ਬਰਨਾਲਾ, 19 ਫਰਵਰੀ (ਨਰਿੰਦਰ ਅਰੋੜਾ)-ਪਿਛਲੇ ਦਿਨੀਂ ਜ਼ਿਲ੍ਹਾ ਪ੍ਰਸ਼ਾਸਨ ਵਲੋਂ ਢੋਆ ਢੁਆਈ ਕਰਨ ਵਾਲੀਆਂ ਪਿਕਅੱਪ ਗੱਡੀਆਂ ਦੀ ਐਂਟਰੀ ਬਾਜ਼ਾਰਾਂ ਵਿਚ ਬੰਦ ਕਰ ਦਿੱਤੀ ਗਈ ਸੀ | ਜਿਸ ਦੇ ਰੋਸ ਵਜੋਂ ਵਪਾਰੀਆਂ ਤੇ ਪਿਕਅੱਪ ਚਾਲਕਾਂ ਵਲੋਂ ਕਚਹਿਰੀ ਚੌਕ ਵਿਖੇ ਚੱਕਾ ਜਾਮ ਕਰ ਕੇ ਰੋਸ ਪ੍ਰਦਰਸ਼ਨ ਕੀਤਾ ਗਿਆ | ਗੱਲਬਾਤ ਕਰਦਿਆਂ ਵਪਾਰੀ ਆਗੂਆਂ ਗਗਨ ਕੁਮਾਰ, ਸਤੀਸ਼ ਗੋਇਲ ਮੋਨੂੰ, ਅਸ਼ੋਕ ਕੁਮਾਰ, ਸੱਤਪਾਲ, ਹੇਮੰਤ ਗੋਇਲ, ਨਵੀਨ ਟੱਕਰ, ਰਾਮੇਸ਼ਵਰ ਰਾਮੂ, ਰਾਕੇਸ਼ ਕੁਮਾਰ, ਦੀਪੂ (ਸੀ.ਐਮ) ਆਦਿ ਨੇ ਕਿਹਾ ਕਿ ਅਸੀਂ ਪਿਛਲੇ ਕਰੀਬ 50 ਸਾਲਾਂ ਤੋਂ ਬਾਜ਼ਾਰਾਂ ਵਿਚ ਵਪਾਰ ਕਰ ਰਹੇ ਹਾਂ | ਪਿਕਅੱਪ ਗੱਡੀਆਂ ਰਾਹੀਂ ਥੋੜੇ੍ਹ ਪੈਸਿਆਂ ਵਿਚ ਵਪਾਰੀ ਆਪਣਾ ਸਮਾਨ ਆਸ ਪਾਸ ਦੇ ਇਲਾਕਿਆਂ ਵਿਚ ਭੇਜਦੇ ਹਨ | ਜਿਸ ਕਾਰਨ ਸਾਡਾ ਵਪਾਰ ਅਤੇ ਪਿਕਅੱਪ ਚਾਲਕਾਂ ਦੀ ਰੋਜ਼ੀ ਰੋਟੀ ਵੀ ਚੱਲਦੀ ਰਹਿੰਦੀ ਹੈ | ਪਰ ਬੀਤੇ ਦਿਨ ਪ੍ਰਸ਼ਾਸਨ ਵਲੋਂ ਵਪਾਰੀ ਅਤੇ ਪਿਕਅੱਪ ਚਾਲਕਾਂ ਵਿਰੋਧੀ ਫ਼ੈਸਲਾ ਲੈਂਦੇ ਹੋਏ ਪਿਕਅੱਪ ਗੱਡੀਆਂ ਦੀ ਐਂਟਰੀ ਬਾਜ਼ਾਰਾਂ ਵਿਚ ਬੰਦ ਕਰ ਦਿੱਤੀ ਗਈ | ਜਿਸ ਕਾਰਨ ਪਿਛਲੇ 5 ਦਿਨਾਂ ਤੋਂ ਸਾਡਾ ਵਪਾਰ ਬਿਲਕੁਲ ਠੱਪ ਪਿਆ ਹੈ | ਸਾਨੂੰ ਆਪਣਾ ਸਮਾਨ ਪਹੁੰਚਾਉਣ ਲਈ ਭਾਰੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਿਆ | ਪਿਕਅੱਪ ਚਾਲਕ ਮਨਦੀਪ ਸਿੰਘ, ਸੁਖਚੈਨ ਸਿੰਘ, ਗੁਰਪ੍ਰੀਤ ਸਿੰਘ, ਬਿੰਦਰ ਸਿੰਘ ਆਦਿ ਨੇ ਕਿਹਾ ਕਿ ਸਦਰ ਬਾਜ਼ਾਰ ਵਿਚ ਆਮ ਤੌਰ 'ਤੇ ਕਾਰਾਂ ਗ਼ਲਤ ਪਾਰਕਿੰਗ ਦੇ ਵਿਚ ਖੜੀਆਂ ਦਿਖਾਈ ਦਿੰਦੀਆਂ ਹਨ, ਜੋ ਕਿ ਟਰੈਫ਼ਿਕ ਸਮੱਸਿਆ ਵਿਚ ਵਾਧਾ ਕਰਦੀਆਂ ਹਨ | ਉਸ ਵੱਲ ਟਰੈਫ਼ਿਕ ਪੁਲਿਸ ਦਾ ਕੋਈ ਧਿਆਨ ਨਹੀਂ ਜਾਂਦਾ | ਪਰ ਸਾਡੇ ਗ਼ਰੀਬਾਂ ਵੱਲ ਜੋ ਕਿ ਵਾਪਰੀਆਂ ਦੇ ਸਮਾਨ ਦੀ ਢੋਆ ਢੁਆਈ ਕਰ ਕੇ ਪਰਿਵਾਰ ਪਾਲ ਰਹੇ ਹਾਂ | ਸਾਨੂੰ ਤੰਗ ਪ੍ਰੇਸ਼ਾਨ ਕੀਤਾ ਜਾ ਰਿਹਾ ਹੈ | ਉਨ੍ਹਾਂ ਕਿਹਾ ਕਿ ਸਾਨੂੰ ਆਪਣੀਆਂ ਗੱਡੀਆਂ ਦੀਆਂ ਕਿਸ਼ਤਾਂ ਕੱਢਣੀਆਂ ਵੀ ਮੁਸ਼ਕਲ ਹੋਈਆਂ ਪਈਆਂ ਹਨ | ਮੌਕੇ 'ਤੇ ਪਹੁੰਚੇ ਡੀ.ਐਸ.ਪੀ. ਮੈਡਮ ਜਸਵਿੰਦਰ ਕੌਰ ਅਤੇ ਟਰੈਫ਼ਿਕ ਇੰਚਾਰਜ ਸੇਰਵਿੰਦਰ ਸਿੰਘ ਔਲਖ ਵਲੋਂ ਵਪਾਰੀਆਂ ਤੇ ਪਿਕਅੱਪ ਚਾਲਕਾਂ ਨਾਲ ਮੀਟਿੰਗ ਕੀਤੀ ਗਈ ਜਿਸ ਵਿਚ ਟਰੈਫ਼ਿਕ ਸਮੱਸਿਆ ਨੂੰ ਮੱਦੇਨਜ਼ਰ ਰੱਖਦੇ ਹੋਏ ਦੁਪਹਿਰ 12 ਵਜੇ ਤੋਂ ਸ਼ਾਮ 4 ਵਜੇ ਤੱਕ ਪਿਕਅੱਪ ਗੱਡੀਆਂ ਦੀ ਐਂਟਰੀ ਬਾਜ਼ਾਰਾਂ ਵਿਚ ਬੰਦ ਕਰਨ ਲਈ ਕਿਹਾ ਗਿਆ | ਜਿਸ 'ਤੇ ਵਪਾਰੀਆਂ ਤੇ ਪਿਕਅੱਪ ਚਾਲਕਾਂ ਵਲੋਂ ਸਹਿਮਤੀ ਪ੍ਰਗਟਾਈ ਗਈ ਅਤੇ ਧਰਨਾ ਚੱੁਕਿਆ ਗਿਆ | ਡੀ.ਐਸ.ਪੀ. ਮੈਡਮ ਜਸਵਿੰਦਰ ਕੌਰ ਵਲੋਂ ਸ਼ਹਿਰ ਵਾਸੀਆਂ ਨੂੰ ਅਪੀਲ ਕੀਤੀ ਗਈ ਕਿ ਆਪਣੀਆਂ ਗੱਡੀਆਂ ਗੱਡਾਖਾਨਾ ਚੌਕ 'ਤੇ ਬਣੀ ਪਾਰਕਿੰਗ ਵਿਚ ਖੜੀਆਂ ਕੀਤੀਆਂ ਜਾਣ | ਨਹੀਂ ਤਾਂ ਪ੍ਰਸ਼ਾਸਨ ਵਲੋਂ ਕਿਸੇ ਨੂੰ ਬਖ਼ਸ਼ਿਆ ਨਹੀਂ ਜਾਵੇਗਾ ਅਤੇ ਵਪਾਰੀਆਂ ਵਲੋਂ ਭਰੋਸਾ ਦਿਵਾਇਆ ਗਿਆ ਕਿ ਪਿਕਅੱਪ ਗੱਡੀਆਂ ਟਰੈਫ਼ਿਕ ਨਿਯਮਾਂ ਦੀ ਪਾਲਣਾ ਕਰਦੇ ਹੋਏ ਸਹੀ ਪਾਰਕਿੰਗ ਵਿਚ ਖੜ ਕੇ ਆਪਣਾ ਸਮਾਨ ਢੋਆ ਢੁਆਈ ਕਰਨਗੀਆਂ | ਕਿਸੇ ਨੂੰ ਕੋਈ ਮੁਸ਼ਕਲ ਨਹੀਂ ਆਉਣ ਦਿੱਤੀ ਜਾਵੇਗੀ | ਇਸ ਮੌਕੇ ਰਾਹੁਲ, ਮੋਨੂ, ਹੇਮਰਾਜ, ਅਸ਼ੋਕ ਕੁਮਾਰ, ਸੁਰੇਸ਼ ਕੁਮਾਰ, ਰੋਕੀ, ਬਿੱਟੂ, ਘੱੁਕਰ, ਗਿਆਨ, ਸਿਕੰਦਰ, ਜੀਤੀ ਆਦਿ ਹਾਜ਼ਰ ਸਨ |