ਖੰਨਾ, 17 ਜੂਨ (ਅਜੀਤ ਬਿਊਰੋ)-ਪਾਵਰਕਾਮ ਅਤੇ ਟਰਾਂਸਕੋ ਆਊਟਸੋਰਸਡ ਮੁਲਾਜ਼ਮ ਤਾਲਮੇਲ ਕਮੇਟੀ (ਪੰਜਾਬ) ਦੇ ਵੱਲੋਂ ਪਾਵਰ ਕਾਰਪੋਰੇਸ਼ਨ ਦੇ ਆਊਟਸੋਰਸਡ ਠੇਕਾ ਮੁਲਾਜ਼ਮਾਂ ਨੇ ਵਿਭਾਗ ਵਿੱਚ ਮਰਜ਼ ਕਰਨ ਦਾ ਨੋਟੀਫਿਕੇਸ਼ਨ ਜਾਰੀ ਕਰਨ ਦੀ ਮੰਗ ਨੂੰ ਲੈ ਕੇ ਪਰਿਵਾਰਾਂ ਸਮੇਤ ਲਾਏ ਧਰਨੇ ਵਿੱਚ ਹਾਜ਼ਰ ਤਾਲਮੇਲ ਕਮੇਟੀ ਦੇ ਸੂਬਾਈ ਆਗੂਆਂ ਜਗਰੂਪ ਸਿੰਘ ਲਹਿਰਾ, ਗੁਰਵਿੰਦਰ ਸਿੰਘ ਪੰਨੂੰ, ਸਿਮਰਨਜੀਤ ਸਿੰਘ ਨੀਲੋਂ, ਗੁਰਪ੍ਰੀਤ ਸਿੰਘ ਢਿੱਲੋਂ, ਬਲਜਿੰਦਰ ਸਿੰਘ ਮਾਨ, ਹਰਜੀਤ ਸਿੰਘ ਢਿੱਲੋਂ, ਬਲਵਿੰਦਰ ਸਿੰਘ ਸੈਣੀ, ਅਮਰਦੀਪ ਸਿੰਘ ਚਹਿਲ ਨੇ ਐਲਾਨ ਕੀਤਾ ਕਿ ਸਮੁੱਚੇ ਪਾਵਰ ਕਾਰਪੋਰੇਸ਼ਨ ਸਮੇਤ ਸਰਕਾਰੀ ਥਰਮਲ ਪਲਾਂਟਾਂ, ਹਾਈਡਲ ਪ੍ਰੋਜੈਕਟਾਂ, ਗਰਿੱਡਾਂ, ਦਫਤਰਾਂ, ਸਟੋਰਾਂ ਅਤੇ ਸਮੁੱਚੇ ਫੀਲਡ ਵਿੱਚ ਹਜ਼ਾਰਾਂ ਆਊਟਸੋਰਸਡ ਠੇਕਾ ਮੁਲਾਜ਼ਮਾਂ ਨੂੰ ਮਹਿਕਮੇ ਵਿੱਚ ਮਰਜ਼ ਕਰਨ ਦਾ ਨੋਟੀਫ਼ਿਕੇਸ਼ਨ ਜਾਰੀ ਕਰਵਾਉਣ ਤੱਕ ਸੰਘਰਸ਼ ਜਾਰੀ ਰਹੇਗਾ। ਸਰਕਾਰ ਆਊਟਸੋਰਸਡ ਮੁਲਾਜ਼ਮਾਂ ਨੂੰ ਵਿਭਾਗ ਵਿੱਚ ਪੱਕਾ ਕਰਨ ਅਤੇ ਗੁਜ਼ਾਰੇ ਯੋਗ ਤਨਖ਼ਾਹ ਨਿਸ਼ਚਿਤ ਕਰਨ ਤੋਂ ਲਗਾਤਾਰ ਟਾਲਾ ਵੱਟ ਰਹੀ ਹੈ। ਆਗੂਆਂ ਨੇ ਕਿਹਾ ਕਿ ਆਊਟਸੋਰਸਡ ਮੁਲਾਜ਼ਮਾਂ ਨੂੰ ਵਿਭਾਗ ਵਿੱਚ ਮਰਜ਼ ਕਰਨ ਦਾ ਨੋਟੀਫ਼ਿਕੇਸ਼ਨ ਜਾਰੀ ਕਰਨ ਅਤੇ 15 ਜੂਨ ਤੱਕ ਵਿਭਾਗ ਵਿੱਚ ਮਰਜ਼ ਕਰਕੇ ਨਿਯੁਕਤੀ ਪੱਤਰ ਦੇਣ ਦੀ ਸਹਿਮਤੀ ਬਣੀ ਸੀ। ਪਰ ਹੁਣ ਪਾਵਰ ਕਾਰਪੋਰੇਸ਼ਨ ਦੀ ਮੈਨੇਜਮੈਂਟ ਮੀਟਿੰਗ ਵਿੱਚ ਬਣੀਆਂ ਸਮੂਹ ਸਹਿਮਤੀਆਂ ਤੋਂ ਭੱਜ ਰਹੀ ਹੈ । ਅੱਜ ਤੀਸਰੇ ਦਿਨ ਚ ਧਰਨਾ ਦਾਖਿਲ ਹੋਣ ਉਪਰੰਤ ਵੀ ਬਿਜਲੀ ਮੰਤਰੀ ਤਰੁਨਪ੍ਰੀਤ ਸਿੰਘ ਸੌਂਦ ਵਲੋਂ ਇਹਨਾਂ ਠੇਕਾ ਕਾਮਿਆਂ ਨਾਲ ਬੈਠਕੇ ਗੱਲ ਵੀ ਨਹੀਂ ਸੁਣੀ ਗਈ ਹੈ ਅਤੇ ਪ੍ਰਸ਼ਾਸਨ 24 ਮਈ ਦੇ ਸਮਝੌਤੇ ਛੱਡ ਕੇ ਨਵੇਂ ਨਵੇਂ ਬਹਾਨੇ ਬਣਾ ਰਿਹਾ ਹੈ। ਅੱਜ ਠੇਕਾ ਮੁਲਾਜ਼ਮਾਂ ਵਲੋਂ ਖੰਨਾ ਸ਼ਹਿਰ ਵਿਚ ਝੰਡਾ ਮਾਰਚ ਵੀ ਕੱਢਿਆ ਗਿਆ। ਅੱਜ ਦੇ ਧਰਨੇ ਵਿਚ ਭਰਾਤਰੀ ਹਮਾਇਤ ਵਜੋਂ ਬੀਕੇਯੂ ਉਗਰਾਹਾਂ ਸੌਦਾਗਰ ਸਿੰਘ ਜਿਲ੍ਹਾ ਸਕੱਤਰ, ਜਲ ਸਪਲਾਈ ਸੈਨਿਟੇਸ਼ਨ ਯੂਨੀਅਨ ਦੇ ਚੰਦ ਸਿੰਘ ਰਸੂਲੜਾ, ਖੇਤ ਮਜਦੂਰ ਯੂਨੀਅਨ ਤੋਂ ਸੂਬਾ ਪ੍ਰਧਾਨ ਜੋਰਾ ਸਿੰਘ ਨਸਰਾਲੀ, ਭੁਪਿੰਦਰ ਸਿੰਘ ਸੂਬਾ ਆਗੂ ਟੀ. ਐਸ. ਯੂ ਭੰਗਲ, ਹਰਜਿੰਦਰ ਸਿੰਘ ਮੋਡਲਰ ਐਂਡ ਸਟੀਲ ਵਰਕਰਜ਼ ਯੂਨੀਅਨ ਪੰਜਾਬ, ਜਗਦੇਵ ਸਿੰਘ ਸਕੱਤਰ ਲੋਕ ਸੰਘਰਸ਼ ਕਮੇਟੀ ਖੰਨਾ, ਹਰਜਿੰਦਰ ਸਿੰਘ ਸਹਾਇਕ ਸਕੱਤਰ ਪੈਨਸ਼ਨਰ ਐਸੋਸੀਏਸ਼ਨ ਆਦਿ ਨੇ ਸੰਬੋਧਨ ਕੀਤਾ।
ਸਰਕਾਰ ਠੇਕਾ ਮੁਲਾਜ਼ਮਾਂ ਨੂੰ ਵਾਪਸ ਭੇਜਣ ਦੀ ਥਾਂ ਨੋਟੀਫ਼ਿਕੇਸ਼ਨ ਜਾਰੀ ਕਰੇ-ਕਮੇਟੀ ਆਗੂ
ਅਜੀਤ ਡੈਸਕ
18-06-2026