ਸ਼ੇਰਪੁਰ, 19 ਫਰਵਰੀ (ਦਰਸ਼ਨ ਸਿੰਘ ਖੇੜੀ) - ਆਮ ਆਦਮੀ ਪਾਰਟੀ ਦੇ ਫਾੳਾੂਡਰ ਮੈਂਬਰ ਅਤੇ 2012 ਤੋਂ ਲਗਾਤਾਰ ਪਾਰਟੀ ਲਈ ਕੰਮ ਕਰਦੇ ਆ ਰਹੇ ਤੇਜ਼ ਤਰਾਰ ਸੀਨੀਅਰ ਆਗੂ ਸੰਦੀਪ ਸਿੰਘ ਵਾਸੀ ਘਨੌਰ ਕਲਾਂ ਨੇ ਨਿੱਜੀ ਕਾਰਨਾਂ ਦਾ ਹਵਾਲਾ ਦਿੰਦੇ ਹੋਏ ਪਾਰਟੀ ਦੀ ਮੁੱਢਲੀ ਮੈਂਬਰਸ਼ਿਪ ਅਤੇ ਹੋਰ ਸਾਰੇ ਅਹੁਦਿਆਂ ਤੋਂ ਅਸਤੀਫ਼ਾ ਦੇ ਦਿੱਤਾ ਹੈ | ਸੰਦੀਪ ਘਨੌਰ ਨੇ ਭਾਵੇਂ ਆਪਣੇ ਅਸਤੀਫ਼ੇ ਵਿਚ ਨਿੱਜੀ ਕਾਰਨਾਂ ਦਾ ਹਵਾਲਾ ਦਿੱਤਾ ਹੈ ਪਰੰਤੂ ਉਹ ਮੁੱਖ ਮੰਤਰੀ ਕੈਂਪ ਦਫਤਰ ਧੂਰੀ ਵਿਖੇ ਯੋਗ ਸੁਣਵਾਈ ਨਾ ਹੋਣ ਕਾਰਨ ਅਤੇ ਇੱਥੋਂ ਦੇ ਦਫ਼ਤਰ ਇੰਚਾਰਜਾਂ ਦੇ ਵਤੀਰੇ ਤੋਂ ਨਰਾਜ ਸਨ | ਸੰਦੀਪ ਸਿੰਘ ਨੇ ਕਿਹਾ ਕਿ ਮੁੱਖ ਮੰਤਰੀ ਭਗਵੰਤ ਮਾਨ ਵਲੋਂ ਆਪਣੇ ਹਲਕੇ ਦੇ ਵਿਕਾਸ ਕਾਰਜਾਂ ਵਿਚ ਨਿੱਜੀ ਤੌਰ ਤੇ ਦਿਲਚਸਪੀ ਨਾ ਦਿਖਾਉਣ ਕਰਕੇ ਵੀ ਆਪ ਵਰਕਰਾਂ ਅੰਦਰ ਨਿਰਾਸ਼ਾ ਦਾ ਆਲਮ ਛਾਇਆ ਹੋਇਆ ਹੈ | ਜ਼ਿਕਰਯੋਗ ਹੈ ਕਿ ਸੰਦੀਪ ਘਨੌਰ ਪਿੰਡ ਇਕਾਈ ਦੇ ਸਕੱਤਰ, ਟਰੇਡ ਵਿੰਗ, ਸਿੱਖਿਆ ਕੋਆਰਡੀਨੇਟਰ ਅਤੇ ਯੁੱਧ ਨਸ਼ਿਆਂ ਵਿਰੁੱਧ ਧੂਰੀ ਦੇ ਸੀਨੀਅਰ ਮੈਂਬਰ ਵਜੋਂ ਪਾਰਟੀ ਵਿਚ ਸੇਵਾਵਾਂ ਨਿਭਾ ਰਹੇ ਸਨ | ਉਨ੍ਹਾਂ ਕਿਹਾ ਕਿ ਪਾਰਟੀ ਅੰਦਰ ਚਾਪਲੂਸੀ, ਖ਼ੁਦਗ਼ਰਜ਼ੀ ਅਤੇ ਹੈਂਕੜ ਭਰਿਆ ਵਤੀਰਾ ਪਾਰਟੀ ਨੂੰ ਰਸਾਤਲ ਵੱਲ ਲਿਜਾ ਰਿਹਾ ਹੈ | ਲੋਕਾਂ ਅੰਦਰ ਪਾਰਟੀ ਪ੍ਰਤੀ ਸੁਲਗ ਰਹੀ ਚੰਗਿਆਈ ਬੇਚੈਨੀ ਦੇ ਰੂਪ ਵਿਚ 2027 ਵਿਚ ਆਪਣੇ ਰੰਗ ਵਿਖਾਵੇਗੀ | ਉਨ੍ਹਾਂ ਆਪਣੇ ਰਾਜਨੀਤਿਕ ਭਵਿੱਖ ਬਾਰੇ ਕੁਝ ਕਹਿਣ ਤੋਂ ਪਾਸਾ ਵਟਿਆ |