ਬਰਨਾਲਾ, 18 ਫਰਵਰੀ (ਗੁਰਪ੍ਰੀਤ ਸਿੰਘ ਲਾਡੀ)-ਬਰਨਾਲਾ ਨਗਰ ਕੌਂਸਲ ਨੂੰ ਨਗਰ ਨਿਗਮ ਵਿਚ ਤਬਦੀਲ ਕੀਤੇ ਜਾਣ ਤੋਂ ਬਾਅਦ ਨਗਰ ਕੌਂਸਲ ਬਰਨਾਲਾ ਦਾ ਕਾਰਜਕਾਲ ਸਮੇਂ ਤੋਂ ਪਹਿਲਾਂ ਖ਼ਤਮ ਕਰਨ ਵਿਰੁੱਧ ਨਗਰ ਕੌਂਸਲ ਬਰਨਾਲਾ ਦੇ ਵਾਰਡ ਨੰ: 5 ਦੇ ਕੌਂਸਲਰ ਬੀਬੀ ਸਤਵੀਰ ਕੌਰ ਜਾਗਲ, ਵਾਰਡ ਨੰ: 11 ਦੇ ਕੌਂਸਲਰ ਸ੍ਰੀਮਤੀ ਦੀਪਿਕਾ ਸ਼ਰਮਾ ਅਤੇ ਵਾਰਡ ਨੰ: 13 ਦੇ ਕੌਂਸਲਰ ਸ੍ਰੀਮਤੀ ਰਣਦੀਪ ਕੌਰ ਬਰਾੜ ਵਲੋਂ ਮਾਨਯੋਗ ਪੰਜਾਬ ਅਤੇ ਹਰਿਆਣਾ ਹਾਈਕੋਰਟ ਵਿਚ ਪਾਈ ਗਈ ਰਿੱਟ ਪਟੀਸ਼ਨ 'ਤੇ ਹੁਣ 9 ਮਾਰਚ ਨੂੰ ਅਗਲੀ ਸੁਣਵਾਈ ਹੋਵੇਗੀ | ਇਸ ਸਬੰਧੀ ਜਾਣਕਾਰੀ ਦਿੰਦਿਆਂ ਕੌਂਸਲਰ ਰਣਦੀਪ ਕੌਰ ਬਰਾੜ ਦੇ ਪਤੀ ਤੇ ਭਾਜਪਾ ਆਗੂ ਗੁਰਦਰਸ਼ਨ ਸਿੰਘ ਬਰਾੜ, ਕੌਂਸਲਰ ਦੀਪਿਕਾ ਸ਼ਰਮਾ ਦੇ ਪਤੀ ਤੇ ਕਾਂਗਰਸ ਦੇ ਸਾਬਕਾ ਜ਼ਿਲ੍ਹਾ ਪ੍ਰਧਾਨ ਮੱਖਣ ਸ਼ਰਮਾ ਅਤੇ ਕੌਂਸਲਰ ਸਤਵੀਰ ਕੌਰ ਜਾਗਲ ਦੇ ਪੁੱਤਰ ਤੇ ਅਕਾਲੀ ਆਗੂ ਤੇਜਿੰਦਰ ਸਿੰਘ ਸੋਨੀ ਜਾਗਲ ਨੇ ਦੱਸਿਆ ਕਿ ਮਾਨਯੋਗ ਹਾਈਕੋਰਟ ਵਲੋਂ ਪੰਜਾਬ ਸਰਕਾਰ ਨੂੰ 9 ਮਾਰਚ ਤੱਕ ਜਵਾਬ ਫਾਈਲ ਕਰਨ ਦਾ ਆਖ਼ਰੀ ਮੌਕਾ ਦਿੱਤਾ ਗਿਆ ਹੈ ਅਤੇ ਇਹ ਸਪਸ਼ਟ ਕੀਤਾ ਗਿਆ ਹੈ ਕਿ ਜੇਕਰ ਅਗਲੀ ਸੁਣਵਾਈ ਦੀ ਤਾਰੀਖ਼ ਤੱਕ ਜਵਾਬ ਦਾਇਰ ਨਹੀਂ ਕੀਤਾ ਜਾਂਦਾ ਹੈ ਤਾਂ ਰਿਕਾਰਡ ਦੇ ਆਧਾਰ 'ਤੇ ਢੁਕਵੇਂ ਆਦੇਸ਼ ਪਾਸ ਕੀਤੇ ਜਾਣਗੇ |