ਬਰਨਾਲਾ, 17 ਫਰਵਰੀ (ਅਸ਼ੋਕ ਭਾਰਤੀ)-ਮਦਰ ਟੀਚਰ ਸਕੂਲ ਬਰਨਾਲਾ ਨੂੰ ਸੈਂਟਰ ਫ਼ਾਰ ਐਜੂਕੇਸ਼ਨ ਡਿਵੈਲਪਮੈਂਟ ਫਾਊਾਡੇਸ਼ਨ ਵਲੋਂ ਵਿਦਿਆਰਥੀਆਂ ਨੂੰ ਆਧੁਨਿਕ ਤਕਨੀਕ ਨਾਲ ਸਿੱਖਿਆ ਪ੍ਰਦਾਨ ਕਰਨ ਲਈ ਪੰਜ ਤਾਰਾ ਰੇਟਿੰਗ ਸਕੂਲ ਪੁਰਸਕਾਰ ਨਾਲ ਸਨਮਾਨਿਤ ਕੀਤਾ ਗਿਆ | ਇਹ ਜਾਣਕਾਰੀ ਸੰਸਥਾ ਦੀ ਪ੍ਰਬੰਧਕ ਕਮੇਟੀ ਦੇ ਚੇਅਰਮੈਨ ਸ੍ਰੀ ਕਪਿਲ ਮਿੱਤਲ, ਨਿਸ਼ੀ ਮਿੱਤਲ ਤੇ ਪਿ੍ੰਸੀਪਲ ਦਲਜੀਤ ਸਿੰਘ ਨੇ ਦਿੱਤੀ ਤੇ ਕਿਹਾ ਕਿ ਇਹ ਪੁਰਸਕਾਰ ਮਿਲਣਾ ਸੰਸਥਾ ਲਈ ਮਾਣ ਵਾਲੀ ਗੱਲ ਹੈ | ਇਹ ਇਹ ਸਨਮਾਨ ਨਵੀਂ ਦਿੱਲੀ ਵਿਖੇ ਰਾਸ਼ਟਰੀ ਮੁਲਾਂਕਨ ਕਾਨਫ਼ਰੰਸ ਮੌਕੇ ਭਾਰਤ ਸਰਕਾਰ ਦੇ ਸਿੱਖਿਆ ਮੰਤਰਾਲੇ ਦੇ ਐਨ.ਆਈ.ਓ.ਐਸ. ਦੇ ਡਿਪਟੀ ਡਾਇਰੈਕਟਰ ਡਾ: ਆਲੋਕ ਕੁਮਾਰ ਗੁਪਤਾ, ਸੀ.ਬੀ.ਐਸ.ਈ. ਦਿੱਲੀ ਵੈਸਟ ਦੇ ਖੇਤਰੀ ਨਿਰਦੇਸ਼ਕ ਸ਼੍ਰੀ ਕੇ. ਸ਼੍ਰੀਨਿਵਾਸਨ, ਅੰਤਰਰਾਸ਼ਟਰੀ ਪੱਧਰ 'ਤੇ ਪ੍ਰਸਿੱਧ ਲੇਖਕ ਅਤੇ ਟੀ.ਈ.ਡੀ.ਐਕਸ. ਸਪੀਕਰ ਡਾ: ਸ਼ੰਕਰ ਗੋਇਨਕਾ, ਐਜੂਫਿਨਿਟੀ ਦੀ ਸੰਸਥਾਪਕ ਅਤੇ ਏ.ਆਈ. ਮਾਹਰ ਸ੍ਰੀਮਤੀ ਗੁਰਪ੍ਰੀਤ ਕੌਰ, ਨੋਇਡਾ ਫ਼ਿਲਮ ਸਿਟੀ ਦੇ ਸੰਸਥਾਪਕ ਡਾ: ਸੰਦੀਪ ਮਾਰਵਾਹ ਵਲੋਂ ਪ੍ਰਦਾਨ ਕੀਤਾ ਗਿਆ | ਉਨ੍ਹਾਂ ਦੱਸਿਆ ਕਿ ਮਦਰ ਟੀਚਰ ਸਕੂਲ ਨੂੰ ਨਵੀਂ ਸਿੱਖਿਆ ਨੀਤੀ ਦੇ ਸ਼ਾਨਦਾਰ ਅਤੇ ਪ੍ਰਭਾਵਸ਼ਾਲੀ ਤਰੀਕੇ ਲਾਗੂ ਕਰਨ ਲਈ ਪੰਜ ਤਾਰਾ ਰੇਟਿੰਗ ਪ੍ਰਾਪਤ ਹੋਈ ਹੈ | ਇਹ ਨਵੀਨਤਾਕਾਰੀ ਸਿੱਖਿਆ ਸ਼ਾਸਤਰ, ਡਿਜੀਟਲ ਤਰੱਕੀ, ਸੰਪੂਰਨ ਸਿੱਖਿਆ, ਅਤੇ ਸੰਸਥਾਗਤ ਲੀਡਰਸ਼ਿਪ ਵਿਚ ਸ਼ਾਨਦਾਰ ਕੰਮ ਦਰਸਾਉਂਦਾ ਹੈ | ਇਸ ਪ੍ਰਾਪਤੀ 'ਤੇ ਸੰਸਥਾ ਦੀ ਪ੍ਰਬੰਧਕ ਕਮੇਟੀ ਵਲੋਂ ਸਮੂਹ ਸਕੂਲ ਸਟਾਫ਼ ਨੂੰ ਵਧਾਈ ਦਿੱਤੀ |