ਲਹਿਰਾਗਾਗਾ, 19 ਫਰਵਰੀ (ਅਸ਼ੋਕ ਗਰਗ) - ਭਾਰਤੀ ਕਿਸਾਨ ਯੂਨੀਅਨ ਏਕਤਾ ਸਿੱਧੂਪੁਰ ਦੀ ਬਲਾਕ ਲਹਿਰਾ ਦੀ ਮੀਟਿੰਗ ਬਲਾਕ ਪ੍ਰਧਾਨ ਭੂਰਾ ਸਿੰਘ ਸਲੇਮਗੜ੍ਹ ਦੀ ਅਗਵਾਈ ਹੇਠ ਗੁਰਦੁਆਰਾ ਸ਼੍ਰੋਮਣੀ ਭਗਤ ਧੰਨਾ ਜੱਟ ਸਾਹਿਬ ਵਿਖੇ ਹੋਈ ਜਿਸ ਵਿਚ ਵੱਡੀ ਗਿਣਤੀ ਚ ਪਿੰਡ ਇਕਾਈਆਂ ਦੇ ਆਗੂ ਸ਼ਾਮਿਲ ਹੋਏ | ਇਸ ਸਬੰਧੀ ਜਾਣਕਾਰੀ ਦਿੰਦਿਆਂ ਬਲਾਕ ਪ੍ਰਧਾਨ ਭੂਰਾ ਸਿੰਘ ਸਲੇਮਗੜ੍ਹ, ਜਨਰਲ ਸਕੱਤਰ ਰਾਮਫਲ ਸਿੰਘ ਜਲੂਰ, ਖ਼ਜ਼ਾਨਚੀ ਲਖਵਿੰਦਰ ਸਿੰਘ ਡੂਡੀਆਂ ਨੇ ਕਿਹਾ ਕਿ ਐਮ.ਐਸ.ਪੀ. ਗਰੰਟੀ ਕਾਨੂੰਨ, ਸਵਾਮੀਨਾਥਨ ਕਮਿਸ਼ਨ ਦੀ ਰਿਪੋਰਟ, ਸਮੁੱਚੀ ਕਰਜ਼ਾ ਮੁਕਤੀ ਸਮੇਤ ਹੋਰਨਾਂ ਕਿਸਾਨ ਮੰਗਾਂ ਪ੍ਰਤੀ ਦੇਸ਼ ਦੇ ਕਿਸਾਨਾਂ ਨੂੰ ਜਾਗਰੂਕ ਕਰਨ ਲਈ ਕੰਨਿਆ ਕੁਮਾਰੀ ਤੋਂ ਕਸ਼ਮੀਰ ਤੱਕ ਕੱਢੀ ਜਾ ਰਹੀ ਕਿਸਾਨ ਜਾਗਰੂਕਤਾ ਯਾਤਰਾ ਫਰਵਰੀ ਦੇ ਆਖ਼ਰੀ, ਮਾਰਚ ਦੇ ਸ਼ੁਰੂਆਤੀ ਦਿਨਾਂ ਚ ਪੰਜਾਬ ਅੰਦਰ ਪ੍ਰਵੇਸ਼ ਕਰੇਗੀ ਤੇ ਪੰਜਾਬ 'ਚ ਇਸ ਯਾਤਰਾ ਦੌਰਾਨ ਵੱਖ-ਵੱਖ ਜ਼ਿਲਿ੍ਹਆਂ ਅੰਦਰ ਵੱਡੀਆਂ ਕਿਸਾਨ ਮਹਾ ਪੰਚਾਇਤਾਂ ਕੀਤੀਆਂ ਜਾਣਗੀਆਂ ਜਿਸ ਦੀਆਂ ਤਿਆਰੀਆਂ ਨੂੰ ਲੈ ਕੇ ਆਗੂਆਂ ਦੀਆਂ ਡਿਊਟੀਆਂ ਲਗਾਈਆਂ ਗਈਆਂ ਹਨ | ਆਗੂਆਂ ਨੇ ਦੱਸਿਆ ਕਿ 21 ਫਰਵਰੀ ਨੂੰ ਖਨੌਰੀ ਮੋਰਚੇ ਤੇ ਸ਼ਹੀਦ ਹੋਏ ਨੌਜਵਾਨ ਕਿਸਾਨ ਸ਼ੁਭਕਰਨ ਸਿੰਘ ਬੱਲੋ ਦੀ ਉਸ ਦੇ ਪਿੰਡ ਬੱਲੋ ਵਿਖੇ ਦੂਜੀ ਬਰਸੀ ਮਨਾਈ ਜਾਵੇਗੀ ਜਿਸ ਵਿਚ ਵੱਡੀ ਗਿਣਤੀ ਵਿਚ ਸ਼ਮੂਲੀਅਤ ਕੀਤੀ ਜਾਵੇਗੀ | ਆਗੂਆਂ ਨੇ ਦੱਸਿਆ ਕਿ ਧਾਰਮਿਕ ਗ੍ਰੰਥਾਂ ਦੀ ਬੇਅਦਬੀ ਖ਼ਿਲਾਫ਼ ਸਖਤ ਕਾਨੂੰਨ ਬਣਾਉਣ ਦੀ ਮੰਗ ਨੂੰ ਲੈ ਕੇ ਭਾਈ ਗੁਰਜੀਤ ਸਿੰਘ ਫ਼ੌਜੀ ਕਰੀਬ ਡੇਢ ਸਾਲ ਤੋਂ 400 ਫੁੱਟ ਉੱਚੇ ਟਾਵਰ ਤੇ ਡਟਿਆ ਹੋਇਆ ਹੈ ਪਰ ਸਰਕਾਰ ਸਖਤ ਕਾਨੂੰਨ ਬਣਾਉਣ ਤੋ ਪਾਸਾ ਵਟਦੀ ਨਜ਼ਰ ਆ ਰਹੀ ਹੈ ਜਿਸ ਨੂੰ ਲੈ ਕੇ ਟਾਵਰ ਮੋਰਚੇ ਵਲੋਂ 22 ਫਰਵਰੀ ਤੋਂ ਪੱਕਾ ਮੋਰਚਾ ਲਾਉਣ ਦਾ ਐਲਾਨ ਕੀਤਾ ਗਿਆ ਹੈ ਜਿਸ ਵਿਚ ਬੀਕੇਯੂ ਸਿੱਧੂਪੁਰ ਵਲੋਂ ਪੂਰੇ ਪੰਜਾਬ 'ਚੋਂ ਟਰੈਕਟਰ ਟਰਾਲੀਆਂ ਰਾਹੀਂ ਸ਼ਮੂਲੀਅਤ ਕਰਨ ਦੇ ਫ਼ੈਸਲੇ ਤਹਿਤ ਬਲਾਕ ਲਹਿਰਾ 'ਚ ਵੀ ਤਿਆਰੀਆਂ ਚੱਲ ਰਹੀਆਂ ਹਨ | ਇਸ ਮੌਕੇ ਬਲਾਕ ਆਗੂ ਰਿੰਕੂ ਮੂਨਕ, ਗੁਰਦਿਆਲ ਸਿੰਘ ਗਦੜਿਆਣੀ, ਗੁਰਦੀਪ ਸਿੰਘ ਜਲੂਰ, ਗੁਰਚਰਨ ਸਿੰਘ ਲਹਿਲ ਕਲਾਂ, ਮਿੱਠੂ ਸਿੰਘ ਭੂਟਾਲ ਕਲਾਂ, ਬਲਵੀਰ ਸਿੰਘ ਰੋੜੇਵਾਲਾ, ਮੇਜਰ ਸਿੰਘ ਸੁਰਜਣ ਭੈਣੀ, ਅਜੈਬ ਸਿੰਘ ਲਦਾਲ, ਮੱਖਣ ਸਿੰਘ ਗਾਗਾ, ਕਾਲਾ ਸਿੰਘ ਸੁਰਜਣ ਭੈਣੀ, ਗੁਰਜੋਤ ਸਿੰਘ ਆਲਮਪੁਰ, ਸੁਖਦੇਵ ਸਿੰਘ ਖੋਖਰ ਕਲਾਂ, ਬਿੰਦਰ ਲਹਿਲ ਕਲਾਂ, ਕਿ੍ਸ਼ਨ ਸਿੰਘ ਨੰਗਲਾ, ਸੁਨੀਲ ਰਾਮਗੜ੍ਹ, ਅਵਤਾਰ ਸਿੰਘ ਰਾਮਪੁਰਾ,ਲਾਲ ਸਿੰਘ ਖਾਈ, ਬਲਕਾਰ ਸਿੰਘ ਲਹਿਲ ਖੁਰਦ, ਰਾਮਤੇਜ ਸਿੰਘ ਡੂਡੀਆਂ, ਮਨਧੀਰ ਸਿੰਘ ਹੋਤੀਪੁਰ, ਬਲਵਿੰਦਰ ਸਿੰਘ ਭੋਲਾ, ਮੰਗੂ ਸਿੰਘ ਤੋਂ ਇਲਾਵਾ ਹੋਰ ਵੀ ਹਾਜ਼ਰ ਸਨ |