ਮਲੌਦ, 17 ਮਈ (ਸਹਾਰਨ ਮਾਜਰਾ)-ਪਿਛਲੇ ਕਰੀਬ 27 ਸਾਲਾਂ ਤੋਂ ਸੰਗਤਾਂ ਦੀ ਸੇਵਾ 'ਚ ਜੁਟੇ ਨਿਰਮਲ ਡੇਰਾ ਬੇਰ ਕਲਾਂ ਵਲੋਂ ਡੇਰੇ ਦੇ ਬਾਨੀ ਮਹਾਂਪੁਰਖ ਸੰਤ ਬਾਬਾ ਠਾਕੁਰ ਗੁਲਾਬ ਸਿੰਘ ਦੀ ਬੰਦਗੀ ਸੇਵਾ ਸਿਮਰਨ ਸਦਕਾ ਸ੍ਰੀ ਹੇਮਕੁੰਟ ਸਾਹਿਬ ਦੇ ਰਸਤੇ ਵਿਚ ਸ਼ੁਸ਼ੋਭਿਤ ਗੁਰਦੁਆਰਾ ਦਮਦਮਾ ਸਾਹਿਬ ਨਗਰਾਸੂ ਉੱਤਰਾਖੰਡ ਵਿਖੇ ਸੰਤ ਬਾਬਾ ਸੁਖਦੇਵ ਸਿੰਘ ਲੰਗਰਾਂ ਵਾਲਿਆਂ ਵਲੋਂ ਸੰਗਤਾਂ ਦੀ ਨਿਸ਼ਕਾਮ ਸੇਵਾ ਲਈ ਲੰਗਰਾਂ ਵਾਸਤੇ ਰਾਸ਼ਨ ਭਰੀਆਂ ਗੱਡੀਆਂ ਦਮਦਮੀ ਟਕਸਾਲ ਦੇ ਬੁਲਾਰੇ ਬਾਬਾ ਸੁਖਦੇਵ ਸਿੰਘ ਅਤੇ ਸੰਤ ਬਾਬਾ ਬੇਅੰਤ ਸਿੰਘ ਲੰਗਰਾਂ ਵਾਲੇ, ਸੰਤ ਬਾਬਾ ਸੁਖਦੇਵ ਸਿੰਘ ਕਾਰ ਸੇਵਾ ਵਾਲਿਆਂ ਵਲੋਂ ਸਾਂਝੇ ਤੌਰ 'ਤੇ ਨਗਰਾਸੂ ਉਤਰਾਖੰਡ ਲਈ ਰਵਾਨਾ ਕੀਤੀਆਂ ਗਈਆਂ | ਇਸ ਮੌਕੇ ਸੰਗਤਾਂ ਨਾਲ ਵਿਚਾਰ ਸਾਂਝੇ ਕਰਦਿਆਂ ਕਿਹਾ ਕਿ ਇਹ ਸੇਵਾਵਾਂ ਲਗਾਤਾਰ 5 ਮਹੀਨੇ ਨਿਰੰਤਰ ਚੱਲਣਗੀਆਂ, ਜਿਸ 'ਚ ਗੁਰਦੁਆਰਾ ਦਮਦਮਾ ਸਾਹਿਬ ਵਲੋਂ ਰੋਜ਼ਾਨਾ 24 ਘੰਟੇ ਲੰਗਰ ਸੇਵਾ, ਦਵਾਈਆਂ, ਰਿਹਾਇਸ਼ ਤੇ ਕਥਾ ਕੀਰਤਨ ਦੀਆਂ ਸੇਵਾਵਾਂ ਆਦਿ ਦਿੱਤੀਆਂ ਜਾਣਗੀਆਂ | ਸੰਤ ਸੁਖਦੇਵ ਸਿੰਘ ਨੇ ਦੱਸਿਆ ਕਿ ਸੰਤ ਬਾਬਾ ਬੇਅੰਤ ਸਿੰਘ ਕਾਰ ਸੇਵਾ ਲੰਗਰਾਂ ਵਾਲੇ ਸੇਵਕਾਂ ਦੇ ਵੱਡੇ ਕਾਫ਼ਲੇ ਨਾਲ ਨਗਰਾਸੂ ਹੇਮਕੁੰਟ ਸਾਹਿਬ ਵਿਖੇ ਪਹੁੰਚ ਕੇ ਸੇਵਾਵਾਂ ਨਿਭਾਉਣ ਲੱਗ ਪਏ ਹਨ | ਇਸੇ ਕੜੀ ਤਹਿਤ 24 ਘੰਟੇ ਚੱਲ ਰਹੇ ਲੰਗਰਾਂ ਦੀ ਸੇਵਾ ਵਾਸਤੇ ਨਿਰਮਲ ਡੇਰਾ ਬੇਰ ਕਲਾਂ ਤੋਂ ਅਰਦਾਸ ਬੇਨਤੀ ਕਰਨ ਉਪਰੰਤ ਰਾਸ਼ਣ ਭਰੀਆਂ ਗੱਡੀਆਂ ਨਗਰਾਸੂ ਲਈ ਭੇਜ ਦਿੱਤੀਆਂ ਗਈਆਂ ਹਨ | ਇਨ੍ਹਾਂ ਲੰਗਰ ਰਸਦਾਂ ਵਿਚ ਬਾਸਮਤੀ ਚੌਲ, ਦੇਸੀ ਘਿਓ, ਸਰੋਂ ਦਾ ਤੇਲ, ਦਾਲਾਂ, ਬੇਸਣ, ਆਚਾਰ, ਮਿਰਚ ਮਸਾਲੇ, ਚਾਹ, ਸੁਕਾ ਦੁੱਧ, ਆਟਾ, ਮੈਦਾ, ਚੀਨੀ ਖੰਡ ਆਦਿ ਰਾਸ਼ਣ ਸ਼ਾਮਿਲ ਹੈ | ਉਨ੍ਹਾਂ ਸੰਗਤਾਂ ਨੂੰ ਅਪੀਲ ਕੀਤੀ ਕਿ ਕੋਈ ਵੀ ਵਿਅਕਤੀ ਇਨ੍ਹਾਂ ਲੰਗਰ ਸੇਵਾਵਾਂ 'ਚ ਯੋਗਦਾਨ ਪਾ ਸਕਦਾ ਹੈ | ਸੰਤ ਸੁਖਦੇਵ ਸਿੰਘ ਨੇ ਕਿਹਾ ਕਿ ਨਿਰਮਲ ਡੇਰਾ ਬੇਰ ਕਲਾਂ ਪਿਛਲੇ 27 ਸਾਲਾਂ ਤੋਂ ਮਨੁੱਖਤਾ ਦੀ ਸੇਵਾ ਤੇ ਭਲਾਈ ਲਈ ਬਹੁਤ ਵੱਡੀ ਪੱਧਰ 'ਤੇ ਯਤਨ ਕਰਦਾ ਆ ਰਿਹਾ ਹੈ | ਸੈਂਕੜੇ ਲੜਕੀਆਂ ਦੀਆਂ ਸ਼ਾਦੀਆਂ, ਵੱਖ-ਵੱਖ ਬਿਮਾਰੀਆਂ ਦੇ ਇਲਾਜ ਲਈ ਕੈਂਪ, ਕਿਸਾਨੀ ਸੰਘਰਸ਼ ਦੌਰਾਨ ਵੱਡੀਆਂ ਸੇਵਾਵਾਂ ਤੋਂ ਇਲਾਵਾ ਹਮੇਸ਼ਾ ਮਾਨਵਤਾ ਦੀ ਭਲਾਈ ਲਈ ਦਿਨ ਰਾਤ ਸੇਵਾਵਾਂ ਨਿਭਾਈਆਂ ਜਾ ਰਹੀਆਂ ਹਨ | ਇਸ ਮੌਕੇ ਭਾਈ ਸਵਰਨਜੀਤ ਸਿੰਘ ਸੋਨੀ, ਬਾਬਾ ਵਾਹਿਗੁਰੂ ਸਿੰਘ, ਸਿਕੰਦਰ ਸਿੰਘ, ਜ਼ੈਲਦਾਰ ਪਲਵਿੰਦਰ ਸਿੰਘ, ਪਰਗਟ ਸਿੰਘ, ਭੋਲਾ ਸਿੰਘ, ਸੁਖਦੇਵ ਸਿੰਘ, ਜਗਰੂਪ ਸਿੰਘ, ਫਰਮਾਨ ਸਿੰਘ, ਸਤਨਾਮ ਸਿੰਘ, ਭੋਲਾ ਸਿੰਘ, ਰਾਜਿੰਦਰ ਸਿੰਘ, ਜਗਦੇਵ ਸਿੰਘ, ਨਾਜ਼ਰ ਸਿੰਘ, ਨਿਰਮਲ ਸਿੰਘ ਆਦਿ ਸੇਵਾਦਾਰ ਹਾਜ਼ਰ ਸਨ |