ਜਗਰਾਉਂ, 17 ਮਈ (ਹਰਵਿੰਦਰ ਸਿੰਘ ਖ਼ਾਲਸਾ)-ਪੰਜਾਬ ਭਰ ਦੇ ਸਫ਼ਾਈ ਸੇਵਕਾਂ ਤੇ ਮਿਊਾਸੀਪਲ ਕਾਮਿਆਂ ਦੇ ਚੱਲ ਰਹੇ ਤਿੱਖੇ ਸੰਘਰਸ਼ ਤੋਂ ਘਬਰਾਈ ਪੰਜਾਬ ਸਰਕਾਰ ਹੁਣ ਬੈਕਫੁੱਟ 'ਤੇ ਨਜ਼ਰ ਆ ਰਹੀ ਹੈ | ਨਗਰ ਕੌਂਸਲ ਜਗਰਾਉਂ ਵਿਖੇ ਸਫ਼ਾਈ ਸੇਵਕਾਂ ਤੇ ਮਿਊਾਸੀਪਲ ਕਾਮਿਆਂ ਦਾ ਧਰਨਾ ਜਾਰੀ ਹੈ | ਇਸ ਸੰਘਰਸ਼ ਨੂੰ ਢਾਹ ਲਾਉਣ ਲਈ ਅੱਜ ਦਿਨ ਐਤਵਾਰ ਨੂੰ ਸਰਕਾਰੀ ਅਧਿਕਾਰੀ ਅਤੇ ਪੁਲਿਸ ਪ੍ਰਸ਼ਾਸਨ ਤਰਲੋ-ਮੱਛੀ ਹੁੰਦੇ ਰਹੇ, ਪਰ ਸਫ਼ਾਈ ਕਾਮਿਆਂ ਨੇ ਸਰਕਾਰ ਦੇ ਝੂਠੇ ਲਾਰਿਆਂ ਤੇ ਦਬਾਅ ਅੱਗੇ ਝੁਕਣ ਤੋਂ ਸਾਫ਼ ਇਨਕਾਰ ਕਰ ਦਿੱਤਾ | ਇਹ ਪ੍ਰਗਟਾਵਾ ਸਫ਼ਾਈ ਸੇਵਕ ਯੂਨੀਅਨ ਦੇ ਜ਼ਿਲ੍ਹਾ ਪ੍ਰਧਾਨ ਅਰੁਣ ਗਿੱਲ ਨੇ ਨਗਰ ਕੌਂਸਲ ਜਗਰਾਉਂ ਵਿਖੇ ਚੱਲ ਰਹੇ ਧਰਨੇ ਦੌਰਾਨ ਕੀਤਾ | ਉਨ੍ਹਾਂ ਕਿਹਾ ਕਿ ਸਰਕਾਰ ਨੇ ਆਪਣੇ ਅਧਿਕਾਰੀਆਂ ਤੇ ਪੁਲਿਸ ਪ੍ਰਸ਼ਾਸਨ ਨੂੰ ਅੱਗੇ ਕਰਕੇ ਸੰਘਰਸ਼ ਨੂੰ ਖ਼ਤਮ ਕਰਨ ਲਈ ਹਰ ਤਰ੍ਹਾਂ ਦੇ ਹਥਕੰਡੇ ਵਰਤੇ ਜਾ ਰਹੇ ਹਨ | ਦੇਰ ਰਾਤ ਤੱਕ ਪੁਲਿਸ ਅਧਿਕਾਰੀਆਂ ਨਾਲ ਮੀਟਿੰਗਾਂ ਚੱਲਦੀਆਂ ਰਹੀਆਂ, ਜਦਕਿ ਐਤਵਾਰ ਨੂੰ ਸਵੇਰੇ ਤੋਂ ਹੀ ਤਹਿਸੀਲਦਾਰ ਰੇਸ਼ਮ ਸਿੰਘ ਤੇ ਸਿਟੀ ਥਾਣਾ ਮੁਖੀ ਪਰਮਿੰਦਰ ਸਿੰਘ ਨਗਰ ਕੌਂਸਲ ਜਗਰਾਉਂ ਅੰਦਰ ਡਟੇ ਰਹੇ | ਅਧਿਕਾਰੀਆਂ ਵਲੋਂ ਵਾਰ-ਵਾਰ ਧਰਨਾਕਾਰੀਆਂ ਨੂੰ ਸਰਕਾਰ ਦੇ ਜਲਦ ਹੱਲ ਦੇ ਦਿਲਾਸੇ ਦੇ ਕੇ ਧਰਨਾ ਖ਼ਤਮ ਕਰਨ ਲਈ ਕਿਹਾ ਗਿਆ, ਪਰ ਸੰਘਰਸ਼ ਕਰ ਰਹੇ ਸਫ਼ਾਈ ਕਾਮਿਆਂ ਨੇ ਇਕਸੁਰ 'ਚ ਕਿਹਾ ਕਿ ਜਦ ਤੱਕ ਪੰਜਾਬ ਪੱਧਰੀ ਬਾਡੀ ਵਲੋਂ ਲਿਖਤੀ ਨੋਟੀਫਿਕੇਸ਼ਨ ਜਾਂ ਸਪੱਸ਼ਟ ਸੰਦੇਸ਼ ਨਹੀਂ ਆਉਂਦਾ, ਧਰਨਾ ਕਿਸੇ ਵੀ ਕੀਮਤ 'ਤੇ ਸਮਾਪਤ ਨਹੀਂ ਕੀਤਾ ਜਾਵੇਗਾ | ਪ੍ਰਧਾਨ ਅਰੁਣ ਗਿੱਲ ਨੇ ਕਿਹਾ ਕਿ ਇਹ ਹਾਲਾਤ ਸਿਰਫ਼ ਜਗਰਾਉਂ ਤੱਕ ਸੀਮਿਤ ਨਹੀਂ, ਸਗੋਂ ਪੂਰੇ ਪੰਜਾਬ 'ਚ ਸਰਕਾਰ ਦੇ ਖਿਲਾਫ਼ ਰੋਸ ਭੜਕਿਆ ਹੋਇਆ ਹੈ | ਉਨ੍ਹਾਂ ਦੋਸ਼ ਲਾਇਆ ਕਿ ਸਰਕਾਰ ਹੁਣ ਚੋਣ ਜਾਬਤੇ ਦਾ ਬਹਾਨਾ ਬਣਾ ਕੇ ਨੋਟੀਫਿਕੇਸ਼ਨ ਜਾਰੀ ਕਰਨ ਤੋਂ ਭੱਜ ਰਹੀ ਹੈ, ਜਦਕਿ ਸੰਘਰਸ਼ ਤਾਂ 6 ਮਈ ਤੋਂ ਲਗਾਤਾਰ ਚੱਲ ਰਿਹਾ ਹੈ ਤੇ ਚੋਣਾਂ ਦਾ ਐਲਾਨ ਉਸ ਤੋਂ ਕਈ ਦਿਨ ਬਾਅਦ ਹੋਇਆ | ਉਨ੍ਹਾਂ ਕਿਹਾ ਕਿ ਸਰਕਾਰ ਆਪਣੇ ਕੀਤੇ ਵਾਅਦਿਆਂ ਤੋਂ ਮੁਕਰ ਰਹੀ ਹੈ | ਉਨ੍ਹਾਂ ਚਿਤਾਵਨੀ ਦਿੱਤੀ ਕਿ ਜਦ ਤੱਕ ਸਰਕਾਰ ਲਿਖਤੀ ਤੌਰ 'ਤੇ ਮੰਗਾਂ ਮੰਨ ਕੇ ਨੋਟੀਫਿਕੇਸ਼ਨ ਜਾਰੀ ਨਹੀਂ ਕਰਦੀ, ਉਦੋਂ ਤੱਕ ਪੰਜਾਬ ਦੇ ਸਮੂਹ ਸਫ਼ਾਈ ਸੇਵਕ ਤੇ ਮਿਊਾਸੀਪਲ ਕਾਮੇ ਸੰਘਰਸ਼ ਨੂੰ ਹੋਰ ਤਿੱਖਾ ਕਰਨਗੇ | ਇਸ ਮੌਕੇ ਧਰਨਾਕਾਰੀਆਂ ਵਲੋਂ ਪੰਜਾਬ ਸਰਕਾਰ ਖ਼ਿਲਾਫ਼ ਜ਼ੋਰਦਾਰ ਨਾਅਰੇਬਾਜ਼ੀ ਕੀਤੀ ਗਈ | ਅੱਜ ਦੇ ਸੰਘਰਸ਼ 'ਚ ਪੇਂਡੂ ਮਜ਼ਦੂਰ ਯੂਨੀਅਨ ਦੇ ਪ੍ਰਧਾਨ ਅਵਤਾਰ ਸਿੰਘ ਤਾਰੀ, ਕਿਰਤੀ ਕਿਸਾਨ ਯੂਨੀਅਨ ਦੇ ਸੁਖਦੇਵ ਸਿੰਘ ਮਾਣੂੰਕੇ ਵਿਸ਼ੇਸ਼ ਤੌਰ 'ਤੇ ਸਹਿਯੋਗ ਦੇਣ ਲਈ ਸ਼ਾਮਿਲ ਹੋਏ |