ਬੀਜਾ, 3 ਜੂਨ (ਅਵਤਾਰ ਸਿੰਘ ਜੰਟੀ ਮਾਨ)- ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਜੀ ਦੇ ਪ੍ਰਕਾਸ਼ ਪੁਰਬ ਨੂੰ ਸਮਰਪਿਤ ਅਜੋਕੇ ਸਮੇਂ 'ਚ ਨੌਜਵਾਨ ਪੀੜ੍ਹੀ ਨੂੰ ਨਸ਼ਿਆਂ ਅਤੇ ਪੱਛਮੀ ਪ੍ਰਭਾਵਾਂ ਤੋਂ ਬਚਾਉਣ ਅਤੇ ਸਿੱਖ ਵਿਰਸੇ ਨਾਲ ਜੋੜਨ ਲਈ ਗੁਰਦੁਆਰਾ ਗੁਰੂ ਨਾਨਕ ਟੈਂਪਲ ਪਿੰਡ ਮੋਹਨਪੁਰ ਵਿਖੇ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ 5 ਜੂਨ ਤੋਂ ਲੈ ਕੇ 21 ਜੂਨ ਤੱਕ ਗੁਰਮਤਿ ਸਿਖਲਾਈ ਕੈਂਪ ਲਗਾਏ ਜਾ ਰਹੇ ਹਨ | ਜਿਸ ਦੀ ਜਾਣਕਾਰੀ ਦਿੰਦਿਆਂ ਮੁੱਖ ਸੇਵਾਦਾਰ ਹਰਮਿੰਦਰ ਸਿੰਘ, ਮੁੱਖ ਗ੍ਰੰਥੀ ਭਾਈ ਜਸਪਾਲ ਸਿੰਘ, ਗੁਰਪਾਲ ਸਿੰਘ, ਭਾਗ ਸਿੰਘ, ਗੁਰਮੀਤ ਸਿੰਘ ਅਤੇ ਸੁਖਵਿੰਦਰ ਸਿੰਘ ਸਲੌਦੀ ਡਾਇਰੈਕਟਰ ਸ੍ਰੀ ਗੁਰੂ ਅਰਜਨ ਦੇਵ ਧਰਮ ਪ੍ਰਚਾਰ ਟਰੱਸਟ ਸਲੌਦੀ ਸਿੰਘਾਂ ਦੀ ਨੇ ਦੱਸਿਆ ਮਿਤੀ 5 ਜੂਨ ਤੋਂ ਸਮਾਂ ਸ਼ਾਮ 4 ਤੋਂ 6 ਵਜੇ ਤੱਕ ਮੁਫ਼ਤ ਗੁਰਮਤ ਸਿਖਲਾਈ ਕੈਂਪ ਲਗਾਏ ਜਾ ਰਹੇ ਹਨ | ਕੈਂਪ 'ਚ ਬੱਚਿਆਂ ਨੂੰ ਗੁਰਬਾਣੀ ਦੀ ਸੰਥਿਆ, ਸਿੱਖ ਧਰਮ ਦੀ ਮੁੱਢਲੀ ਜਾਣਕਾਰੀ, ਗੁਰ ਮਰਿਆਦਾ, ਗੁਰਇਤਿਹਾਸ, ਕੀਰਤਨ ਅਤੇ ਨੈਤਿਕ ਸਿੱਖਿਆ ਦਿੱਤੀ ਜਾਵੇਗੀ | ਜਿਸ ਲਈ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਵਿਸ਼ੇਸ਼ ਪ੍ਰਬੰਧ ਕੀਤੇ ਗਏ | ਰੋਜ਼ਾਨਾ ਹੀ ਬੱਚਿਆਂ ਲਈ ਠੰਡੇ ਮਿੱਠੇ ਜਲ ਦੀ ਛਬੀਲ ਅਤੇ ਰਿਫਰੈਸ਼ਮੈਂਟ ਦਿੱਤੀ ਜਾਵੇਗੀ | ਕੈਂਪ ਦੀ ਸਮਾਪਤੀ ਮਿਤੀ 21 ਜੂਨ ਹੋਵੇਗੀ | ਕੈਂਪ ਦੀ ਸਮਾਪਤੀ ਤੇ ਬੱਚਿਆਂ ਦੇ ਗੁਰਬਾਣੀ ਕੰਠ ਮੁਕਾਬਲੇ, ਲੰਬੇ ਕੇਸ ਮੁਕਾਬਲੇ, ਦਸਤਾਰ ਮੁਕਾਬਲੇ ਅਤੇ ਦੁਮਾਲਾ ਮੁਕਾਬਲੇ ਕਰਵਾਏ ਜਾਣਗੇ | ਜੇਤੂਆਂ ਬੱਚਿਆਂ ਦਾ ਵਿਸ਼ੇਸ਼ ਸਨਮਾਨ ਕੀਤਾ ਜਾਵੇਗਾ | ਇਸ ਮੌਕੇ ਭਾਈ ਕਮਲਜੀਤ ਸਿੰਘ ਖ਼ਾਲਸਾ ਗੁਰਪਿੰਦਰ ਸਿੰਘ ਆਦਿ ਹਾਜ਼ਰ ਸਨ |