ਮਲੌਦ, 19 ਮਈ (ਕੁਲਵਿੰਦਰ ਸਿੰਘ ਨਿਜ਼ਾਮਪੁਰ)-ਨਗਰ ਕੌਂਸਲਾਂ ਦੀਆਂ ਹੋ ਰਹੀਆਂ ਚੋਣਾਂ ਦੌਰਾਨ ਵਿਧਾਨ ਸਭਾ ਹਲਕਾ ਪਾਇਲ ਅੰਦਰ ਪਾਇਲ ਅਤੇ ਦੋਰਾਹਾ ਸ਼ਹਿਰ ਦੀ ਨਗਰ ਕੌਂਸਲ ਚੋਣਾਂ ਦਾ ਚੋਣ ਪ੍ਰਚਾਰ ਵੀ ਪੂਰੇ ਜ਼ੋਰਾਂ ਉੱਪਰ ਹੈ | ਦੂਜੇ ਪਾਸੇ ਪ੍ਰਚਾਰ ਦੇ ਨਾਲ-ਨਾਲ ਆਮ ਚਰਚਾ ਵਿਚ ਹਲਕਾ ਪਾਇਲ ਦੇ ਵਿਧਾਇਕ ਇੰਜ: ਮਨਵਿੰਦਰ ਸਿੰਘ ਗਿਆਸਪੁਰਾ ਵਲੋਂ ਕਿਸੇ ਵੀ ਸਿਆਸੀ ਵਿਰੋਧੀ ਪਾਰਟੀ ਵਾਲੇ ਉਮੀਦਵਾਰ ਦੇ ਕਾਗਜ਼ ਰੱਦ ਨਾ ਕਰਵਾ ਕੇ ਵਾਹ-ਵਾਹ ਖੱਟੀ ਜਾ ਰਹੀ ਹੈ | ਇਹ ਪ੍ਰਗਟਾਵਾ ਆਮ ਆਦਮੀ ਪਾਰਟੀ ਹਲਕਾ ਪਾਇਲ ਦੇ ਸੋਸ਼ਲ ਮੀਡੀਆ ਇੰਚਾਰਜ ਤੇ ਸਰਪੰਚ ਅਮਰਦੀਪ ਸਿੰਘ ਕੂਹਲੀ ਖ਼ੁਰਦ ਨੇ ਕਰਦਿਆਂ ਕਿਹਾ ਕਿ ਵਿਰੋਧੀ ਕਾਂਗਰਸੀ ਭਾਵੇਂ ਆਪਣੇ ਲੀਡਰ ਨੂੰ ਜੁਅਰਤ ਵਾਲਾ ਲੀਡਰ ਆਖ ਕੇ ਸੋਸ਼ਲ ਮੀਡੀਆ ਉੱਪਰ ਪੋਸਟਾਂ ਪਾ ਰਹੇ ਹਨ ਕਿ ਲੰਘੀਆਂ ਬਲਾਕ ਸੰਮਤੀ ਚੋਣਾਂ ਅਤੇ ਨਗਰ ਕੌਂਸਲ ਚੋਣਾਂ ਵਿਚ ਕਿਸੇ ਵੀ ਉਮੀਦਵਾਰ ਦੇ ਨਾਮਜ਼ਦਗੀ ਪੇਪਰ ਰੱਦ ਨਹੀਂ ਹੋਣ ਦਿੱਤੇ | ਉਨ੍ਹਾਂ ਕਿਹਾ ਕਿ ਪਰ ਅਸਲੀਅਤ ਇਹ ਹੈ ਕਿ ਜਦੋਂ ਤੋਂ ਹਲਕਾ ਪਾਇਲ ਦੀ ਕਮਾਂਡ ਵਿਧਾਇਕ ਗਿਆਸਪੁਰਾ ਨੇ ਸੰਭਾਲੀ ਹੈ ਉਦੋਂ ਤੋਂ ਹੀ ਜਿੰਨੀਆਂ ਵੀ ਚੋਣਾਂ ਹੋਈਆਂ ਹਨ ਹਰ ਚੋਣ ਵਿਚ ਕਿਸੇ ਵੀ ਰਾਜਨੀਤਿਕ ਪਾਰਟੀ ਨਾਲ ਸੰਬੰਧਿਤ ਉਮੀਦਵਾਰ ਦੇ ਕਾਗ਼ਜ਼ ਰੱਦ ਕਰਵਾਉਣ ਦੀ ਬਜਾਏ ਲੋਕਤੰਤਰ ਅਧਿਕਾਰ ਨੂੰ ਕਾਇਮ ਰੱਖਣ ਦੀ ਹਮੇਸ਼ਾ ਤਰਜੀਹ ਦਿੱਤੀ ਹੈ ਭਾਵੇਂ ਉਹ ਕਾਂਗਰਸੀ ਹੋਵੇ, ਭਾਵੇਂ ਅਕਾਲੀ ਹੋਵੇ ਜਾਂ ਆਜ਼ਾਦ ਤੌਰ 'ਤੇ ਉਮੀਦਵਾਰ ਹੋਵੇ | ਜ਼ਿਕਰਯੋਗ ਹੈ ਕਿ ਸਾਬਕਾ ਵਿਧਾਇਕ ਲਖਵੀਰ ਸਿੰਘ ਲੱਖਾ ਦੇ ਖ਼ਾਸਮਖ਼ਾਸ ਤੇ ਮਲੌਦ ਨਗਰ ਪੰਚਾਇਤ ਨਾਲ ਸੰਬੰਧਿਤ ਕੌਂਸਲਰ ਅਵਿੰਦਰਦੀਪ ਸਿੰਘ ਜੱਸਾ ਰੋੜੀਆਂ ਨੇ ਆਪਣੇ ਫੇਸਬੁਕ ਪੇਜ ਉੱਪਰ ਲਖਵੀਰ ਸਿੰਘ ਲੱਖਾ ਦੇ ਹੱਕ ਵਿਚ ਜੁਅਰਤ ਵਾਲਾ ਲੀਡਰ ਆਖ ਕੇ ਪੋਸਟ ਸਾਂਝੀ ਕੀਤੀ ਸੀ | ਉਸ ਦੇ ਜੁਆਬ ਵਿਚ ਸਰਪੰਚ ਅਮਰਦੀਪ ਸਿੰਘ ਕੂਹਲੀ ਖੁਰਦ ਨੇ ਪੋਸਟ ਸਾਂਝੀ ਕਰਦਿਆਂ ਵਿਧਾਇਕ ਗਿਆਸਪੁਰਾ ਦੇ ਹੱਕ ਵਿਚ ਚਰਚਾ ਸ਼ੁਰੂ ਕਰ ਦਿੱਤੀ ਕਿ ਵਿਰੋਧੀ ਵੀ ਵਿਧਾਇਕ ਗਿਆਸਪੁਰਾ ਦੀ ਤਾਰੀਫ਼ ਕਰਨ ਲੱਗੇ ਹਨ |