ਰਾੜਾ ਸਾਹਿਬ, 30 ਅਪ੍ਰੈਲ (ਪ੍ਰੀਤਮ ਸਿੰਘ ਮੁਕੰਦਪੁਰੀ)-ਸੀਨੀਅਰ ਕਾਂਗਰਸੀ ਆਗੂ ਗੁਰਦੇਵ ਸਿੰਘ ਲਾਪਰਾਂ ਨੇ 'ਅਜੀਤ' ਨਾਲ ਵਿਸ਼ੇਸ਼ ਮੁਲਾਕਾਤ ਕਰਕੇ ਦੱਸਿਆ ਕਿ ਆਮ ਆਦਮੀ ਪਾਰਟੀ ਡੁੱਬ ਰਿਹਾ ਜਹਾਜ਼ ਹੈ, ਇਸ ਦੇ ਵੱਡੇ ਵੱਡੇ ਚੁਣੇ ਹੋਏ ਲੀਡਰ ਅਤੇ ਸਮਰਥਕ ਆਪਣੇ ਭਵਿੱਖ ਨੂੰ ਲੈ ਕੇ ਦੂਜੇ ਜਹਾਜ਼ਾਂ ਵਿੱਚ ਸਵਾਰ ਹੋਣ ਲਈ ਪੱਬਾਂ ਭਾਰ ਹੋ ਗਏ ਹਨ | ਆਉਣ ਵਾਲੇ ਦਿਨਾਂ ਵਿੱਚ ਹੀ ਅੰਕੜਾ ਵੱਡਾ ਹੁੰਦਾ ਜਾਵੇਗਾ | ਕਿਉਂਕਿ ਲੋਕਾਂ ਦੀ ਤਰ੍ਹਾਂ ਉਹ ਵੀ ਸਮਝ ਚੁੱਕੇ ਹਨ ਕਿ ਸਰਕਾਰ ਦੀ ਕਾਰਗੁਜ਼ਾਰੀ ਨੂੰ ਲੈ ਕੇ ਲੋਕਾਂ ਵਿਚ ਵੱਡੇ ਪੱਧਰ 'ਤੇ ਨਿਰਾਸ਼ਤਾ ਛਾਈ ਹੋਈ ਹੈ ਅਤੇ ਆਮ ਆਦਮੀ ਪਾਰਟੀ ਕਾਰਗੁਜ਼ਾਰੀ ਨੂੰ ਲੈ ਕੇ ਸਿਆਸੀ ਮੰਚ ਦੇ ਹਾਸ਼ੀਏ ਤੇ ਪੁੱਜ ਗਈ ਹੈ | ਆਮ ਆਦਮੀ ਪਾਰਟੀ ਦੇ ਵਿਧਾਇਕਾਂ ਦੇ ਕਿੱਸੇ ਹਰ ਰੋਜ ਜੱਗ ਜ਼ਾਹਿਰ ਹੋ ਰਹੇ ਹਨ | ਉਨ੍ਹਾਂ ਪੰਜਾਬ ਦੇ ਸਿਆਸੀ ਵਾਤਾਵਰਣ ਦੀ ਗੱਲ ਕਰਦਿਆਂ ਕਿਹਾ ਕਿ ਪੰਜਾਬ ਦੀਆਂ ਆਗਾਮੀ ਸੂਬਾਈ ਚੋਣਾਂ ਦੇ ਮੱਦੇਨਜ਼ਰ ਪੰਜਾਬ ਦੇ ਲੋਕ ਬਹੁਤ ਗੰਭੀਰ ਹਨ ਅਤੇ ਕਾਂਗਰਸ ਪਾਰਟੀ ਦੀ ਆਮਦ ਨੂੰ ਲੈ ਕੇ ਕਾਫੀ ਆਸਵੰਦ ਹਨ | ਲੋਕ ਭਲੀਭਾਂਤ ਜਾਣ ਚੁੱਕੇ ਹਨ ਕਿ ਪੰਜਾਬ ਦੇ ਬਹੁਪੱਖੀ ਵਿਕਾਸ ਟੀਚਿਆਂ ਦੀ ਪ੍ਰਾਪਤੀ ਲਈ ਕਾਂਗਰਸ ਪਾਰਟੀ ਦੀ ਸਖ਼ਤ ਲੋੜ ਹੈ | ਉਨ੍ਹਾਂ ਕਿਹਾ ਕਿ ਕਾਂਗਰਸ ਪਾਰਟੀ ਇੱਕਮੁੱਠ ਅਤੇ ਇੱਕਜੁੱਟ ਹੋ ਕੇ ਲੋਕਾਂ ਦੀਆਂ ਭਾਵਨਾਵਾਂ ਅਤੇ ਆਸ਼ਾਵਾਂ ਤੇ ਖਰੀ ਉੱਤਰੇਗੀ | ਪੰਜਾਬ ਵਿੱਚ ਫੈਲੇ ਨਸ਼ਿਆਂ ਦੇ ਬੋਲਬਾਲੇ ਅਤੇ ਗੈਂਗਸਟਰ ਰਾਜ ਨੂੰ ਤਦ ਹੀ ਠੱਲ੍ਹ ਪਵੇਗੀ |