ਮਲੌਦ, 17 ਜੂਨ (ਦਿਲਬਾਗ ਸਿੰਘ ਚਾਪੜਾ)- ਬਲਾਕ ਮਲੌਦ ਦੇ ਪਿੰਡ ਗੋਸਲ ਦਾ ਜਸਪ੍ਰੀਤ ਸਿੰਘ ਉਰਫ਼ ਜੱਸਾ ਗੋਸਲ ਪਿਛਲੇ 6 ਮਹੀਨੇ ਤੋਂ ਵੀ ਵੱਧ ਸਮੇਂ ਤੋਂ ਪੰਜ ਤਖ਼ਤਾਂ ਦੀ ਪੈਦਲ ਯਾਤਰਾ ਦਾ ਸੰਕਲਪ ਲੈ ਕੇ ਤੁਰਿਆ ਹੋਇਆ ਹੈ ਅਤੇ ਅੱਜ ਸ਼ੋਸ਼ਲ ਮੀਡੀਆ ਰਾਹੀਂ ਪੂਰੇ ਪੰਜਾਬ ਹੀ ਨਹੀਂ ਸਗੋਂ ਦੇਸ਼ ਵਿਦੇਸ਼ ਵਿੱਚ ਬੈਠੀਆਂ ਸੰਗਤਾਂ ਵਿਚ ਚਰਚਾ ਦਾ ਵਿਸ਼ਾ ਬਣਿਆ ਹੋਇਆ ਹੈ। ਜੱਸਾ ਸਿੰਘ ਰਾਮਗੜ੍ਹੀਆਂ ਦੀ ਬਿਰਾਦਰੀ ਦਾ ਜੱਸਾ ਗੋਸਲ ਆਪਣੇ ਪਿਤਾ ਦਵਿੰਦਰ ਸਿੰਘ ਨਾਲ ਰਾਜਗਿਰੀ ਅਤੇ ਗੁਰੂਘਰਾਂ ਦੇ ਗੁੰਬਦਾਂ ‘ਤੇ ਸੰਗਮਰਮਰ ਲਗਾਉਣ ਦਾ ਕੰਮ ਕਰਨ ਦੇ ਨਾਲ ਨਾਲ ਸਮਾਜ ਵਿੱਚ ਕੁੱਝ ਅਲੱਗ ਕਰਨ ਦਾ ਜਜ਼ਬਾ ਵੀ ਸ਼ੁਰੂ ਤੋਂ ਰੱਖਦਾ ਸੀ। ਇਸੇ ਤਹਿਤ ਹੀ ਉਹ ਪਹਿਲਾ ਦਿੱਲੀ ਵਿਖੇ ਚੱਲੇ ਕਿਸਾਨੀ ਸੰਘਰਸ਼ ਵਿੱਚ ਵੀ ਇੰਨੀ ਘੱਟ ਉਮਰ ਵਿੱਚ ਮੋਹਰੇ ਹੋ ਕੇ ਖੜਿਆ ਅਤੇ ਲੱਖਾ ਸਿਧਾਣਾ ਨਾਲ ਇੱਕ ਸਾਲ ਸੇਵਾ ਕਰਕੇ ਅਤੇ ਮੋਰਚਾ ਫਤਿਹ ਹੋਣ ਉਪਰੰਤ ਹੀ ਪਿੰਡ ਪਰਤਿਆ ਸੀ। ਹੁਣ ਫਿਰ ਦਸੰਬਰ 2025 ਵਿੱਚ ਜੱਸਾ ਗੋਸਲ ਨੇ ਮਨ ਵਿੱਚ ਗੁਰੂ ਘਰਾਂ ਦੀ ਪੈਦਲ ਯਾਤਰਾ ਦਾ ਮਨ ਬਣਾਇਆ ਅਤੇ ਸ੍ਰੀ ਅਕਾਲ ਤਖ਼ਤ ਸਾਹਿਬ ਅੰਮ੍ਰਿਤਸਰ ਸਾਹਿਬ ਅਤੇ ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਅਨੰਦਪੁਰ ਸਾਹਿਬ ਅਤੇ ਫਿਰ ਸ੍ਰੀ ਫਤਿਹਗੜ੍ਹ ਸਾਹਿਬ ਵਿਖੇ ਨਤਮਸਤਕ ਹੋ ਕੇ ਅਤੇ ਸਭਾ ਦੌਰਾਨ ਸੇਵਾ ਉਪਰੰਤ ਪਿੰਡ ਆਪਸ ਆ ਗਿਆ ਅਤੇ ਆਪਣੀ ਪੈਦਲ ਯਾਤਰਾ ਮੁੜ 20 ਜਨਵਰੀ ਤੋਂ ਆਰੰਭ ਕੀਤੀ ਜਿਸ ਤਹਿਤ ਦਿੱਲੀ, ਉੱਤਰ ਪ੍ਰਦੇਸ਼, ਮੱਧ ਪ੍ਰਦੇਸ਼ ਹੁੰਦੇ ਹੋਏ ਮਹਾਰਾਸ਼ਟਰ ਵਿਖੇ ਤਖ਼ਤ ਸ੍ਰੀ ਹਜ਼ੂਰ ਸਾਹਿਬ ਨਾਂਦੇੜ ਵਿਖੇ ਨਤਮਸਤਕ ਹੋਇਆ। ਇਸ ਉਪਰੰਤ ਤੇਲੰਗਾਨਾ ਹੁੰਦੇ ਹੋਏ ਬਿਹਾਰ ਵਿਖੇ ਤਖ਼ਤ ਸ੍ਰੀ ਹਰਿਮੰਦਰ ਜੀ ਪਟਨਾ ਸਾਹਿਬ ਅਤੇ ਫਿਰ ਬੰਗਾਲ ਤੋਂ ਆਸਾਮ ਹੁੰਦੇ ਹੋਏ ਸਿੱਕਮ ਵਿਖੇ ਗੁਰਦੁਆਰਾ ਨਾਨਕਲਾਮਾ ਤੱਕ ਪੈਦਲ ਯਾਤਰਾ ਪੂਰੀ ਕਰ ਚੁੱਕਿਆ ਹੈ। ਫ਼ੋਨ ‘ਤੇ ਗੱਲਬਾਤ ਰਾਹੀਂ ਜੱਸਾ ਗੋਸਲ ਨੇ ਦੱਸਿਆ ਕਿ ਹੁਣ ਗੁਰਦੁਆਰਾ ਡਾਂਗਮਾਰ ਸਾਹਿਬ ਜਾਣ ਉਪਰੰਤ ਹੁਣ ਸਰਹੱਦੀ ਦੇਸ਼ਾ ਦੇ ਇਤਿਹਾਸਿਕ ਗੁਰੂ ਘਰਾਂ ਤੱਕ ਵੀ ਪੈਦਲ ਜਾਣ ਦਾ ਮਨ ਬਣਾ ਲਿਆ ਹੈ, ਜਿੱਥੇ ਸ੍ਰੀ ਗੁਰੂ ਨਾਨਕ ਦੇਵ ਜੀ ਅਤੇ ਹੋਰਨਾਂ ਗੁਰੂਆਂ ਨੇ ਯਾਤਰਾ ਕੀਤੀ ਸੀ। ਇਸ ਤਹਿਤ ਹੁਣ ਆਸਾਮ, ਅਰੁਣਾਚਲ ਪ੍ਰਦੇਸ਼ ਹੁੰਦੇ ਹੋਏ ਬਰਮਾ, ਸ੍ਰੀ ਲੰਕਾ, ਬੰਗਲਾਦੇਸ਼, ਨੇਪਾਲ, ਚੀਨ ਅਤੇ ਸ੍ਰੀ ਗੁਰੂ ਨਾਨਕ ਦੇਵ ਜੀ ਦੀ ਜਨਮ ਭੂਮੀ ਸ੍ਰੀ ਨਨਕਾਣਾ ਸਾਹਿਬ ਵਿਖੇ ਨਤਮਸਤਕ ਹੋਣਗੇ, ਜਿਸ ਉਪਰੰਤ ਤਖ਼ਤ ਸ੍ਰੀ ਦਮਦਮਾ ਸਾਹਿਬ ਸਾਬੋ ਕੀ ਤਲਵੰਡੀ ਵਿਖੇ ਆਉਣਗੇ।
ਇਲਾਕੇ ਦਾ ਨਾਂਅ ਰੌਸ਼ਨ ਕਰ ਰਿਹੈ ਪੈਦਲ ਯਾਤਰਾ ’ਤੇ ਨਿਕਲਿਆ ਜੱਸਾ ਗੋਸਲ
ਅਜੀਤ ਡੈਸਕ
18-06-2026