ਹੰਡਿਆਇਆ, 10 ਮਈ (ਗੁਰਜੀਤ ਸਿੰਘ ਖੁੱਡੀ)-ਸੂਬੇ ਭਰ ਅੰਦਰ ਸਫ਼ਾਈ ਸੇਵਕ ਯੂਨੀਅਨ ਦੇ ਸੱਦੇ 'ਤੇ ਕਸਬਾ ਹੰਡਿਆਇਆ ਵਿਖੇ ਵੀ ਸਫ਼ਾਈ ਸੇਵਕਾ ਦੀ ਹੜਤਾਲ ਪੰਜਵੇਂ ਦਿਨ ਵਿਚ ਸ਼ਾਮਿਲ ਹੋ ਗਈ | ਜਿਸ ਕਰ ਕੇ ਕਸਬੇ ਅੰਦਰ ਸਫ਼ਾਈ ਨਾ ਹੋਣ ਕਰ ਕੇ ਗੰਦਗੀ ਦੇ ਢੇਰ ਲੱਗੇ ਪਏ ਹਨ | ਸਥਾਨਕ ਵਾਸੀਆਂ ਵਲੋਂ ਕੂੜਾ ਨਾਲੀਆਂ, ਗਲੀਆਂ ਵਿਚ ਸੁੱਟਣ ਕਰ ਕੇ ਨਾਲੀਆਂ ਅਤੇ ਨਿਕਾਸੀ ਨਾਲੇ ਬੰਦ ਹੋਏ ਪਏ ਹਨ | ਜਿਸ ਕਰ ਕੇ ਗੰਦਗੀ ਦੇ ਕਾਰਨ ਬਿਮਾਰੀਆਂ ਫੈਲਣ ਦਾ ਖ਼ਦਸ਼ਾ ਬਣਿਆ ਹੋਇਆ ਹੈ | ਹੰਡਿਆਇਆ ਵਿਖੇ ਬਣੇ ਆਮ ਆਦਮੀ ਕਲੀਨਿਕ ਦੇ ਗੇਟ ਨੇੜੇ ਵਾਸੀਆਂ ਵਲੋਂ ਕੂੜਾ ਸੱੁਟਣ ਕਰ ਕੇ ਆਉਣ ਜਾਣ ਵਾਲੇ ਮਰੀਜ਼ਾਂ ਨੂੰ ਬਦਬੂ ਮਾਰਦੀ ਰਹਿੰਦੀ ਹੈ | ਕਸਬਾ ਨਿਵਾਸੀ ਮਨਦੀਪ ਕੁਮਾਰ, ਗੁਰਤੇਜ ਸਿੰਘ ਰਾਣਾ, ਕੁਲਦੀਪ ਸਿੰਘ, ਬਲਵਿੰਦਰ ਸਿੰਘ, ਰਾਜ ਕੁਮਾਰ ਆਦਿ ਨੇ ਕਿਹਾ ਕਿ ਸਫ਼ਾਈ ਨਾ ਹੋਣ ਕਰ ਕੇ ਨਾਲੀਆਂ ਦਾ ਗੰਦਾ ਪਾਣੀ ਗਲੀਆਂ ਵਿਚ ਆ ਜਾਂਦਾ ਹੈ | ਖ਼ਾਸ ਕਰ ਕੇ ਮੇਨ ਦਰਵਾਜ਼ੇ ਤੋਂ ਲੈ ਕੇ ਬੈਂਕ ਤੱਕ ਗੰਦਾ ਪਾਣੀ ਰੋਜ਼ਾਨਾ ਗਲੀ 'ਚ ਫਿਰਦਾ ਰਹਿੰਦਾ ਹੈ | ਉਨ੍ਹਾਂ ਕਿਹਾ ਕਿ ਗੰਦੇ ਪਾਣੀ ਦੇ ਨਿਕਾਸੀ ਨਾਲੀਆਂ ਦੀ ਸਫ਼ਾਈ ਕਰਵਾਈ ਜਾਵੇ | ਉਨ੍ਹਾਂ ਅੱਗੇ ਕਿਹਾ ਕਿ ਪਿਛਲੇ ਸਾਲ ਨਿਕਾਸੀ ਨਾਲੇ ਦੀ ਸਫ਼ਾਈ ਤਾਂ ਕਰਵਾ ਦਿੱਤੀ ਸੀ ਪਰ ਠੇਕੇਦਾਰ ਵਲੋਂ ਗੰਦਗੀ ਚੁਕਵਾਈ ਨਹੀਂ ਗਈ | ਉਨ੍ਹਾਂ ਡਿਪਟੀ ਕਮਿਸ਼ਨਰ ਬਰਨਾਲਾ ਤੇ ਕਾਰਜ ਸਾਧਕ ਅਫ਼ਸਰ ਹੰਡਿਆਇਆ ਪਾਸੋਂ ਮੰਗ ਕੀਤੀ ਕਿ ਸਫ਼ਾਈ ਦੇ ਪੁਖ਼ਤਾ ਪ੍ਰਬੰਧ ਕਰਵਾਏ ਜਾਣ 'ਤੇ ਬਰਸਾਤਾਂ ਤੋਂ ਪਹਿਲਾਂ-ਪਹਿਲਾਂ ਨਿਕਾਸੀ ਨਾਲਿਆਂ ਦੀ ਸਫ਼ਾਈ ਕਰਵਾ ਕੇ ਕੂੜਾ ਚੁਕਵਾਇਆ ਜਾਵੇ |