ਸਮਰਾਲਾ 'ਚ ਨਗਰ ਕੌਂਸਲ ਚੋਣਾਂ ਲਈ 50 ਉਮੀਦਵਾਰ ਚੋਣ ਮੈਦਾਨ ਵਿਚ <br/>
ਅਜੀਤ ਡੈਸਕ
20-05-2026
ਸਾਰੀਆਂ ਵਿਰੋਧੀ ਪਾਰਟੀਆਂ ਵਲੋਂ ਆਪਣੇ -ਆਪਣੇ ਉਮੀਦਵਾਰ ਦੇ ਕਾਗਜ਼ ਰੱਦ ਹੋਣ ਤੋਂ ਬਚਾਉਣ ਲਈ ਬੀਤੀ ਦੇਰ ਰਾਤ ਚੱਲੀ ਕਸ਼ਮਕਸ਼ ਅਤੇ ਸੰਘਰਸ਼ ਉਪਰੰਤ ਕਾਂਗਰਸ ਪਾਰਟੀ ਆਪਣੇ ਰੱਦ ਕੀਤੇ ਗਏ 3 ਵਾਰਡਾਂ ਵਿਚਲੇ ਉਮੀਦਵਾਰਾਂ ਲਈ ਅਗਲੀ ਕਾਨੂੰਨੀ ਕਾਰਵਾਈ ਦੀਆਂ ਵਿਉਂਤਾਂ ਘੜ ਹੀ ਰਹੀ ਸੀ ਕਿ ਇੱਕ ਅਚਾਨਕ ਵਾਪਰੇ ਘਟਨਾ ਕਰਮ ਵਿੱਚ ਕਾਂਗਰਸ ਪਾਰਟੀ ਦੀ ਵਾਰਡ ਨੰਬਰ 13 ਤੋਂ ਇਕਲੋਤੀ ਉਮੀਦਵਾਰ ਬਲਵਿੰਦਰ ਕੌਰ ਨੇ ਆਪਣੇ ਨਾਮਜ਼ਦਗੀ ਪੇਪਰ ਅਚਾਨਕ ਵਾਪਸ ਲੈ ਲਏ | ਵਾਰਡ ਨੰਬਰ 13 ਸਾਬਕਾ ਕਾਂਗਰਸੀ ਵਿਧਾਇਕ ਅਮਰੀਕ ਸਿੰਘ ਢਿੱਲੋਂ ਅਤੇ ਸਮਰਾਲਾ ਹਲਕੇ ਤੋਂ ਵਿਧਾਨ ਸਭਾ ਦੀ ਚੋਣ ਲਈ ਐਲਾਨੇ ਹੋਏ ਅਕਾਲੀ ਦਲ ਦੇ ਉਮੀਦਵਾਰ ਪਰਮਜੀਤ ਸਿੰਘ ਢਿੱਲੋਂ ਦਾ ਆਪਣਾ ਵਾਰਡ ਹੈ ਜਿਸ ਵਿੱਚ ਦੋਵੇਂ ਆਗੂਆਂ ਦੀ ਰਿਹਾਇਸ਼ ਵੀ ਹੈ | ਭਾਵੇਂ ਇਸ ਅਹਿਮ ਵਾਰਡ ਵਿਚੋਂ ਨਗਰ ਕੌਂਸਲ ਚੋਣਾਂ ਲਈ ਕਾਂਗਰਸ ਦੇ ਉਮੀਦਵਾਰ ਦੇ ਕਾਗ਼ਜ਼ ਵਾਪਸ ਕਰਵਾਉਣ ਨੂੰ ਸਮਰਾਲੇ ਦੀ ਰਾਜਨੀਤੀ ਵਿੱਚ ਵੱਡੇ ਘਟਨਾ ਕ੍ਰਮ ਵਜੋਂ ਵੇਖਿਆ ਜਾ ਰਿਹਾ ਹੈ ਅਤੇ ਪੁਰਾਣੇ ਕਾਂਗਰਸੀ ਢਿੱਲੋਂ ਪਰਿਵਾਰ ਤੇ ਮੌਜੂਦਾ ਕਾਂਗਰਸੀ ਹਲਕਾ ਇੰਚਾਰਜ ਰੁਪਿੰਦਰ ਸਿੰਘ ਰਾਜਾ ਗਿੱਲ ਵਿਚਕਾਰ ਚੱਲ ਰਿਹਾ 36 ਦਾ ਅੰਕੜਾ ਇਸ ਮਾਮਲੇ ਵਿੱਚ ਪੜਦੇ ਪਿੱਛੇ ਵੱਡੀ ਰਾਜਸੀ ਖੇਡ ਦੱਸਿਆ ਜਾ ਰਿਹਾ ਹੈ |