04-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 15-05-2026

ਜੰਗਲਾਤ ਵਿਭਾਗ ਦੀ ਅਣਦੇਖੀ ਕਾਰਨ ਈਸੜੂ ਬੀਟ ਹੋਈ ਲਾਵਾਰਿਸ-ਬੈਨੀਪਾਲ

ਅਜੀਤ ਡੈਸਕ 15-05-2026
ਖੰਨਾ, 14 ਮਈ (ਹਰਜਿੰਦਰ ਸਿੰਘ ਲਾਲ)-ਜੰਗਲਾਤ ਵਿਭਾਗ ਦੇ ਉੱਚ ਅਧਿਕਾਰੀਆਂ ਦੀ ਅਣਦੇਖੀ ਕਾਰਨ ਕਈ ਬੀਟਾਂ ਵਿੱਚ ਕਰਮਚਾਰੀਆਂ ਦੀ ਕਾਰਗੁਜ਼ਾਰੀ 'ਤੇ ਸਵਾਲ ਖੜ੍ਹੇ ਹੋ ਰਹੇ ਹਨ | ਇਲਾਕਾ ਵਾਸੀਆਂ ਦਾ ਦੋਸ਼ ਹੈ ਕਿ ਈਸੜੂ ਬੀਟ 'ਚ ਤਾਇਨਾਤ ਵਣ ਗਾਰਡ ਆਪਣੀ ਡਿਊਟੀ ਤੋਂ ਗ਼ੈਰਹਾਜ਼ਰ ਰਹਿੰਦੀ ਹੈ, ਜਿਸ ਕਾਰਨ ਬੀਟ ਲਾਵਾਰਿਸ ਬਣ ਕੇ ਰਹਿ ਗਈ ਹੈ | ਇਹ ਦੋਸ਼ ਪਿੰਡ ਰੋਹਣੋ ਖੁਰਦ ਦੇ ਨੰਬਰਦਾਰ ਸੰਤੋਖ ਸਿੰਘ ਬੈਨੀਪਾਲ ਨੇ ਲਾਏ | ਉਨ੍ਹਾਂ ਦੋਸ਼ ਲਾਇਆ ਕਿ ਪਿਛਲੇ ਕਰੀਬ 20 ਦਿਨਾਂ ਦੌਰਾਨ ਚੱਲੀਆਂ ਤੇਜ਼ ਹਨੇਰੀਆਂ ਕਾਰਨ ਈਸੜੂ ਬੀਟ ਦੇ ਏਰੀਏ 'ਚ ਮਹਾਂਦੇਵ ਕੋਲਡ ਸਟੋਰ ਨੇੜੇ ਸੜਕ ਕਿਨਾਰੇ ਖੜ੍ਹੇ ਦਰੱਖਤ ਡਿੱਗ ਗਏ ਸਨ, ਜਿਸ ਨਾਲ ਆਵਾਜਾਈ ਬੁਰੀ ਤਰ੍ਹਾਂ ਪ੍ਰਭਾਵਿਤ ਹੋ ਰਹੀ ਸੀ | ਉਨ੍ਹਾਂ ਕਿਹਾ ਕਿ ਕਈ ਦਿਨ ਤੱਕ ਦਰੱਖਤ ਸੜਕ 'ਤੇ ਪਿਆ ਰਿਹਾ ਪਰ ਵਣ ਗਾਰਡ ਵਲੋਂ ਕੋਈ ਕਾਰਵਾਈ ਨਹੀਂ ਕੀਤੀ ਗਈ | ਜਦੋਂ ਸੋਸ਼ਲ ਮੀਡੀਆ 'ਤੇ ਵੀਡੀਓ ਪਾ ਕੇ ਮਾਮਲਾ ਉਠਾਇਆ ਗਿਆ ਤਾਂ ਵਿਭਾਗ ਹਰਕਤ ਵਿੱਚ ਆਇਆ | ਬੈਨੀਪਾਲ ਨੇ ਦੱਸਿਆ ਕਿ 13 ਮਈ ਦੀ ਸ਼ਾਮ ਤੇਜ਼ ਹਨੇਰੀ ਕਾਰਨ ਈਸੜੂ ਦੇ ਖੰਨਾ-ਮਲੇਰਕੋਟਲਾ ਰੋਡ 'ਤੇ ਕਾਫ਼ੀ ਵੱਡੇ ਦਰੱਖਤ ਡਿਗ ਪਏ, ਜਿਸ ਨਾਲ ਆਵਾਜਾਈ ਪੂਰੀ ਤਰ੍ਹਾਂ ਪ੍ਰਭਾਵਿਤ ਹੋ ਗਈ | ਇਲਾਕਾ ਵਾਸੀਆਂ ਨੇ ਖ਼ੁਦ ਮਿਹਨਤ ਕਰਕੇ ਦਰੱਖਤਾਂ ਨੂੰ ਕੱਟਿਆ ਅਤੇ ਲੋਕਾਂ ਦੇ ਲੰਘਣ ਲਈ ਰਸਤਾ ਬਣਾਇਆ | ਉਨ੍ਹਾਂ ਦੱਸਿਆ ਕਿ ਪੂਰੀ ਰਾਤ ਰਾਹਗੀਰ ਲੋਕਾਂ ਦੀ ਮਦਦ ਨਾਲ ਹੀ ਸੜਕ ਪਾਰ ਕਰਦੇ ਰਹੇ | 14 ਮਈ ਦੀ ਸਵੇਰ ਨੂੰ ਬਲਾਕ ਅਫ਼ਸਰ ਦਵਿੰਦਰ ਸਿੰਘ ਮੌਕੇ 'ਤੇ ਪਹੁੰਚੇ ਅਤੇ ਸੜਕ 'ਤੇ ਡਿੱਗੇ ਦਰੱਖਤਾਂ ਨੂੰ ਹਟਵਾ ਕੇ ਆਵਾਜਾਈ ਮੁੜ ਚਾਲੂ ਕਰਵਾਈ | ਬੈਨੀਪਾਲ ਨੇ ਸਵਾਲ ਉਠਾਇਆ ਕਿ ਜੇ ਹਰ ਵਾਰ ਬਲਾਕ ਅਫ਼ਸਰ ਨੇ ਹੀ ਮੌਕੇ 'ਤੇ ਪਹੁੰਚਣਾ ਹੈ ਤਾਂ ਫਿਰ ਵਣ ਗਾਰਡ ਦੀ ਡਿਊਟੀ ਕੀ ਰਹਿ ਜਾਂਦੀ ਹੈ |
ਵਣ ਗਾਰਡ ਨੇ ਦੋਸ਼ ਨਕਾਰੇ
ਜਦੋਂ ਈਸੜੂ ਬੀਟ ਦੀ ਵਣ ਗਾਰਡ ਜੋਤੀ ਨਾਲ ਸੰਪਰਕ ਕੀਤਾ ਗਿਆ ਤਾਂ ਉਨ੍ਹਾਂ ਕਿਹਾ ਕਿ 2 ਬੰਦੇ ਮੌਕੇ 'ਤੇ ਕੰਮ ਕਰ ਰਹੇ ਹਨ ਅਤੇ ਮੇਰੇ ਕੋਲ ਫ਼ੋਟੋਆਂ ਵੀ ਹਨ | ਮੈਂ ਪਿਛਲੇ ਲੋਕਲ ਹੀ ਹਾਂ | ਇਸ ਤੋਂ ਇਲਾਵਾ ਮੇਰੀ ਜਨਗਣਨਾ 'ਚ ਅਤੇ ਲੁਧਿਆਣਾ ਡਿਵੀਜ਼ਨ ਵਿੱਚ ਵੀ ਡਿਊਟੀ ਲੱਗੀ ਹੋਈ ਹੈ | ਇਸ ਮੌਕੇ ਪਿਆਰਾ ਸਿੰਘ, ਐਡਵੋਕੇਟ ਵਿਪਨ ਕੁਮਾਰ ਰਿਖੀ, ਗੁਰਪ੍ਰੀਤ ਸਿੰਘ ਰੋਹਣੋ, ਕਰਨੈਲ ਸਿੰਘ ਰੋਹਣੋ, ਚੌਂਕੀਦਾਰ ਜਤਿੰਦਰ ਸਿੰਘ, ਗੁਰਦੀਪ ਸਿੰਘ ਲਿਬਲਾਨੀ, ਭੁਪਿੰਦਰ ਸਿੰਘ ਅਤੇ ਨੰਬਰਦਾਰ ਲਖਵੀਰ ਸਿੰਘ ਪੰਜਰੁੱਖਾ ਆਦਿ ਹਾਜ਼ਰ ਸਨ |
ਪਿਛਲੀ ਖ਼ਬਰ ਕਾਂਗਰਸ ਵਲੋਂ ਨਗਰ ਕੌਂਸਲ ਚੋਣਾਂ ਸਮਰਾਲਾ ਦੇ 15 ਉਮੀਦਵਾਰਾਂ ਦਾ ਐਲਾਨ ਅਗਲੀ ਖ਼ਬਰ ਬੀ. ਐੱਲ. ਓ ਆਪਣਾ ਕੰਮ ਬਿਨਾਂ ਕਿਸੇ ਪੱਖਪਾਤ ਤੋਂ ਇਮਾਨਦਾਰੀ ਨਾਲ ਕਰਨ-ਗਿੱਲ ਬੇਰਕਲ੍ਹਾਂ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।