ਮਾਛੀਵਾੜਾ ਸਾਹਿਬ, 16 ਮਈ (ਰਾਜਦੀਪ ਅਲਬੇਲਾ)- ਨੇੜਲੇ ਪਿੰਡ ਉਧੋਵਾਲ ਕਲਾਂ ਵਿਖੇ ਸੜਕ ਹਾਦਸੇ ਵਿਚ ਕਾਰ ਚਾਲਕ ਗੁਰਦੀਪ ਸਿੰਘ (55) ਵਾਸੀ ਕਿ੍ਸ਼ਨਾ ਨਗਰ ਖੰਨਾ ਦੀ ਮੌਤ ਹੋ ਗਈ | ਜਾਣਕਾਰੀ ਅਨੁਸਾਰ ਗੁਰਦੀਪ ਸਿੰਘ ਜੋ ਕਿ ਵਾਲ ਪੇਟਿੰਗ ਦਾ ਕੰਮ ਕਰਦਾ ਸੀ ਅਤੇ ਕੰਮ ਦੇ ਪੈਸੇ ਲੈਣ ਲਈ ਆਪਣੀ ਕਾਰ ਰਾਹੀਂ ਖੰਨਾ ਤੋਂ ਨਵਾਂਸ਼ਹਿਰ ਵੱਲ ਜਾ ਰਿਹਾ ਸੀ | ਰਸਤੇ ਵਿਚ ਪਿੰਡ ਉਧੋਵਾਲ ਨੇੜ੍ਹੇ ਅਚਾਨਕ ਸਾਹਮਣੇ ਤੋਂ ਆ ਰਹੇ ਟਰੈਕਟਰ-ਟਰਾਲੀ ਨਾਲ ਉਸਦੀ ਸਿੱਧੀ ਟੱਕਰ ਹੋ ਗਈ | ਇਸ ਹਾਦਸੇ ਵਿਚ ਕਾਰ ਦੇ ਪਰਖੱਚੇ ਉੱਡ ਗਏ ਅਤੇ ਚਾਲਕ ਗੁਰਦੀਪ ਸਿੰਘ ਦੀ ਮੌਕੇ 'ਤੇ ਹੀ ਮੌਤ ਹੋ ਗਈ | ਘਟਨਾ ਦੀ ਸੂਚਨਾ ਮਿਲਦੇ ਹੀ ਸਹਾਇਕ ਥਾਣੇਦਾਰ ਹਾਕਮ ਸਿੰਘ ਵੀ ਮੌਕੇ 'ਤੇ ਪਹੁੰਚ ਗਏ ਜਿਨ੍ਹਾਂ ਵਲੋਂ ਮਿ੍ਤਕ ਦੇ ਪਰਿਵਾਰਕ ਮੈਂਬਰਾਂ ਨੂੰ ਸੂਚਿਤ ਕਰ ਦਿੱਤਾ ਹੈ | ਹਾਦਸੇ ਦੌਰਾਨ ਟਰੈਕਟਰ ਚਾਲਕ ਵੀ ਜਖ਼ਮੀ ਹੋਇਆ ਦੱਸਿਆ ਜਾ ਰਿਹਾ ਹੈ ਜੋ ਕਿ ਮੌਕੇ ਤੋਂ ਫ਼ਰਾਰ ਹੋ ਗਿਆ | ਉਨ੍ਹਾਂ ਦੱਸਿਆ ਕਿ ਲਾਸ਼ ਨੂੰ ਕਬਜੇ 'ਚ ਕਰ ਪੋਸਟ ਮਾਰਟਮ ਲਈ ਭੇਜ ਦਿੱਤਾ ਹੈ ਅਤੇ ਮਿ੍ਤਕ ਦੇ ਪਰਿਵਾਰਕ ਮੈਂਬਰਾਂ ਦੇ ਬਿਆਨਾਂ ਦੇ ਅਧਾਰ 'ਤੇ ਟਰੈਕਟਰ ਚਾਲਕ ਖ਼ਿਲਾਫ਼ ਕਾਨੂੰਨੀ ਕਾਰਵਾਈ ਅਮਲ ਵਿਚ ਲਿਆਂਦੀ ਜਾਵੇਗੀ |