ਬਰਨਾਲਾ, 11 ਮਈ (ਅਸ਼ੋਕ ਭਾਰਤੀ)-ਯੂਨੀਵਰਸਿਟੀ ਕਾਲਜ ਬਰਨਾਲਾ ਵਿਖੇ ਪਿਛਲੇ ਲਗਭਗ 13 ਸਾਲਾਂ ਤੋਂ ਕੰਟਰੈਕਟ ਆਧਾਰ 'ਤੇ ਸੇਵਾਵਾਂ ਨਿਭਾਅ ਰਹੀ ਸਹਾਇਕ ਪ੍ਰੋਫੈਸਰ ਡਾ: ਹਰਪ੍ਰੀਤ ਕੌਰ ਰੂਬੀ ਨਾਲ ਕਾਲਜ ਇੰਚਾਰਜ ਵਲੋਂ ਕੀਤੀ ਜਾ ਰਹੀ ਧੱਕੇਸ਼ਾਹੀ ਵਿਰੁੱਧ ਪੰਜਾਬੀ ਯੂਨੀਵਰਸਿਟੀ ਦੇ ਕਾਂਸਟੀਚੂਐਂਟ ਕਾਲਜਾਂ ਦੇ ਕੰਟਰੈਕਟ ਅਧਿਆਪਕਾਂ ਨੇ ਇਕੱਠੇ ਹੋ ਕੇ ਕਾਂਸਟੀਚੂਐਂਟ ਕਾਲਜ ਬਰਨਾਲਾ ਵਿਖੇ ਧਰਨਾ ਦਿੱਤਾ | ਇਸ ਮੌਕੇ ਡਾ: ਹਰਪ੍ਰੀਤ ਕੌਰ ਰੂਬੀ ਨੇ ਕਿਹਾ ਕਿ ਮੈ ਆਪਣੀ ਇਸ ਹੱਕੀ ਮੰਗ ਪ੍ਰਤੀ ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਵਾਈਸ ਚਾਂਸਲਰ ਡਾ: ਜਗਦੀਪ ਸਿੰਘ ਅਤੇ ਡਾਇਰੈਕਟਰ ਕਾਂਸਟੀਚੂਐਂਟ ਕਾਲਜਾਂ ਪ੍ਰੋ: ਅਮਰਿੰਦਰ ਸਿੰਘ ਨੂੰ ਵੀ ਕਈ ਵਾਰ ਮਿਲ ਚੁੱਕੇ ਹਨ ਪਰ ਉੱਚ ਅਧਿਕਾਰੀਆਂ ਦੇ ਵਾਰ-ਵਾਰ ਕਹਿਣ ਦੇ ਬਾਵਜੂਦ ਵੀ ਕਾਲਜ ਇੰਚਾਰਜ ਮਸਲੇ ਦੇ ਹੱਲ ਲਈ ਬਣਦੀ ਕਾਰਵਾਈ ਨਹੀਂ ਕਰ ਰਹੀ | ਹੁਣ ਉੱਚ ਅਧਿਕਾਰੀਆਂ ਵਲੋਂ ਵੀ ਕੇਵਲ ਭਰੋਸਾ ਹੀ ਮਿਲ ਰਿਹਾ ਹੈ ਅਤੇ ਪਰਨਾਲਾ ਉੱਥੇ ਦਾ ਉੱਥੇ ਹੈ | ਉਨ੍ਹਾਂ ਯੂਨੀਵਰਸਿਟੀ ਪ੍ਰਸ਼ਾਸਨ ਤੋਂ ਮੰਗ ਕੀਤੀ ਹੈ ਕਿ ਇਸ ਮਸਲੇ ਦਾ ਜਲਦੀ ਤੋਂ ਜਲਦੀ ਹੱਲ ਕੱਢਿਆ ਜਾਵੇ ਨਹੀਂ ਤਾਂ ਮਜਬੂਰ ਹੋ ਕੇ ਉਨ੍ਹਾਂ ਨੂੰ ਆਪਣਾ ਸੰਘਰਸ਼ ਤਿੱਖਾ ਕਰਨਾ ਪਵੇਗਾ | ਧਰਨੇ ਦੌਰਾਨ ਸਹਾਇਕ ਪ੍ਰੋਫੈਸਰ ਡਾ: ਤਰਨਜੀਤ ਕੌਰ ਨੇ ਦੱਸਿਆ ਕਿ ਉਨ੍ਹਾਂ ਨੂੰ ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਡਾਇਰੈਕਟਰ ਆਫ਼ਿਸ ਵਲੋਂ ਫ਼ੋਨ ਆਇਆ ਹੈ ਜਿਸ ਵਿਚ ਉਨ੍ਹਾਂ ਦਾ ਮਸਲਾ ਕੱਲ੍ਹ ਹੱਲ ਕਰਨ ਦਾ ਭਰੋਸਾ ਦਿੱਤਾ ਗਿਆ ਹੈ | ਜਦੋਂ ਇਸ ਸਬੰਧੀ ਯੂਨੀਵਰਸਿਟੀ ਕਾਲਜ ਦੇ ਇੰਚਾਰਜ ਡਾ: ਵਿਭਾ ਅਗਰਵਾਲ ਨਾਲ ਸੰਪਰਕ ਕੀਤਾ ਉਨ੍ਹਾਂ ਕਿਹਾ ਕਿ ਇਨ੍ਹਾਂ ਦਾ ਕੇਸ ਯੂਨੀਵਰਸਿਟੀ ਪ੍ਰਸ਼ਾਸਨ ਕੋਲ ਹੈ, ਇਸ ਸਬੰਧੀ ਕੁੱਝ ਵੀ ਦੱਸਣ ਜਾਂ ਕਹਿਣ ਦਾ ਅਧਿਕਾਰ ਮੇਰੇ ਕੋਲ ਨਹੀਂ ਹੈ |