ਰਾਏਕੋਟ, 17 ਮਈ (ਬਲਵਿੰਦਰ ਸਿੰਘ ਲਿੱਤਰ)-ਸੰਯੁਕਤ ਕਿਸਾਨ ਮੋਰਚਾ ਪੰਜਾਬ ਦੇ ਸੱਦੇ 'ਤੇ ਭਾਰਤੀ ਕਿਸਾਨ ਯੂਨੀਅਨ ਏਕਤਾ (ਉਗਰਾਹਾਂ) ਬਲਾਕ ਰਾਏਕੋਟ ਵਲੋਂ ਸਥਾਨਕ ਸ਼ਹਿਰ 'ਚ ਕੇਂਦਰ ਦੀ ਭਾਜਪਾ ਸਰਕਾਰ ਤੇ ਪੰਜਾਬ ਦੇ ਰਾਜਪਾਲ ਦਾ ਪੁਤਲਾ ਫੂਕ ਕੇ ਜ਼ੋਰਦਾਰ ਰੋਸ ਪ੍ਰਦਰਸ਼ਨ ਕੀਤਾ | ਇਸ ਸਮੇਂ ਬੀ. ਕੇ. ਯੂ. (ਉਗਰਾਹਾਂ) ਦੇ ਜ਼ਿਲ੍ਹਾ ਪ੍ਰਧਾਨ ਮਾ. ਚਰਨ ਸਿੰਘ ਨੂਰਪੁਰਾ ਨੇ ਦੱਸਿਆ ਕਿ 15 ਮਈ ਨੂੰ ਪੰਜਾਬ ਦੇ ਰਾਜਪਾਲ ਨੂੰ ਕਿਸਾਨੀ ਮੰਗਾਂ ਸੰਬੰਧੀ ਮੰਗ-ਪੱਤਰ ਦੇਣ ਲਈ ਚੰਡੀਗੜ੍ਹ ਜਾ ਰਹੇ ਕਿਸਾਨਾਂ 'ਤੇ ਪੁਲਿਸ ਵਲੋਂ ਅੰਨ੍ਹੇਵਾਹ ਲਾਠੀਚਾਰਜ ਕੀਤਾ | ਸ਼ਾਂਤਮਈ ਮਾਰਚ ਕਰ ਰਹੇ ਕਿਸਾਨਾਂ 'ਤੇ ਪਾਣੀ ਦੀਆਂ ਬੁਛਾੜਾਂ ਮਾਰੀਆਂ ਗਈਆਂ ਤੇ ਅੱਥਰੂ ਗੈਸ ਦੇ ਗੋਲੇ ਦਾਗੇ ਗਏ | ਇਸ ਦਮਨਕਾਰੀ ਕਾਰਵਾਈ ਦੇ ਰੋਸ ਵਜੋਂ ਪੂਰੇ ਪੰਜਾਬ 'ਚ ਪੁਤਲੇ ਫੂਕੇ ਗਏ ਹਨ | ਉਨ੍ਹਾਂ ਕਿਹਾ ਕਿ ਸਰਕਾਰ ਲੋਕਤੰਤਰ ਦਾ ਗਲਾ ਘੁੱਟ ਰਹੀ ਹੈ, ਕਿਸਾਨ ਆਪਣੀਆਂ ਹੱਕੀਂ ਮੰਗਾਂ ਲਈ ਰਾਜਪਾਲ ਨੂੰ ਮਿਲਣ ਵੀ ਨਹੀਂ ਜਾ ਸਕਦੇ? ਲਾਠੀਆਂ-ਗੋਲਿਆਂ ਨਾਲ ਸਾਡੀ ਆਵਾਜ਼ ਦਬਾਈ ਨਹੀਂ ਜਾ ਸਕਦੀ | ਫ਼ਸਲਾਂ ਦੀ ਐੱਮ. ਐੱਸ. ਪੀ. ਗਾਰੰਟੀ ਕਾਨੂੰਨ, ਕਰਜ਼ਾ ਮੁਆਫ਼ੀ ਆਦਿ ਮੰਗਾਂ ਦੀ ਪੂਰਤੀ ਤੱਕ ਸਾਡਾ ਸੰਘਰਸ਼ ਜਾਰੀ ਰਹੇਗਾ | ਰੋਸ ਪ੍ਰਦਰਸ਼ਨ ਦੌਰਾਨ ਕਿਸਾਨ ਪ੍ਰਦਰਸ਼ਨਕਾਰੀਆਂ ਨੇ 'ਕਿਸਾਨ ਏਕਤਾ ਜ਼ਿੰਦਾਬਾਦ', 'ਭਾਜਪਾ ਸਰਕਾਰ ਮੁਰਦਾਬਾਦ' ਤੇ 'ਰਾਜਪਾਲ ਹਾਏ-ਹਾਏ' ਦੇ ਨਾਅਰੇ ਲਗਾਏ | ਕਿਸਾਨ ਆਗੂਆਂ ਨੇ ਚਿਤਾਵਨੀ ਦਿੱਤੀ ਕਿ ਜੇਕਰ ਸਰਕਾਰ ਨੇ ਦਮਨ ਦੀ ਨੀਤੀ ਨਾ ਛੱਡੀ ਤਾਂ ਆਉਣ ਵਾਲੇ ਦਿਨਾਂ 'ਚ ਸੰਘਰਸ਼ ਹੋਰ ਤਿੱਖਾ ਕੀਤਾ ਜਾਵੇਗਾ | ਇਸ ਮੌਕੇ ਕਰਮਜੀਤ ਸਿੰਘ ਦਾਖਾ, ਬਲਵਿੰਦਰ ਸਿੰਘ ਦਾਖਾ, ਬਲਵਿੰਦਰ ਦੱਧਾਹੂਰ, ਪਰਮਿੰਦਰ ਸਿੰਘ ਲੋਹਟਬੱਦੀ, ਦਰਬਾਰਾ ਸਿੰਘ ਰਾਏਕੋਟ, ਮਨਜੀਤ ਸਿੰਘ ਰਾਏਕੋਟ, ਦੁੱਲਾ ਸਿੰਘ, ਜੁਗਰਾਜ ਸਿੰਘ, ਹਰਦੇਵ ਸਿੰਘ ਦੱਧਾਹੂਰ, ਲਖਵੀਰ ਸਿੰਘ ਦੱਧਾਹੂਰ, ਅਮਰ ਸਿੰਘ ਨੂਰਪੁਰਾ ਸਮੇਤ ਵੱਡੀ ਗਿਣਤੀ 'ਚ ਕਿਸਾਨ ਹਾਜ਼ਰ ਸਨ |