28-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 10-05-2026

ਜਨਗਣਨਾ ਡਿਊਟੀਆਂ ਕਾਰਨ ਅਧਿਆਪਕਾਂ ਨੂੰ ਆ ਰਹੀਆਂ ਮੁਸ਼ਕਿਲਾਂ, ਬੀ. ਐੈੱਡ ਅਧਿਆਪਕ ਫ਼ਰੰਟ ਵਲੋਂ ਸਖ਼ਤ ਨਿਖੇਧੀ-ਬਿਲਗਾ/ਚੀਮਾ

ਅਜੀਤ ਡੈਸਕ 10-05-2026
ਕੁਹਾੜਾ, 9 ਮਈ (ਸੰਦੀਪ ਸਿੰਘ ਕੁਹਾੜਾ)-ਜਨਗਣਨਾ ਦੌਰਾਨ ਅਧਿਆਪਕਾਂ ਦੀਆਂ ਡਿਊਟੀਆਂ ਦੂਰ-ਦੁਰੇਡੇ ਅਤੇ ਕਈ ਥਾਵਾਂ 'ਤੇ ਇਕੱਠਿਆਂ ਲਗਾਏ ਜਾਣ ਦੇ ਮਾਮਲੇ 'ਤੇ ਬੀ. ਐੱਡ. ਅਧਿਆਪਕ ਫ਼ਰੰਟ ਵਲੋਂ ਸਖ਼ਤ ਨਿਖੇਧੀ ਕੀਤੀ ਗਈ ਹੈ | ਫ਼ਰੰਟ ਦੇ ਸੂਬਾ ਪ੍ਰਧਾਨ ਹਰਿੰਦਰ ਸਿੰਘ ਬਿਲਗਾ ਅਤੇ ਜ਼ਿਲ੍ਹਾ ਪ੍ਰਧਾਨ ਗੁਰਦੀਪ ਸਿੰਘ ਚੀਮਾ ਨੇ ਕਿਹਾ ਕਿ ਜਨਗਣਨਾ ਸਬੰਧੀ ਲਗਭਗ ਸਾਰੇ ਅਧਿਆਪਕਾਂ ਦੀਆਂ ਡਿਊਟੀਆਂ ਲੱਗ ਚੁੱਕੀਆਂ ਹਨ ਅਤੇ ਹਰ ਰੋਜ਼ ਟਰੇਨਿੰਗਾਂ ਵੀ ਚੱਲ ਰਹੀਆਂ ਹਨ | ਉਨ੍ਹਾਂ ਦੱਸਿਆ ਕਿ ਕਈ ਅਧਿਆਪਕਾਂ ਦੀ ਡਿਊਟੀ ਤਿੰਨ-ਤਿੰਨ ਥਾਵਾਂ 'ਤੇ ਲਗਾ ਦਿੱਤੀ ਗਈ ਹੈ, ਜਿਸ ਕਾਰਨ ਉਨ੍ਹਾਂ ਨੂੰ ਭਾਰੀ ਦਿੱਕਤਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ | ਉਨ੍ਹਾਂ ਕਿਹਾ ਕਿ ਅਧਿਆਪਕਾਂ ਨੂੰ ਡਿਊਟੀ ਜੁਆਇਨ ਨਾ ਕਰਨ ਸਬੰਧੀ ਨੋਟਿਸ ਜਾਰੀ ਕੀਤੇ ਜਾ ਰਹੇ ਹਨ, ਜਦਕਿ ਅਧਿਆਪਕ ਪਹਿਲਾਂ ਹੀ ਆਪਣੀਆਂ ਡਿਊਟੀਆਂ ਅਤੇ ਟਰੇਨਿੰਗਾਂ ਪੂਰੀ ਕਰ ਚੁੱਕੇ ਹਨ | ਨੋਟਿਸਾਂ ਦੇ ਜਵਾਬ ਲਈ ਰੋਜ਼ਾਨਾ ਅਧਿਕਾਰੀਆਂ ਵੱਲੋਂ ਪ੍ਰੇਸ਼ਾਨ ਕੀਤਾ ਜਾ ਰਿਹਾ ਹੈ | ਜ਼ਿਲ੍ਹਾ ਪ੍ਰਧਾਨ ਗੁਰਦੀਪ ਸਿੰਘ ਚੀਮਾ ਨੇ ਦੱਸਿਆ ਕਿ ਖ਼ਾਸ ਕਰ ਕੇ ਮਹਿਲਾ ਅਧਿਆਪਕਾਂ ਦੀਆਂ ਡਿਊਟੀਆਂ ਦੂਰ ਦਰਾਜ਼ ਇਲਾਕਿਆਂ ਵਿਚ ਲਗਾਈਆਂ ਗਈਆਂ ਹਨ | ਇਸ ਤੋਂ ਇਲਾਵਾ ਕਈ ਅਧਿਆਪਕਾਂ ਦੇ 14 ਮਈ ਤੋਂ ਪੇਪਰ ਵੀ ਹਨ, ਜਿਸ ਕਾਰਨ ਉਨ੍ਹਾਂ ਨੂੰ ਹੋਰ ਵਧ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਵੇਗਾ | ਸੂਬਾ ਪ੍ਰਧਾਨ ਹਰਵਿੰਦਰ ਸਿੰਘ ਬਿਲਗਾ ਨੇ ਕਿਹਾ ਕਿ ਜੇਕਰ ਭਵਿੱਖ ਵਿਚ ਵੀ ਜਨਗਣਨਾ ਅਤੇ ਹੋਰ ਡਿਊਟੀਆਂ ਦੌਰਾਨ ਅਧਿਆਪਕਾਂ ਨੂੰ ਬਿਨਾਂ ਵਜਾ ਨੋਟਿਸਾਂ ਰਾਹੀਂ ਪ੍ਰੇਸ਼ਾਨ ਕੀਤਾ ਗਿਆ ਤਾਂ ਜਥੇਬੰਦੀ ਵਲੋਂ ਅਧਿਆਪਕਾਂ ਦੇ ਹੱਕ ਵਿਚ ਸਖ਼ਤ ਰਵੱਈਆ ਅਪਣਾਇਆ ਜਾਵੇਗਾ |
ਪਿਛਲੀ ਖ਼ਬਰ ਖੰਨਾ ਵਿਖੇ ਕਿਰਤ ਮੰਤਰੀ ਤਰੁਨਪ੍ਰੀਤ ਸਿੰਘ ਸੌਂਦ ਦੀ ਰਿਹਾਇਸ਼ ਦਾ ਕੀਤਾ ਘਿਰਾਓ ਅਗਲੀ ਖ਼ਬਰ ਭਾਰਤੀ ਕਿਸਾਨ ਯੂਨੀ. ਡਕੌਂਦਾ ਵਲੋਂ 15 ਨੂੰ ਅਹਿਮ ਰੋਲ ਅਦਾ ਕੀਤਾ ਜਾਵੇਗਾ-ਘੁਡਾਣੀ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।