ਮਹਿਲ ਕਲਾਂ, 13 ਫਰਵਰੀ (ਅਵਤਾਰ ਸਿੰਘ ਅਣਖੀ)-ਭਾਰਤੀ ਕਿਸਾਨ ਯੂਨੀਅਨ ਸਿੱਧੂਪੁਰ ਦੀ ਬਲਾਕ ਪੱਧਰੀ ਮੀਟਿੰਗ ਇਤਿਹਾਸਕ ਗੁਰਦੁਆਰਾ ਸਾਹਿਬ ਛੇਵੀਂ ਪਾਤਸ਼ਾਹੀ ਮਹਿਲ ਕਲਾਂ ਵਿਖੇ ਹੋਈ | ਇਸ ਮੌਕੇ ਕਰਨੈਲ ਸਿੰਘ ਗਾਂਧੀ, ਨਛੱਤਰ ਸਿੰਘ ਸਹੌਰ, ਗਿਆਨ ਸਿੰਘ ਛਾਪਾ, ਜਗਪਾਲ ਸਿੰਘ ਸਹਿਜੜਾ ਨੇ ਦੱਸਿਆ ਕਿ ਜਥੇਬੰਦੀ ਦੇ ਸੂਬਾ ਪ੍ਰਧਾਨ ਜਗਜੀਤ ਸਿੰਘ ਡੱਲੇਵਾਲ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਕੰਨਿਆ ਕੁਮਾਰੀ ਤੋਂ ਜੰਮੂ ਕਸ਼ਮੀਰ ਤੱਕ ਚੱਲ ਰਹੀ ਕਿਸਾਨ ਯਾਤਰਾ 1 ਮਾਰਚ ਤੋਂ 4 ਮਾਰਚ ਤੱਕ ਪੰਜਾਬ ਵਿਚ ਪਹੁੰਚੇਗੀ, ਜਿਸ ਦਾ ਵੱਖ-ਵੱਖ ਥਾਵਾਂ 'ਤੇ ਜ਼ੋਰਦਾਰ ਸਵਾਗਤ ਕੀਤਾ ਜਾਵੇਗਾ | ਉਨ੍ਹਾਂ ਦੱਸਿਆ ਕਿ ਇਹ ਯਾਤਰਾ 19 ਮਾਰਚ ਨੂੰ ਦਿੱਲੀ ਦੇ ਰਾਮ-ਲੀਲ੍ਹਾ ਗਰਾਉਂਡ ਵਿਚ ਸਮਾਪਤ ਹੋਵੇਗੀ, ਜਿੱਥੇ ਦੇਸ਼ ਭਰ ਤੋਂ ਲੱਖਾਂ ਦੀ ਗਿਣਤੀ 'ਚ ਕਿਸਾਨ ਕਾਫ਼ਲਿਆਂ ਸਮੇਤ ਸ਼ਮੂਲੀਅਤ ਕਰਨਗੇ | ਮੀਟਿੰਗ ਦੌਰਾਨ ਆਗੂਆਂ ਨੇ ਕਿਹਾ ਕਿ ਲੰਮੇ ਸਮੇਂ ਤੋਂ ਖੇਤੀਬਾੜੀ ਖੇਤਰ ਨੂੰ ਅਣਦੇਖਿਆ ਕੀਤਾ ਜਾ ਰਿਹਾ ਹੈ | ਜਿਸ ਕਾਰਨ ਕਿਸਾਨ ਕਰਜ਼ੇ ਅਤੇ ਆਰਥਿਕ ਸੰਕਟ 'ਚ ਫਸੇ ਹੋਏ ਹਨ | ਉਨ੍ਹਾਂ ਕਿਹਾ ਕਿ ਕੋਵਿਡ ਦੌਰਾਨ ਵੀ ਖੇਤੀਬਾੜੀ ਨੇ ਦੇਸ਼ ਦੀ ਆਰਥਿਕਤਾ ਨੂੰ ਸੰਭਾਲਿਆ, ਇਸ ਲਈ ਕਿਸਾਨਾਂ ਲਈ ਪੱਕੀ ਨੀਤੀ ਬਣਾਉਣੀ ਲਾਜ਼ਮੀ ਹੈ | ਆਗੂਆਂ ਨੇ ਕਿਹਾ ਕਿ ਮੌਸਮੀ ਤਬਦੀਲੀ ਕਾਰਨ ਹੋ ਰਹੇ ਨੁਕਸਾਨ ਲਈ ਕੌਮੀ ਨੀਤੀ ਬਣਾਈ ਜਾਵੇ ਅਤੇ ਫ਼ਸਲ ਬੀਮਾ ਯੋਜਨਾ ਵਿਚ ਕਿਸਾਨ ਹਿਤੈਸ਼ੀ ਸੋਧ ਕੀਤੇ ਜਾਣ | ਬਿਜਲੀ ਦੀਆਂ ਹਾਈ ਟੈਨਸ਼ਨ ਲਾਈਨਾਂ ਲਈ ਮਾਰਕੀਟ ਮੁੱਲ ਤੋਂ ਚਾਰ ਗੁਣਾ ਮੁਆਵਜ਼ਾ ਦੇਣ ਅਤੇ ਬੀਜ ਤੇ ਬਿਜਲੀ ਸੋਧ ਬਿੱਲ ਕਿਸਾਨਾਂ ਦੀ ਸਹਿਮਤੀ ਬਿਨਾਂ ਲਾਗੂ ਨਾ ਕਰਨ ਦੀ ਮੰਗ ਉਠਾਈ ਗਈ | ਇਸ ਮੌਕੇ ਯਾਦਵਿੰਦਰ ਸਿੰਘ ਚੁਹਾਣਕੇ, ਦਰਸ਼ਨ ਸਿੰਘ ਗੰਗੋਹਰ, ਗੁਰਮੇਲ ਸਿੰਘ ਭੁੱਲਰ, ਗੁਰਚਰਨ ਸਿੰਘ ਕਲਾਲਾ, ਅਵਤਾਰ ਸਿੰਘ ਖ਼ਿਆਲੀ, ਕੁਲਦੀਪ ਸਿੰਘ ਸਹਿਜੜਾ, ਹਾਕਮ ਸਿੰਘ ਚੁਹਾਣਕੇ, ਮਹਿੰਦਰ ਸਿੰਘ ਪੰਡੋਰੀ, ਸੁਖਵਿੰਦਰ ਸਿੰਘ ਖ਼ਿਆਲੀ ਆਦਿ ਵੀ ਹਾਜ਼ਰ ਸਨ |