ਬਰਨਾਲਾ, 4 ਜੂਨ (ਗੁਰਪ੍ਰੀਤ ਸਿੰਘ ਲਾਡੀ)ਭਾਰਤੀ ਜਨਤਾ ਪਾਰਟੀ ਪੰਜਾਬ ਦੇ ਨਵ-ਨਿਯੁਕਤ ਪ੍ਰਧਾਨ ਸ: ਕੇਵਲ ਸਿੰਘ ਢਿੱਲੋਂ ਦੇ ਤਾਜਪੋਸ਼ੀ ਸਮਾਗਮ ਮੌਕੇ ਬਰਨਾਲਾ ਦੇ ਭਾਜਪਾ ਆਗੂਆਂ ਵਲੋਂ ਉਨ੍ਹਾਂ ਨਾਲ ਮੁਲਾਕਾਤ ਕਰ ਕੇ ਵਧਾਈਆਂ ਦਿੱਤੀਆਂ ਗਈਆਂ | ਟਰੱਕ ਯੂਨੀਅਨ ਬਰਨਾਲਾ ਦੇ ਸਾਬਕਾ ਪ੍ਰਧਾਨ ਗੁਰਜਿੰਦਰ ਸਿੰਘ ਪੱਪੀ ਸੰਧੂ, ਸੀਨੀਅਰ ਭਾਜਪਾ ਆਗੂ ਜਸਵੀਰ ਸਿੰਘ ਗੱਖੀ, ਬਹਾਦਰ ਸਿੰਘ ਮਾਨ, ਗੁਰਪ੍ਰੀਤ ਸਿੰਘ ਪੰਡੋਰੀ, ਸੁਰਿੰਦਰ ਸਿੰਘ ਫ਼ੌਜੀ ਅਤੇ ਹੋਰ ਆਗੂਆਂ ਸ: ਕੇਵਲ ਸਿੰਘ ਢਿੱਲੋਂ ਨੂੰ ਨਵੀਂ ਜ਼ਿੰਮੇਵਾਰੀ ਮਿਲਣ 'ਤੇ ਸ਼ੁੱਭਕਾਮਨਾਵਾਂ ਭੇਟ ਕੀਤੀਆਂ | ਆਗੂਆਂ ਨੇ ਕਿਹਾ ਕਿ ਸ: ਢਿੱਲੋਂ ਇਕ ਅਜਿਹੀ ਲੋਕਪਿ੍ਯ ਅਤੇ ਜ਼ਮੀਨੀ ਸ਼ਖ਼ਸੀਅਤ ਹਨ ਜੋ ਹਮੇਸ਼ਾ ਆਪਣੇ ਵਰਕਰਾਂ ਦੇ ਨਾਲ ਚਟਾਨ ਵਾਂਗ ਖੜ੍ਹਦੇ ਹਨ | ਉਹ ਹਰ ਇੱਕ ਦੇ ਦੁੱਖ-ਸੁੱਖ ਵਿਚ ਸ਼ਰੀਕ ਹੁੰਦੇ ਹਨ ਅਤੇ ਪਾਰਟੀ ਵਰਕਰਾਂ ਨੂੰ ਆਪਣੇ ਪਰਿਵਾਰ ਦਾ ਹਿੱਸਾ ਸਮਝਦੇ ਹਨ | ਉਨ੍ਹਾਂ ਦੀ ਇਹੀ ਖ਼ਾਸੀਅਤ ਉਨ੍ਹਾਂ ਨੂੰ ਲੋਕਾਂ ਦੇ ਦਿਲਾਂ ਦੇ ਨੇੜੇ ਲੈ ਕੇ ਜਾਂਦੀ ਹੈ | ਉਨ੍ਹਾਂ ਕਿਹਾ ਕਿ ਸ: ਕੇਵਲ ਸਿੰਘ ਢਿੱਲੋਂ ਨੇ ਬਰਨਾਲਾ ਨੂੰ ਜ਼ਿਲ੍ਹੇ ਵਜੋਂ ਸਥਾਪਿਤ ਕਰਵਾਉਣ ਤੋਂ ਲੈ ਕੇ ਸ਼ਹਿਰ ਦੇ ਵਿਕਾਸ ਅਤੇ ਨੁਹਾਰ ਬਦਲਣ ਵਿਚ ਅਹਿਮ ਯੋਗਦਾਨ ਪਾਇਆ ਹੈ | ਬਰਨਾਲਾ ਦੀ ਤਰੱਕੀ, ਬੁਨਿਆਦੀ ਢਾਂਚੇ ਦੀ ਮਜ਼ਬੂਤੀ ਅਤੇ ਲੋਕ ਭਲਾਈ ਦੇ ਕੰਮਾਂ ਵਿਚ ਉਨ੍ਹਾਂ ਦਾ ਯੋਗਦਾਨ ਹਮੇਸ਼ਾ ਯਾਦ ਰੱਖਿਆ ਜਾਵੇਗਾ | ਉਨ੍ਹਾਂ ਦੀਆਂ ਸੇਵਾਵਾਂ ਦਾ ਮੁੱਲ ਸ਼ਬਦਾਂ ਵਿਚ ਬਿਆਨ ਨਹੀਂ ਕੀਤਾ ਜਾ ਸਕਦਾ | ਉਨ੍ਹਾਂ ਨੇ ਵਿਸ਼ਵਾਸ ਪ੍ਰਗਟਾਇਆ ਕਿ ਸ: ਢਿੱਲੋਂ ਦੀ ਅਗਵਾਈ ਹੇਠ ਜਿੱਥੇ ਪੰਜਾਬ ਭਾਜਪਾ ਨਵੀਆਂ ਬੁਲੰਦੀਆਂ ਨੂੰ ਛੂਹੇਗੀ ਤੇ ਪਾਰਟੀ ਦਾ ਆਧਾਰ ਹੋਰ ਮਜ਼ਬੂਤ ਹੋਵੇਗਾ, ਉੱਥੇ ਉਹ ਆਪਣੀ ਮਿਹਨਤ, ਦੂਰਅੰਦੇਸ਼ੀ ਅਤੇ ਲੋਕਾਂ ਨਾਲ ਜੁੜੇ ਰਹਿਣ ਦੀ ਸੋਚ ਸਦਕਾ ਪੰਜਾਬ ਦੀ ਰਾਜਨੀਤੀ ਵਿਚ ਇੱਕ ਨਵਾਂ ਅਧਿਆਏ ਲਿਖਣਗੇ |