ਰਾੜਾ ਸਾਹਿਬ, 10 ਜੂਨ (ਸੁਖਵੀਰ ਸਿੰਘ ਚਣਕੋਈਆਂ)-ਪੰਜਾਬ ਸਰਕਾਰ ਅਤੇ ਖੇਤੀਬਾੜੀ ਵਿਭਾਗ ਵਲੋਂ ਝੋਨਾ ਲਾਉਣ ਦੀਆਂ ਤਰੀਕਾਂ ਦੀਆਂ ਹਦਾਇਤਾਂ ਅਨੁਸਾਰ ਕਿਸਾਨਾਂ ਵਲੋਂ ਆਪਣੇ ਖੇਤਾਂ 'ਚ ਪਾਣੀ ਕੱਦੂ ਕਰਨ ਦਾ ਕੰਮ ਆਰੰਭ ਦਿੱਤਾ ਗਿਆ ਹੈ | ਜਦੋਂ ਅਜੀਤ ਦੇ ਪ੍ਰਤੀਨਿਧ ਵਲੋਂ ਰਾੜਾ ਸਾਹਿਬ ਲਾਗੇ ਦੇ ਪਿੰਡਾਂ ਦੇ ਖੇਤਾਂ 'ਚ ਦੌਰਾ ਕੀਤਾ ਤਾਂ ਕਿਸਾਨ ਰਾਜੂ ਘਲੋਟੀ ਦੇ ਖੇਤਾਂ ਵਿੱਚ ਪ੍ਰਵਾਸੀ ਝੋਨਾ ਲਗਾ ਰਹੇ ਸਨ ਅਤੇ ਖੇਤਾਂ 'ਚ ਪੂਰੀਆਂ ਰੌਣਕਾਂ ਲੱਗੀਆਂ ਦਿਖਾਈਆਂ ਦਿੱਤੀਆਂ ਕਿਉਂਕਿ ਅਪ੍ਰੈਲ ਮਹੀਨੇ 'ਚ ਕਣਕ ਦੀ ਵਾਢੀ ਤੋਂ ਬਾਅਦ ਖੇਤ ਖਾਲੀ ਪਏ ਸਨ | ਆਲੇ ਦੁਆਲੇ ਦੇਖਿਆ ਤਾਂ ਹਰ ਕੋਈ ਕਿਸਾਨ ਝੋਨਾ ਲਾਉਣ ਲਈ ਆਪਣੀ ਜ਼ਮੀਨ 'ਚ ਪਾਣੀ ਛੱਡ ਕੇ ਟਰੈਕਟਰ ਨਾਲ ਕੱਦੂ ਕਰਦਾ ਦਿਖਾਈ ਦਿੱਤਾ | ਮੌਕੇ 'ਤੇ ਮੌਜੂਦ ਇੱਕ ਕਿਸਾਨ ਨਾਲ ਜਦੋਂ ਗੱਲਬਾਤ ਕੀਤੀ ਤਾਂ ਉਨ੍ਹਾਂ ਦੱਸਿਆ ਕਿ ਮੋਟਰਾਂ ਵਾਲੀ ਲਾਈਟ ਵੀ ਪੂਰੀ ਮਿਲ ਰਹੀ ਹੈ ਜਿਸ ਨਾਲ ਸਮੇਂ ਸਿਰ ਕੱਦੂ ਕੀਤਾ ਗਿਆ ਹੈ ਅਤੇ ਝੋਨਾ ਲਗਾਇਆ ਜਾ ਰਿਹਾ ਹੈ | ਉਨ੍ਹਾਂ ਦੱਸਿਆ ਕਿ ਖੇਤਾਂ 'ਚ ਉਨ੍ਹਾਂ ਵਲੋਂ ਜ਼ਿਆਦਾਤਰ ਊਸ਼ਾ ਕਿਸਮ ਦਾ ਝੋਨਾ ਲਗਾਇਆ ਜਾ ਰਿਹਾ ਹੈ | ਇਸ ਸਮੇਂ ਜਦੋਂ ਝੋਨਾ ਲਗਾ ਰਹੇ ਪ੍ਰਵਾਸੀ ਸੋਨੂੰ ਨਾਲ ਗੱਲ ਕੀਤੀ ਤਾਂ ਉਨ੍ਹਾਂ ਦੱਸਿਆ ਕਿ ਝੋਨਾ ਲਗਾਉਣ ਲਈ ਕਿਸਾਨਾਂ ਨੂੰ ਕੋਈ ਦਿੱਕਤ ਨਹੀਂ ਆਵੇਗੀ ਕਿਉਂਕਿ ਪ੍ਰਵਾਸੀ ਲੋਕ ਹਰ ਰੋਜ਼ ਵੱਡੀ ਗਿਣਤੀ 'ਚ ਪੰਜਾਬ ਵਿਚ ਝੋਨਾ ਲਗਾਉਣ ਲਈ ਆ ਰਹੇ ਹਨ |