਚ ਹੈਰਾਨੀਜਨਕ ਫ਼ਰਕ ਹੈ | ਜਿੱਥੇ ਵਾਰਡ ਨੰਬਰ 19 ਵਿੱਚ ਸਿਰਫ਼ 887 ਵੋਟਰ ਹਨ, ਉੱਥੇ ਹੀ ਵਾਰਡ ਨੰਬਰ 22 ਵਿੱਚ ਇਹ ਗਿਣਤੀ 5389 ਤੱਕ ਪਹੁੰਚ ਗਈ ਹੈ | ਇੱਕੋ ਸ਼ਹਿਰ ਦੇ ਵਾਰਡਾਂ ਵਿੱਚ 4500 ਤੋਂ ਵੱਧ ਵੋਟਾਂ ਦਾ ਅੰਤਰ ਪ੍ਰਸ਼ਾਸਨ ਦੀ ਨੀਅਤ 'ਤੇ ਸਵਾਲ ਖੜ੍ਹੇ ਕਰਦਾ ਹੈ |
ਗਲੀਆਂ ਅਤੇ ਮੁਹੱਲਿਆਂ ਦੀ ਵੰਡ ਅਤੇ ਘਰਾਂ ਦੀ ਜਾਣਕਾਰੀ ਗ਼ਾਇਬ : ਉਨ੍ਹਾਂ ਦੱਸਿਆ ਕਿ ਸਿਆਸੀ ਫ਼ਾਇਦੇ ਲਈ ਇੱਕੋ ਗਲੀ ਦੇ ਵੋਟਰਾਂ ਨੂੰ ਤਿੰਨ-ਤਿੰਨ ਵੱਖ-ਵੱਖ ਵਾਰਡਾਂ ਵਿੱਚ ਵੰਡ ਦਿੱਤਾ ਗਿਆ ਹੈ, ਜਿਸ ਨਾਲ ਆਮ ਜਨਤਾ ਵਿੱਚ ਭਾਰੀ ਰੋਸ ਅਤੇ ਦੁਬਿਧਾ ਪਾਈ ਜਾ ਰਹੀ ਹੈ |
ਵੋਟਰ ਸੂਚੀਆਂ ਵਿਚੋਂ ਮਕਾਨ ਨੰਬਰ, ਲੈਂਡਮਾਰਕ ਅਤੇ ਗਲੀ ਨੰਬਰ ਵਰਗੀ ਜ਼ਰੂਰੀ ਜਾਣਕਾਰੀ ਗ਼ਾਇਬ ਹੈ, ਜੋ ਕਿ ਚੋਣ ਕਮਿਸ਼ਨ ਦੀਆਂ ਹਦਾਇਤਾਂ ਦੀ ਸਿੱਧੀ ਉਲੰਘਣਾ ਹੈ |
ਵੋਟਿੰਗ ਸੈਂਟਰਾਂ ਦੀ ਦੂਰੀ : ਜਾਣਬੁੱਝ ਕੇ ਵੋਟਿੰਗ ਸੈਂਟਰਾਂ ਨੂੰ ਲੋਕਾਂ ਦੇ ਘਰਾਂ ਤੋਂ ਦੂਰ ਕਰ ਦਿੱਤਾ ਗਿਆ ਹੈ ਜੋ ਕਈ ਥਾਵਾਂ 'ਤੇ 1 ਕਿੱਲੋਮੀਟਰ ਤੋਂ ਵੀ ਵੱਧ ਹੈ, ਤਾਂ ਜੋ ਵੋਟਿੰਗ ਪ੍ਰਤੀਸ਼ਤ ਨੂੰ ਘਟਾਇਆ ਜਾ ਸਕੇ | ਇਹ ਖ਼ਾਸ ਕਰਕੇ ਬਜ਼ੁਰਗਾਂ ਅਤੇ ਮਹਿਲਾਵਾਂ ਲਈ ਵੱਡੀ ਮੁਸੀਬਤ ਹੈ | ਆਮ ਆਦਮੀ ਪਾਰਟੀ ਆਪਣੀ ਹਾਰ ਦੇ ਡਰੋਂ ਚੋਣਾਂ ਨੂੰ ਪ੍ਰਭਾਵਿਤ ਕਰਨ ਲਈ ਗਲਤ ਹੱਥਕੰਡੇ ਅਪਣਾ ਰਹੀ ਹੈ | ਅਸੀਂ ਇਸ ਧੱਕੇਸ਼ਾਹੀ ਵਿਰੁੱਧ ਚੋਣ ਕਮਿਸ਼ਨ ਕੋਲ ਸਖ਼ਤ ਇਤਰਾਜ਼ ਦਰਜ ਕਰਵਾਏ ਹਨ ਅਤੇ ਮੰਗ ਕਰਦੇ ਹਾਂ ਕਿ ਵਾਰਡਬੰਦੀ ਦੀ ਪ੍ਰਕਿਰਿਆ ਨੂੰ ਪਾਰਦਰਸ਼ੀ ਬਣਾ ਕੇ ਵੋਟਰਾਂ ਦੀਆਂ ਸ਼ਿਕਾਇਤਾਂ ਦਾ ਤੁਰੰਤ ਨਿਪਟਾਰਾ ਕੀਤਾ ਜਾਵੇ | ਸਾਬਕਾ ਮੰਤਰੀ ਨੇ ਚਿਤਾਵਨੀ ਦਿੱਤੀ ਕਿ ਜੇਕਰ ਵੋਟਰ ਸੂਚੀਆਂ 'ਤੇ ਲਗਾਏ ਇਤਰਾਜ਼ਾਂ ਵੱਲ ਧਿਆਨ ਨਾ ਦਿੱਤਾ ਅਤੇ ਵਾਰਡਬੰਦੀ ਨੂੰ ਤਰਕਸੰਗਤ ਨਾ ਬਣਾਇਆ ਗਿਆ, ਤਾਂ ਕਾਂਗਰਸ ਪਾਰਟੀ ਲੋਕਾਂ ਦੇ ਹੱਕਾਂ ਲਈ ਸੜਕਾਂ 'ਤੇ ਉਤਰ ਕੇ ਸੰਘਰਸ਼ ਕਰਨ ਤੋਂ ਗੁਰੇਜ਼ ਨਹੀਂ ਕਰੇਗੀ | ਇਸ ਮੌਕੇ ਬਲਾਕ ਪ੍ਰਧਾਨ ਰਾਜੀਵ ਰਾਏ ਮਹਿਤਾ, ਕਮਲਜੀਤ ਸਿੰਘ ਲੱਧੜ, ਵਿਕਾਸ ਮਹਿਤਾ, ਗੌਰਵ ਵਿਜਨ, ਵੇਦ ਪ੍ਰਕਾਸ਼ ਮਿੱਢਾ, ਅਮਰੀਸ਼ ਕਾਲੀਆ, ਸੰਦੀਪ ਘਈ, ਗੁਰਮੀਤ ਨਾਗਪਾਲ, ਰਾਜਬੀਰ ਸ਼ਰਮਾ, ਰਿੱਕੀ ਸ਼ਰਮਾ, ਸੁਖਵਿੰਦਰ ਸਿੰਘ ਸੁੱਖੀ ਆਦਿ ਹਾਜ਼ਰ ਸਨ |