ਖੰਨਾ, 16 ਜੂਨ (ਸ.ਰ)-ਉਪ ਮੰਡਲ ਮੈਜਿਸਟਰੇਟ, ਖੰਨਾ ਸਵਾਤੀ ਟਿਵਾਣਾ ਨੇ ਦੱਸਿਆ ਕਿ ਭਾਰਤੀ ਚੋਣ ਕਮਿਸ਼ਨ ਦੀਆਂ ਹਦਾਇਤਾਂ ਅਨੁਸਾਰ ਪੰਜਾਬ ਵਿੱਚ ਸਪੈਸ਼ਲ ਇੰਟੈਂਸਿਵ ਰਿਵੀਜ਼ਨ (ਐਸ. ਆਈ. ਆਰ) ਦਾ ਕੰਮ 15 ਜੂਨ 2026 ਤੋ ਸ਼ੁਰੂ ਹੋ ਰਿਹਾ ਹੈ, ਜਿਸ ਦੌਰਾਨ ਤਿਆਰੀ, ਸਿਖਲਾਈ, ਪ੍ਰਿੰਟਿੰਗ, ਗਣਨਾ ਫਾਰਮ, ਪੋਲਿੰਗ ਸਟੇਸ਼ਨਾਂ ਦਾ ਤਰਕਸੰਗਤੀਕਰਨ/ ਮੁੜ-ਵਿਵਸਥਾ, ਡਰਾਫਟ ਵੋਟਰ ਸੂਚੀ ਦਾ ਪ੍ਰਕਾਸ਼ਨ, ਦਾਅਵੇ ਅਤੇ ਇਤਰਾਜ਼ ਅਤੇ ਵੋਟਰ ਸੂਚੀ ਦਾ ਅੰਤਿਮ ਪ੍ਰਕਾਸ਼ਨ ਆਦਿ ਗਤੀਵਿਧੀਆਂ ਮੁਕੰਮਲ ਕੀਤੀਆਂ ਜਾਣੀਆਂ ਹਨ। ਇਸ ਦੇ ਸਬੰਧ ਵਿੱਚ ਏ. ਐਸ. ਗਰਲਜ਼ ਕਾਲਜ, ਅਮਲੋਹ ਰੋਡ ਖੰਨਾ ਵਿਖੇ ਸੁਪਰਵਾਈਜ਼ਰ ਅਤੇ ਬੀ. ਐਲ. ਓਜ਼ ਦੀ ਟਰੇਨਿੰਗ ਰੱਖੀ ਗਈ। ਇਸ ਟਰੇਨਿੰਗ ਦੌਰਾਨ ਉਪ ਮੰਡਲ ਮੈਜਿਸਟਰੇਟ ਅਤੇ ਅਸੈਂਬਲੀ ਲੈਵਲ ਮਾਸਟਰ ਟਰੇਨਰਾਂ ਵੱਲੋਂ ਸਹਾਇਕ ਚੋਣ ਰਜਿਸਟਰੇਸ਼ਨ ਅਫਸਰਾਂ ਨੇ ਖੰਨਾ ਦੇ ਸੁਪਰਵਾਈਜਰ ਅਤੇ ਬੀ. ਐਲ. ਓਜ਼ ਨੂੰ ਵੋਟਰ ਸੂਚੀ ਦੀ ਸਪੈਸ਼ਲ ਇਨਟੈਂਸਿਵ ਰਵੀਜ਼ਨ (ਐਸ. ਆਈ. ਆਰ) ਪ੍ਰਕਿਰਿਆ ਅਤੇ ਗਣਨਾ ਫਾਰਮ ਭਰਨ ਦੇ ਤਰੀਕੇ ਬਾਰੇ ਵਿਸਥਾਰ ਨਾਲ ਜਾਣਕਾਰੀ ਦਿੱਤੀ ਗਈ। ਉਨ੍ਹਾਂ ਨੂੰ ਫਾਰਮ ਵਿੱਚ ਦਰਜ ਕੀਤੇ ਜਾਣ ਵਾਲੇ ਵੇਰਵਿਆ, ਲੋੜੀਂਦੇ ਦਸਤਾਵੇਜਾਂ ਅਤੇ ਆਨਲਾਈਨ ਅਪਲੋਡਿੰਗ ਪ੍ਰਕਿਰਿਆ ਤੋ ਵੀ ਜਾਣੂ ਕਰਵਾਇਆ ਗਿਆ। ਉਪ ਮੰਡਲ ਮੈਜਿਸਟਰੇਟ ਖੰਨਾ ਸ੍ਰੀਮਤੀ ਸਵਾਤੀ ਟਿਵਾਣਾ ਨੇ ਕਿਹਾ ਕਿ ਐਸ. ਆਈ. ਆਰ ਦਾ ਮੁੱਖ ਉਦੇਸ਼ ਵੋਟਰ ਸੂਚੀ ਨੂੰ 100 ਪ੍ਰਤੀਸ਼ਤ ਸ਼ੁੱਧ ਅਤੇ ਅੱਪਡੇਟ ਕਰਨਾ ਹੈ। ਇਸ ਲਈ ਹਰੇਕ ਬੀ.ਐਲ.ਓ ਵੱਲੋ 25 ਜੂਨ ਤੋਂ 24 ਜੁਲਾਈ 2026 ਤੱਕ ਆਪਣੇ-ਆਪਣੇ ਬੂਥ ਖੇਤਰ ਵਿੱਚ ਘਰ-ਘਰ ਜਾ ਕੇ ਗਣਨਾ ਫਾਰਮ ਭਰਨ ਦਾ ਕੰਮ ਪੂਰੀ ਤਨਦੇਹੀ ਅਤੇ ਨਿਰਪੱਖਤਾ ਨਾਲ ਕੀਤਾ ਜਾਵੇਗਾ। ਉਨ੍ਹਾਂ ਕਿਹਾ ਕਿ ਫਾਰਮ ਭਰਨ ਸਮੇਂ ਕਿਸੇ ਵੀ ਯੋਗ ਵੋਟਰ ਦਾ ਨਾਮ ਛੁੱਟਣ ਨਾ ਦਿੱਤਾ ਜਾਵੇ ਅਤੇ ਕੋਈ ਵੀ ਗਲਤ ਜਾਣਕਾਰੀ ਦਰਜ ਨਾ ਕੀਤੀ ਜਾਵੇ।
ਖੰਨਾ ’ਚ ਵੋਟਰ ਸੂਚੀ ਦੀ ਸਪੈਸ਼ਲ ਇੰਟੈਂਸਿਵ ਰਿਵੀਜ਼ਨ ਲਈ ਸੁਪਰਵਾਈਜ਼ਰਾਂ ਅਤੇ ਬੀ. ਐਲ. ਓਜ਼ ਦੀ ਟਰੇਨਿੰਗ
ਅਜੀਤ ਡੈਸਕ
17-06-2026