ਖੰਨਾ, 21 ਜੁਲਾਈ (ਲਾਲ)-ਖੰਨਾ ਦੇ ਅਮਲੋਹ ਰੋਡ ਸਥਿਤ ਵਾਰਡ ਨੰਬਰ 8 ਅਤੇ 9 ’ਚ ਲੰਬੇ ਸਮੇਂ ਤੋਂ ਚੱਲ ਰਹੀ ਸੀਵਰੇਜ ਸਮੱਸਿਆ ਨੂੰ ਲੈ ਕੇ ਪੰਜਾਬ ਅਤੇ ਹਰਿਆਣਾ ਹਾਈਕੋਰਟ ’ਚ ਸ੍ਰੋਮਣੀ ਅਕਾਲੀ ਦਲ ਦੇ ਇੰਚਾਰਜ ਯਾਦਵਿੰਦਰ ਸਿੰਘ ਯਾਦੂ ਦੀ ਧਰਮਪਤਨੀ ਜਸਦੀਪ ਕੌਰ ਯਾਦੂ (ਸਾਬਕਾ ਕੌਂਸਲਰ ਵਾਰਡ 13) ਵੱਲੋਂ ਲਗਾਈ ਪਟੀਸ਼ਨ ਨਾਲ ਚੱਲ ਰਹੇ ਮਾਮਲੇ ’ਚ ਪ੍ਰਸ਼ਾਸਨ ਦੀਆਂ ਮੁਸ਼ਕਲਾਂ ਵਧਦੀਆਂ ਨਜ਼ਰ ਆ ਰਹੀਆਂ ਹਨ। ਅਦਾਲਤ ਨੇ ਮਾਮਲੇ ਦੀ ਅਗਲੀ ਸੁਣਵਾਈ 18 ਅਗਸਤ 2026 ਲਈ ਤੈਅ ਕਰਦਿਆਂ ਖੰਨਾ ਦੇ ਐੱਸ. ਡੀ. ਐੱਮ ਤੋਂ ਤਾਜ਼ਾ ਸਥਿਤੀ ਰਿਪੋਰਟ ਮੰਗੀ ਹੈ। ਜਸਦੀਪ ਕੌਰ ਯਾਦੂ ਵੱਲੋਂ ਦਾਇਰ ਕੀਤੀ ਪਟੀਸ਼ਨ ਰਾਹੀਂ ਖੰਨਾ ਐੱਸ. ਡੀ. ਐੱਮ ਨੂੰ ਪਾਰਟੀ ਬਣਾਇਆ ਹੋਇਆ ਹੈ। ਪਟੀਸ਼ਨਰ ਜਸਦੀਪ ਕੌਰ ਯਾਦੂ ਦੇ ਵਕੀਲ ਜੀ. ਐੱਸ. ਬਰਾੜ ਨੇ ਦੱਸਿਆ ਕਿ ਕਰੀਬ ਇੱਕ ਸਾਲ ਪਹਿਲਾਂ 24 ਜੁਲਾਈ 2025 ਨੂੰ ਖੰਨਾ ਦੇ ਤਤਕਾਲੀਨ ਐੱਸ. ਡੀ. ਐੱਮ ਡਾ. ਬਲਜਿੰਦਰ ਸਿੰਘ ਢਿੱਲੋ ਵੱਲੋਂ ਹਾਈਕੋਰਟ ’ਚ ਇੱਕ ਹਲਫ਼ਨਾਮਾ (ਐਫੀਡੇਵਿਟ) ਦਾਇਰ ਕੀਤਾ ਗਿਆ ਸੀ। ਉਸ ’ਚ ਕਿਹਾ ਗਿਆ ਸੀ ਕਿ ਫੰਡਾਂ ਦੀ ਘਾਟ ਕਾਰਨ ਉਸ ਵੇਲੇ ਦੇ ਵਾਰਡ ਨੰਬਰ 13 ਤੇ 14 (ਜੋ ਨਵੀਂ ਵਾਰਡਬੰਦੀ ਤੋਂ ਬਾਅਦ ਵਾਰਡ ਨੰਬਰ 8 ਅਤੇ 9 ਬਣ ਗਏ ਹਨ) ਦੀ ਸੀਵਰੇਜ ਸਮੱਸਿਆ ਦੇ ਹੱਲ ਲਈ ਟੈਂਡਰ ਜਾਰੀ ਨਹੀਂ ਕੀਤੇ ਜਾ ਸਕੇ। ਨਾਲ ਹੀ ਅਦਾਲਤ ਤੋਂ ਇਸ ਕੰਮ ਲਈ ਨੌ ਮਹੀਨਿਆਂ ਦਾ ਸਮਾਂ ਮੰਗਿਆ ਗਿਆ ਸੀ। ਯਾਦੂ ਨੇ ਦੱਸਿਆ ਕਿ ਹਾਈਕੋਰਟ ਨੇ ਪ੍ਰਸ਼ਾਸਨ ਦੀ ਅਪੀਲ ਨੂੰ ਸਵੀਕਾਰ ਕਰਦਿਆਂ ਨੌ ਮਹੀਨੇ ਦਾ ਸਮਾਂ ਦਿੱਤਾ ਸੀ ਪਰ ਹੁਣ ਕਰੀਬ ਇੱਕ ਸਾਲ ਬੀਤ ਜਾਣ ਦੇ ਬਾਵਜੂਦ ਨਾ ਤਾਂ ਸੀਵਰੇਜ ਦੀ ਸਮੱਸਿਆ ਦਾ ਹੱਲ ਹੋਇਆ ਅਤੇ ਨਾ ਹੀ ਇਲਾਕਾ ਵਾਸੀਆਂ ਨੂੰ ਕੋਈ ਰਾਹਤ ਮਿਲੀ। ਉਨ੍ਹਾਂ ਦਾ ਕਹਿਣਾ ਹੈ ਕਿ ਹਾਲਾਤ ਪਹਿਲਾਂ ਨਾਲੋਂ ਹੋਰ ਵੀ ਗੰਭੀਰ ਹੋ ਗਏ ਹਨ ਅਤੇ ਲੋਕ ਗੰਦੇ ਪਾਣੀ ਅਤੇ ਸੀਵਰੇਜ ਓਵਰਫਲੋ ਦੀ ਸਮੱਸਿਆ ਨਾਲ ਜੂਝ ਰਹੇ ਹਨ। ਉਨ੍ਹਾਂ ਦੱਸਿਆ ਕਿ ਇਸੇ ਕਾਰਨ ਅਦਾਲਤੀ ਹੁਕਮਾਂ ਦੀ ਪਾਲਣਾ ਨਾ ਕਰਨ ਸਬੰਧੀ ਇੱਕ ਹੋਰ ਪਟੀਸ਼ਨ ਦਾਇਰ ਕੀਤੀ ਗਈ। ਇਸ ’ਤੇ ਸਰਕਾਰ ਵੱਲੋਂ ਜਵਾਬ ਦਾਖ਼ਲ ਕਰਦਿਆਂ ਕਿਹਾ ਗਿਆ ਹੈ ਕਿ ਸੀਵਰੇਜ ਪ੍ਰਾਜੈਕਟ ਲਈ ਟੈਂਡਰ ਜਾਰੀ ਕਰਨ ਦੀ ਪ੍ਰਕਿਰਿਆ ਚੱਲ ਰਹੀ ਹੈ ਅਤੇ ਜਲਦ ਹੀ ਸਮੱਸਿਆ ਦਾ ਸਥਾਈ ਹੱਲ ਕੀਤਾ ਜਾਵੇਗਾ। ਮਾਮਲੇ ਦੀ ਸੁਣਵਾਈ ਦੌਰਾਨ ਹਾਈਕੋਰਟ ਨੇ ਸਰਕਾਰ ਦੇ ਜਵਾਬ ਨੂੰ ਰਿਕਾਰਡ ’ਤੇ ਲੈਂਦਿਆਂ 18 ਅਗਸਤ 2026 ਨੂੰ ਅਗਲੀ ਸੁਣਵਾਈ ਤੈਅ ਕੀਤੀ ਹੈ। ਖੰਨਾ ਦੇ ਐੱਸ. ਡੀ. ਐੱਮ ਨੂੰ ਪ੍ਰਗਤੀ ਰਿਪੋਰਟ ਅਦਾਲਤ ’ਚ ਪੇਸ਼ ਕਰਨ ਦੇ ਨਿਰਦੇਸ਼ ਦਿੱਤੇ ਗਏ ਹਨ।