ਤਪਾ ਮੰਡੀ, 10 ਮਈ (ਵਿਜੇ ਸ਼ਰਮਾ)-ਨੇੜਲੇ ਪਿੰਡ ਢਿੱਲਵਾਂ ਦੇ ਬੇਰੁਜ਼ਗਾਰ ਆਗੂ ਸੁਖਵਿੰਦਰ ਸਿੰਘ ਢਿੱਲਵਾਂ ਨੂੰ ਪਿਛਲੇ ਦਿਨੀਂ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਸਥਾਨਕ ਜ਼ਿਲ੍ਹੇ ਵਿਚ ਆਮਦ ਤੋਂ ਪਹਿਲਾਂ ਥਾਣਾ ਧਨੌਲਾ ਦੀ ਪੁਲਿਸ ਵਲੋਂ ਗਿ੍ਫ਼ਤਾਰ ਕਰ ਕੇ ਪਰਚਾ ਦਰਜ ਕਰਨ ਉਪਰੰਤ ਜ਼ਿਲ੍ਹਾ ਜੇਲ੍ਹ ਬਰਨਾਲਾ ਅੰਦਰ ਭੇਜ ਦਿੱਤਾ ਸੀ | ਪਤਾ ਲੱਗਦੇ ਹੀ ਰੋਹ ਵਿਚ ਆਈਆਂ ਜ਼ਿਲ੍ਹਾ ਭਰ ਦੀਆਂ ਇਨਕਲਾਬੀ, ਸੰਘਰਸ਼ੀ ਜਥੇਬੰਦੀਆਂ ਅਤੇ ਨਗਰ ਢਿੱਲਵਾਂ ਦੇ ਲੋਕਾਂ ਦੇ ਸਾਥ ਸਦਕਾ ਸੁਖਵਿੰਦਰ ਸਿੰਘ ਨੂੰ ਬਿਨਾਂ ਸ਼ਰਤ ਰਿਹਾਅ ਕਰਵਾ ਕੇ ਸ਼ਾਨੋ-ਸ਼ੌਕਤ ਨਾਲ ਉਨ੍ਹਾਂ ਦੇ ਘਰ ਪਿੰਡ ਢਿੱਲਵਾਂ ਵਿਚ ਛੱਡਿਆ ਗਿਆ | ਉਨ੍ਹਾਂ ਦੱਸਿਆ ਕਿ ਭਾਵੇਂ ਮੁੱਖ ਮੰਤਰੀ ਭਗਵੰਤ ਮਾਨ ਵਲੋਂ ਸ਼ੁਕਰਾਨਾ ਯਾਤਰਾ ਦੀ ਆੜ ਹੇਠ ਚੋਣ ਯਾਤਰਾ ਆਰੰਭ ਕੀਤੀ ਗਈ ਸੀ | ਪਰ ਬੇਰੁਜ਼ਗਾਰ ਸਾਂਝੇ ਮੋਰਚੇ ਨੇ ਫ਼ੈਸਲਾ ਕੀਤਾ ਸੀ ਕਿ ਉਹ ਮੁੱਖ ਮੰਤਰੀ ਭਗਵੰਤ ਮਾਨ ਨੂੰ ਨਾ ਹੀ ਕਾਲੇ ਝੰਡੇ ਵਿਖਾਉਣਗੇ ਅਤੇ ਨਾ ਹੀ ਉਨ੍ਹਾਂ ਖ਼ਿਲਾਫ਼ ਮੁਰਦਾਬਾਦ ਦੀ ਨਾਅਰੇਬਾਜ਼ੀ ਕਰਨਗੇ, ਪ੍ਰੰਤੂ ਫਿਰ ਵੀ ਬੌਖਲਾਹਟ ਵਿਚ ਆਈ ਸਰਕਾਰ ਨੇ ਉਨ੍ਹਾਂ ਨੂੰ ਪੱਕੇ ਮੋਰਚੇ ਤੋਂ ਵਾਪਸੀ ਮੌਕੇ ਬਡਬਰ ਟੋਲ ਪਲਾਜ਼ਾ ਤੋਂ ਗਿ੍ਫ਼ਤਾਰ ਕਰ ਕੇ ਆਪਣੀ ਕਮਜ਼ੋਰੀ ਦਾ ਸਬੂਤ ਦਿੱਤਾ ਹੈ | ਉਨ੍ਹਾਂ ਦੱਸਿਆ ਕਿ ਉਨ੍ਹਾਂ ਨੂੰ ਪਹਿਲਾਂ ਥਾਣਾ ਧਨੌਲਾ ਅਤੇ ਫਿਰ ਥਾਣਾ ਤਪਾ ਲਿਆਂਦਾ ਗਿਆ | ਦੇਰ ਰਾਤ ਉਨ੍ਹਾਂ ਨੂੰ ਜ਼ਿਲ੍ਹਾ ਜੇਲ੍ਹ ਬਰਨਾਲਾ ਵਿਚ ਭੇਜ ਦਿੱਤਾ ਗਿਆ | ਅਗਲੇ ਦਿਨ ਪਤਾ ਲੱਗਦੇ ਹੀ ਵੱਡੀ ਗਿਣਤੀ ਵਿਚ ਜਥੇਬੰਦੀਆਂ ਨੇ ਪ੍ਰਸ਼ਾਸਨ ਨਾਲ ਰਾਬਤਾ ਕੀਤਾ ਅਤੇ ਜੇਲ੍ਹ ਅੱਗੇ ਵੱਡਾ ਰੋਸ ਪ੍ਰਦਰਸ਼ਨ ਕਰਨ ਦਾ ਸੱਦਾ ਦਿੱਤਾ ਹੋਇਆ ਸੀ | ਸਮੂਹ ਜਥੇਬੰਦੀਆਂ ਅਤੇ ਬੇਰੁਜ਼ਗਾਰ ਸਾਂਝੇ ਮੋਰਚੇ ਦੀ ਮੰਗ ਸੀ ਕਿ ਬੇਰੁਜ਼ਗਾਰ ਆਗੂ ਸੁਖਵਿੰਦਰ ਸਿੰਘ ਢਿੱਲਵਾਂ ਨੂੰ ਬਿਨਾਂ ਸ਼ਰਤ ਰਿਹਾਅ ਕੀਤਾ ਜਾਵੇ | ਪਰੰਤੂ ਸਰਕਾਰ ਵਲੋਂ ਜ਼ਮਾਨਤ ਉੱਪਰ ਰਿਹਾਅ ਕਰਵਾਉਣ ਲਈ ਦਬਾਅ ਪਾਇਆ ਜਾ ਰਿਹਾ ਸੀ | ਆਖ਼ਰ ਵਿਚ ਲੋਕਾਂ ਦੇ ਸੰਘਰਸ਼ ਅੱਗੇ ਝੁਕਦਿਆਂ ਪੰਜਾਬ ਸਰਕਾਰ ਅਤੇ ਜ਼ਿਲ੍ਹਾ ਪ੍ਰਸ਼ਾਸਨ ਨੇ ਉਨ੍ਹਾਂ ਦੀ ਬਿਨਾਂ ਸ਼ਰਤ ਰਿਹਾਈ ਕੀਤੀ | ਇਸ ਮੌਕੇ ਰੂਪ ਸਿੰਘ ਢਿੱਲਵਾਂ, ਗੋਰਾ ਸਿੰਘ ਢਿੱਲਵਾਂ, ਜਗਤਾਰ ਸਿੰਘ ਢਿੱਲਵਾਂ, ਭਿੰਦਾ ਸਿੰਘ ਢਿੱਲਵਾਂ, ਅਮਨਦੀਪ ਸਿੰਘ ਪੰਚ, ਸਤਵੰਤ ਸਿੰਘ, ਹਰਪ੍ਰੀਤ ਸਿੰਘ ਖਾਲਸਾ, ਗੁਰਜੰਟ ਸਿੰਘ ਖਾਲਸਾ, ਮੇਲਾ ਸਿੰਘ, ਪੂਰਨ ਸਿੰਘ, ਗੁਰਮੀਤ ਸਿੰਘ, ਮੰਦਰ ਸਿੰਘ, ਸੁਖਪਾਲ ਖ਼ਾਨ, ਰਣਜੀਤ ਮੌੜ, ਕਰਮਜੀਤ ਸਿੰਘ ਜਗਜੀਤਪੁਰਾ, ਅਵਤਾਰ ਭੁੱਲਰ ਹੇੜੀ, ਮਨਦੀਪ ਸਿੰਘ ਭੱਦਲਵੱਡ, ਤਜਿੰਦਰ ਪਾਲ ਸਿੰਘ ਮਾਨਾ ਵਾਲਾ, ਕੁਲਦੀਪ ਬਲਸਾਰਾ, ਸਾਬਕਾ ਸਰਪੰਚ ਟੇਕ ਸਿੰਘ, ਲਖਵਿੰਦਰ ਸਿੰਘ, ਬਹਾਦਰ ਸਿੰਘ, ਰੂਪ ਸਿੰਘ, ਬੂਟਾ ਸਿੰਘ, ਚਰਨਜੀਤ ਕੌਰ, ਅਮਰ ਕੌਰ, ਰਾਣੀ ਕੌਰ, ਤਰਸੇਮ ਸਿੰਘ, ਗੁਰਪ੍ਰੀਤ ਸਿੰਘ ਗਾਜ਼ੀਪੁਰ, ਜੋਨੀ ਭੀਖੀ, ਰਾਕੇਸ਼ ਮਾਨਸਾ, ਹਰਦੀਪ ਸਿੰਘ, ਭੁਪਿੰਦਰ ਸਿੰਘ ਭਵਾਨੀਗੜ੍ਹ ਆਦਿ ਹਾਜ਼ਰ ਸਨ |