ਤਪਾ ਮੰਡੀ, 29 ਮਾਰਚ (ਵਿਜੇ ਸ਼ਰਮਾ)-ਸਥਾਨਕ ਸ਼ਹਿਰ ਅੰਦਰ ਪਾਵਰਕਾਮ ਮਹਿਕਮੇ ਵਲੋਂ ਘਰਾਂ ਦੇ ਬਾਹਰ ਲਾਏ ਬਕਸਿਆਂ ਵਿਚ ਮੀਟਰਾਂ ਦੀਆਂ ਤਾਰਾਂ ਤੋਂ ਇਲਾਵਾ ਹੋਰ ਨਿੱਜੀ ਕੰਪਨੀ ਦੀਆਂ ਤਾਰਾਂ ਦਾ ਜੰਜਾਲ ਬੁਣਿਆ ਪਿਆ ਜਿਸ ਕਰ ਕੇ ਮੁਸ਼ਕਿਲ ਆਉਣ 'ਤੇ ਮਹਿਕਮੇ ਦੇ ਮੁਲਾਜ਼ਮਾਂ ਨੂੰ ਤਾਰਾਂ ਦਾ ਹੀ ਜਲਦੀ ਜਲਦੀ ਪਤਾ ਨਹੀਂ ਲੱਗਦਾ ਕਿਉਂਕਿ ਇਹ ਤਾਰਾਂ ਦਾ ਜੰਜਾਲ ਬਠਿੰਡੇ ਵਾਲੇ ਥਰਮਲ ਪਲਾਂਟ ਤੋਂ ਘੱਟ ਨਹੀਂ ਹੈ | ਬਿਜਲੀ ਦੀਆਂ ਤਾਰਾਂ ਬਹੁਤ ਹੀ ਨੀਵੀਂਆਂ ਹੋਣ ਕਰ ਕੇ ਕਿਸੇ ਵੇਲੇ ਵੀ ਕੋਈ ਵੱਡਾ ਹਾਦਸਾ ਵਾਪਰ ਸਕਦਾ ਹੈ ਪਰ ਪਾਵਰਕਾਮ ਮਹਿਕਮਾ ਸਾਰਾ ਕੁੱਝ ਜਾਣਦਾ ਹੋਇਆ ਵੀ ਅਣਜਾਣ ਬਣਿਆ ਪਿਆ ਹੈ | ਬਾਬਾ ਮੱਠ ਦੇ ਨਿਵਾਸੀਆਂ ਨੇ ਦੱਸਿਆ ਕਿ ਜੰਡ ਵਾਲੀ ਗਲੀ ਤੋਂ ਇਲਾਵਾ ਹੋਰ ਅਜਿਹੀਆਂ ਸ਼ਹਿਰ ਦੀਆਂ ਗਲੀਆਂ ਹਨ ਜਿੱਥੇ ਬਿਜਲੀ ਮੀਟਰ ਬਕਸਿਆਂ ਤੋਂ ਖੰਭੇ ਨੂੰ ਜਾਂਦੀਆਂ ਤਾਰਾਂ ਦਾ ਜਾਲ ਬਣਿਆ ਰਹਿੰਦਾ ਹੈ ਜਿਸ ਕਰ ਕੇ ਕਿਸੇ ਵੇਲੇ ਵੀ ਕੋਈ ਵੱਡੀ ਸਮੱਸਿਆ ਆ ਸਕਦੀ ਹੈ | ਉਨ੍ਹਾਂ ਕਿਹਾ ਕਿ ਪਾਵਰਕਾਮ ਦੀਆਂ ਤਾਰਾਂ ਤੋਂ ਇਲਾਵਾ ਹੋਰ ਨਿੱਜੀ ਕੰਪਨੀ ਦੀਆਂ ਤਾਰਾਂ ਵੀ ਉਸੇ ਖੰਭੇ ਉੱਤੋਂ ਲੰਘਦੀਆਂ ਹਨ ਜਿਸ ਕਰ ਕੇ ਇਹ ਪਤਾ ਨਹੀਂ ਲੱਗਦਾ ਕਿ ਇਹ ਬਿਜਲੀ ਵਿਭਾਗ ਦੀਆਂ ਤਾਰਾਂ ਹਨ ਜਾਂ ਕਿਸੇ ਹੋਰ ਪ੍ਰਾਈਵੇਟ ਅਦਾਰੇ ਦੀਆਂ ਤਾਰਾਂ ਹਨ | ਮੁਹੱਲੇ ਦੇ ਲੋਕਾਂ ਵਲੋਂ ਪਾਵਰਕਾਮ ਦੇ ਅਧਿਕਾਰੀਆਂ ਤੋਂ ਮੰਗ ਕੀਤੀ ਗਈ ਹੈ ਕਿ ਮੀਟਰ ਵਾਲੇ ਬਕਸਿਆਂ ਵਿਚੋਂ ਜਾਂਦੀਆਂ ਵੱਡੀ ਗਿਣਤੀ ਵਿਚ ਜਾਂਦੀਆਂ ਤਾਰਾਂ ਨੂੰ ਸਹੀ ਕੀਤਾ ਜਾਵੇ ਅਤੇ ਨੀਵੀਂਆਂ ਹੋਈਆਂ ਤਾਰਾਂ ਨੂੰ ਉੱਚਾ ਕੀਤਾ ਜਾਵੇ ਕਿਉਂਕਿ ਕਈ ਥਾਵਾਂ 'ਤੇ ਤਾਂ 20-20 ਮੀਟਰਾਂ ਵਾਲੇ ਵੱਡੇ-ਵੱਡੇ ਬਕਸੇ ਮਹਿਕਮੇ ਵਲੋਂ ਲਾਏ ਗਏ ਹਨ ਪਰ ਮਹਿਕਮੇ ਵਲੋਂ ਮੀਟਰ ਬਕਸਿਆਂ 'ਚੋਂ ਜਾਂਦੀਆਂ ਤਾਰਾਂ ਨੂੰ ਸਹੀ ਨਹੀਂ ਕੀਤਾ ਗਿਆ ਹੈ ਜਿਸ ਕਰ ਕੇ ਕਿਸੇ ਵੇਲੇ ਦੀ ਕੋਈ ਵੱਡਾ ਹਾਦਸਾ ਵਾਪਰ ਸਕਦਾ ਹੈ | ਇਸ ਲਈ ਤਾਰਾਂ ਦੇ ਬਣੇ ਜੰਜਾਲ ਨੂੰ ਜਲਦੀ ਠੀਕ ਕੀਤਾ ਜਾਵੇ | ਇਸ ਸਬੰਧੀ ਜਦੋਂ ਐੱਸ.ਡੀ.ਓ. ਰਾਮ ਸਿੰਘ ਨਾਲ ਗੱਲ ਕੀਤੀ ਤਾਂ ਉਨ੍ਹਾਂ ਦੱਸਿਆ ਕਿ ਜਿਹੜੀਆਂ ਵੱਡੀਆਂ ਕੰਪਨੀਆਂ ਹਨ ਉਨ੍ਹਾਂ ਦੀ ਗੱਲਬਾਤ ਤਾਂ ਸਿੱਧੀ ਹੈੱਡ ਆਫ਼ਿਸ ਨਾਲ ਹੋ ਜਾਂਦੀ ਹੈ ਅਤੇ ਜਿਹੜੇ ਲੋਕਲ ਕੰਪਨੀਆਂ ਵਾਲੇ ਹਨ ਉਨ੍ਹਾਂ ਦੀ ਪ੍ਰਵਾਨਗੀ ਇੰਪਰੂਵਲ ਪਾਵਰਕਾਮ ਦੇ ਐਸ.ਸੀ. ਦਿੰਦੇ ਹਨ ਪਰ ਇਹ ਪਤਾ ਨਹੀਂ ਇਨ੍ਹਾਂ ਕੋਲ ਇੰਪਰੂਵਲ ਹੈ ਜਾਂ ਨਹੀਂ | ਇਸ ਸਬੰਧੀ ਜਲਦੀ ਹੀ ਨੋਟਿਸ ਕੱਢ ਕੇ ਪੁੱਛਿਆ ਜਾਵੇਗਾ ਜੇਕਰ ਖੰਭਿਆਂ 'ਤੇ ਤਾਰ ਲਾਉਣ ਦੀ ਇੰਪਰੂਵਲ ਹੈ ਤਾਂ ਠੀਕ ਹੈ ਨਹੀਂ ਇਹਨਾਂ ਸਾਰਿਆਂ ਦੀਆਂ ਤਾਰਾਂ ਬਿਜਲੀ ਖੰਭਿਆਂ ਤੋਂ ਉਤਾਰੀਆਂ ਜਾਣਗੀਆਂ | ਦੂਜਾ ਉਨ੍ਹਾਂ ਕਿਹਾ ਕਿ ਜਲਦੀ ਹੀ 20 ਮੀਟਰਾਂ ਵਾਲੇ ਬਕਸਿਆਂ ਨੂੰ ਬਦਲਿਆ ਜਾ ਰਿਹਾ ਹੈ ਉਨ੍ਹਾਂ ਦੀ ਥਾਂ 'ਤੇ ਚਾਰ ਚਾਰ ਮੀਟਰਾਂ ਵਾਲੇ ਬਕਸੇ ਜਲਦੀ ਲਾਏ ਜਾ ਰਹੇ ਹਨ | ਜਿਸ ਦੇ ਸਬੰਧ ਵਿਚ ਐਸਟੀਮੇਟ ਵੀ ਪਾਸ ਹੋ ਚੁੱਕਿਆ ਹੈ | ਉਨ੍ਹਾਂ ਕਿਹਾ ਕਿ ਜੋ ਖੰਭਿਆਂ ਦੀਆਂ ਤਾਰਾਂ ਦਾ ਜੰਜਾਲ ਬਣਿਆ ਹੋਇਆ ਹੈ | ਉਨ੍ਹਾਂ ਨੂੰ ਵੀ ਜਲਦੀ ਠੀਕ ਕਰਵਾ ਦਿੱਤਾ ਜਾਵੇਗਾ |