30-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 04-05-2026

ਬਰਨਾਲਾ ਨਗਰ ਨਿਗਮ ਚੋਣਾਂ ਸੰਬੰਧੀ ਡਰਾਫ਼ਟ ਵੋਟਰ ਸੂਚੀਆਂ ਵਿਚ ਵੱਡੀਆਂ ਖਾਮੀਆਂ-ਮੱਖਣ ਸ਼ਰਮਾ, ਮਹੇਸ਼ ਲੋਟਾ <br/>

ਗੱਲਬਾਤ ਕਰਦੇ ਹੋਏ ਕਾਂਗਰਸੀ ਆਗੂ ਮੱਖਣ ਸ਼ਰਮਾ ਅਤੇ ਮਹੇਸ਼ ਕੁਮਾਰ ਲੋਟਾ | ਤਸਵੀਰ: ਰਿੰਪੀ ਸਟੂਡੀਓ <br/> 04-05-2026
ਬਰਨਾਲਾ, 3 ਮਈ (ਗੁਰਪ੍ਰੀਤ ਸਿੰਘ ਲਾਡੀ)-ਬਰਨਾਲਾ ਨਗਰ ਨਿਗਮ ਦੀਆਂ ਆਉਣ ਵਾਲੀਆਂ ਚੋਣਾਂ ਤੋਂ ਪਹਿਲਾਂ ਵਾਰਡਾਂ ਦੀ ਹੱਦਬੰਦੀ ਅਤੇ ਵੋਟਰ ਸੂਚੀਆਂ ਨੂੰ ਲੈ ਕੇ ਸਿਆਸੀ ਮਾਹੌਲ ਪੂਰੀ ਤਰ੍ਹਾਂ ਭਖਿਆ ਹੋਇਆ ਹੈ | ਵੱਖ-ਵੱਖ ਸਿਆਸੀ ਪਾਰਟੀਆਂ ਦੇ ਆਗੂਆਂ ਨੇ ਪ੍ਰਸ਼ਾਸਨ ਵਲੋਂ ਜਾਰੀ ਕੀਤੀਆਂ ਡਰਾਫ਼ਟ ਵੋਟਰ ਸੂਚੀਆਂ 'ਤੇ ਗੰਭੀਰ ਸਵਾਲ ਖੜ੍ਹੇ ਕਰਦਿਆਂ ਇਨ੍ਹਾਂ ਨੂੰ ਹੱਦਬੰਦੀ ਦੇ ਨਕਸ਼ਿਆਂ ਦੇ ਬਿਲਕੁਲ ਉਲਟ ਦੱਸਿਆ ਹੈ | ਕਾਂਗਰਸ ਦੇ ਸਾਬਕਾ ਜ਼ਿਲ੍ਹਾ ਪ੍ਰਧਾਨ ਮੱਖਣ ਸ਼ਰਮਾ ਅਤੇ ਬਲਾਕ ਕਾਂਗਰਸ ਦੇ ਪ੍ਰਧਾਨ ਮਹੇਸ਼ ਕੁਮਾਰ ਲੋਟਾ ਨੇ ਕਿਹਾ ਕਿ ਪ੍ਰਸ਼ਾਸਨ ਵਲੋਂ ਵਾਰਡਾਂ ਦੀ ਹੱਦਬੰਦੀ ਤੋਂ ਬਾਅਦ ਤਿਆਰ ਕੀਤੀਆਂ ਗਈਆਂ ਵੋਟਰ ਸੂਚੀਆਂ ਵਿਚ ਭਾਰੀ ਗੜਬੜੀਆਂ ਹਨ | ਵਾਰਡਬੰਦੀ ਦੇ ਨਕਸ਼ੇ ਮੁਤਾਬਿਕ ਵੋਟਰ ਸੂਚੀਆਂ ਮੇਲ ਨਹੀਂ ਖਾ ਰਹੀਆਂ ਅਤੇ ਇੱਕ ਵਾਰਡ ਦੇ ਵੋਟਰਾਂ ਨੂੰ ਤਿੰਨ-ਤਿੰਨ ਵਾਰਡਾਂ ਵਿਚ ਸ਼ਾਮਲ ਕਰ ਦਿੱਤਾ ਗਿਆ ਹੈ | ਉਕਤ ਆਗੂਆਂ ਨੇ ਪ੍ਰਸ਼ਾਸਨਿਕ ਕਾਰਜ ਪ੍ਰਣਾਲੀ 'ਤੇ ਵਿਅੰਗ ਕਰਦਿਆਂ ਅਤੇ ਦਾਅਵੇ ਨਾਲ ਕਿਹਾ ਕਿ ਜੇਕਰ ਕੋਈ ਵੀ ਪ੍ਰਸ਼ਾਸਨਿਕ ਅਧਿਕਾਰੀ ਜਾਂ ਨਗਰ ਨਿਗਮ ਦਾ ਅਧਿਕਾਰੀ ਇਹ ਸਾਬਤ ਕਰ ਦੇਵੇ ਕਿ ਇਹ ਵੋਟਰ ਸੂਚੀਆਂ ਹੱਦਬੰਦੀ ਦੇ ਨਕਸ਼ੇ ਅਨੁਸਾਰ ਬਿਲਕੁਲ ਸਹੀ ਹਨ ਤਾਂ ਉਹ ਉਸ ਅਧਿਕਾਰੀ ਨੂੰ 2 ਲੱਖ ਰੁਪਏ ਦਾ ਨਕਦ ਇਨਾਮ ਦੇਣਗੇ | ਉਨ੍ਹਾਂ ਇਹ ਮੰਗ ਕੀਤੀ ਕਿ ਗ਼ਲਤ ਵੋਟਰ ਸੂਚੀਆਂ ਤਿਆਰ ਕਰਨ ਵਾਲੇ ਅਧਿਕਾਰੀਆਂ ਦੇ ਖ਼ਿਲਾਫ਼ ਚੋਣ ਕਮਿਸ਼ਨ ਵਲੋਂ ਸਖ਼ਤ ਕਾਨੂੰਨੀ ਕਾਰਵਾਈ ਕੀਤੀ ਜਾਣੀ ਚਾਹੀਦੀ ਹੈ | ਆਗੂਆਂ ਨੇ ਦੱਸਿਆ ਕਿ ਸ਼ਹਿਰ ਵਾਸੀਆਂ ਵਲੋਂ ਡਰਾਫ਼ਟ ਵੋਟਰ ਸੂਚੀਆਂ ਦੀ ਪੜਤਾਲ ਤੋਂ ਬਾਅਦ 20 ਹਜ਼ਾਰ ਤੋਂ ਵੱਧ ਵੋਟਾਂ ਉਪਰ ਪ੍ਰਸ਼ਾਸਨ ਕੋਲ ਆਪਣੇ ਇਤਰਾਜ਼ ਦਰਜ ਕਰਵਾਏ ਗਏ ਹਨ | ਕਿਸੇ ਵਾਰਡ ਵਿਚ ਸਿਰਫ਼ 1000 ਵੋਟ, ਕਿਸੇ ਵਿਚ 1500 ਵੋਟ ਅਤੇ ਕਿਸੇ ਵਾਰਡ ਵਿਚ 2500 ਤੋਂ ਵਧੇਰੇ ਵੋਟ ਬਣਾਈ ਗਈ ਹੈ | ਵਾਰਡਾਂ ਵਿਚ ਵੋਟਾਂ ਦਾ ਵੱਡਾ ਅੰਤਰ ਪ੍ਰਸ਼ਾਸਨ ਦੀ ਅਣਗਹਿਲੀ ਨੂੰ ਪੂਰੀ ਤਰ੍ਹਾਂ ਉਜਾਗਰ ਕਰਦਾ ਹੈ | ਉਨ੍ਹਾਂ ਕਿਹਾ ਕਿ ਜੇਕਰ ਪ੍ਰਸ਼ਾਸਨ ਨੇ ਲੋਕਾਂ ਵਲੋਂ ਉਠਾਏ ਗਏ ਇਤਰਾਜ਼ਾਂ ਦਾ ਨਿਪਟਾਰਾ ਨਾ ਕੀਤਾ ਅਤੇ ਵੋਟਰ ਸੂਚੀਆਂ ਵਿਚ ਸੁਧਾਰ ਨਾ ਲਿਆਂਦਾ ਤਾਂ ਉਨ੍ਹਾਂ ਵਲੋਂ ਮਾਨਯੋਗ ਪੰਜਾਬ ਅਤੇ ਹਰਿਆਣਾ ਹਾਈਕੋਰਟ ਦਾ ਦਰਵਾਜ਼ਾ ਖੜਕਾਇਆ ਜਾਵੇਗਾ |

ਪਿਛਲੀ ਖ਼ਬਰ ਸਰਦਾਰ ਜੱਸਾ ਸਿੰਘ ਰਾਮਗੜ੍ਹੀਆ ਦੇ ਜਨਮ ਦਿਵਸ ਨੂੰ ਸਮਰਪਿਤ ਤਿੰਨ ਰੋਜ਼ਾ ਧਾਰਮਿਕ ਸਮਾਗਮ ਕਰਵਾਇਆ <br/> ਅਗਲੀ ਖ਼ਬਰ ਪੈਨਸ਼ਨਰਜ਼ ਨੇ ਆਪਣੀਆਂ ਮੰਗਾਂ ਨੂੰ ਲੈ ਕੇ ਪੰਜਾਬ ਸਰਕਾਰ ਖ਼ਿਲਾਫ਼ ਰੋਸ ਜ਼ਾਹਿਰ ਕੀਤਾ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।