ਬਰਨਾਲਾ, 19 ਮਈ (ਗੁਰਪ੍ਰੀਤ ਸਿੰਘ ਲਾਡੀ)-ਸਰਬੱਤ ਦਾ ਭਲਾ ਟਰੱਸਟ ਜ਼ਿਲ੍ਹਾ ਬਰਨਾਲਾ ਵਲੋਂ ਗੁਰਦੁਆਰਾ ਤਪ ਅਸਥਾਨ ਬੀਬੀ ਪ੍ਰਧਾਨ ਕੌਰ ਜੀ ਬਰਨਾਲਾ ਵਿਖੇ 100 ਦੇ ਕਰੀਬ ਲੋੜਵੰਦਾਂ, ਅਪਾਹਜਾਂ ਅਤੇ ਮੈਡੀਕਲ ਮਦਦ ਵਾਲੇ ਮਰੀਜ਼ਾਂ ਨੂੰ ਚੈੱਕ ਵੰਡੇ ਗਏ | ਟਰੱਸਟ ਦੇ ਜ਼ਿਲ੍ਹਾ ਪ੍ਰਧਾਨ ਕੈਪਟਨ ਗੁਰਜਿੰਦਰ ਸਿੰਘ ਸਿੱਧੂ ਨੇ ਦੱਸਿਆ ਸੰਸਥਾ ਵਲੋਂ ਸ੍ਰੀ ਆਨੰਦਪੁਰ ਸਾਹਿਬ ਵਿਖੇ ਇਕ ਵੱਡੀ ਯੂਨੀਵਰਸਿਟੀ ਦਾ ਨਿਰਮਾਣ ਕੀਤਾ ਗਿਆ ਹੈ ਜਿੱਥੇ ਨੌਜਵਾਨਾਂ ਨੂੰ ਮਿਆਰੀ ਵਿੱਦਿਆ ਬਹੁਤ ਹੀ ਵਾਜਬ ਫ਼ੀਸਾਂ 'ਤੇ ਦਿੱਤੀ ਜਾਵੇਗੀ | ਉਨ੍ਹਾਂ ਕਿਹਾ ਕਿ ਟਰੱਸਟ ਦੇ ਚੇਅਰਮੈਨ ਡਾ: ਐਸ.ਪੀ. ਸਿੰਘ ਓਬਰਾਏ ਦਾ ਇਹ ਸੁਪਨਾ ਸੀ ਕਿ ਮੇਰੇ ਸੋਹਣੇ ਪੰਜਾਬ ਦੇ ਨੌਜਵਾਨ ਬੱਚੇ ਚੰਗੀ ਉੱਚ ਵਿੱਦਿਆ ਹਾਸਲ ਕਰ ਕੇ ਕਾਮਯਾਬ ਮਨੁੱਖ ਬਣਨ | ਟਰੱਸਟ ਵਲੋਂ ਫ਼ੈਸਲਾ ਲਿਆ ਗਿਆ ਹੈ ਕਿ ਪੜ੍ਹਾਈ ਅਤੇ ਸਿਹਤ ਦੇ ਖੇਤਰ ਵਿਚ ਜ਼ਿਆਦਾ ਧਿਆਨ ਦਿੱਤਾ ਜਾਵੇਗਾ | ਜਿਹੜੇ ਅਤੀ ਗ਼ਰੀਬ ਅਤੇ 70 ਪ੍ਰਤੀਸ਼ਤ ਤੋਂ ਵੱਧ ਅਪਾਹਜ ਹਨ ਨੂੰ ਹੀ ਮਹੀਨਾਵਾਰ ਪੈਨਸ਼ਨ ਦਿੱਤੀ ਜਾਵੇਗੀ | ਇਸ ਮੌਕੇ ਸੂਬੇਦਾਰ ਗੁਰਜੰਟ ਸਿੰਘ, ਕੁਲਵਿੰਦਰ ਸਿੰਘ ਕਾਲਾ, ਗੁਰਜੰਟ ਸਿੰਘ ਸੋਨਾ, ਜਥੇਦਾਰ ਸੁਖਦਰਸ਼ਨ ਸਿੰਘ, ਗੁਰਮੀਤ ਸਿੰਘ ਧੌਲਾ, ਰਾਜਿੰਦਰ ਪ੍ਰਸ਼ਾਦ ਸਿੰਗਲਾ, ਹੌਲਦਾਰ ਬਸੰਤ ਸਿੰਘ ਉੱਗੋਕੇ, ਗੁਰਦੇਵ ਸਿੰਘ ਮੱਕੜ ਹਾਜ਼ਰ ਸਨ |