ਟੱਲੇਵਾਲ, 5 ਜੂਨ (ਸੋਨੀ ਚੀਮਾ)-ਪੰਜਾਬ ਦੀ ਸਿਆਸਤ ਵਿਚ ਭਾਜਪਾ ਨੇ ਆਪਣੇ ਸੀਨੀਅਰ ਆਗੂ ਕੇਵਲ ਸਿੰਘ ਢਿੱਲੋਂ ਨੂੰ ਪੰਜਾਬ ਇਕਾਈ ਦੀ ਕਮਾਨ ਸੌਂਪਦਿਆਂ ਸੂਬਾ ਪ੍ਰਧਾਨ ਨਿਯੁਕਤ ਕੀਤਾ | ਉਨ੍ਹਾਂ ਦੀ ਨਿਯੁਕਤੀ ਤੋਂ ਬਾਅਦ ਪਾਰਟੀ ਵਰਕਰਾਂ ਅਤੇ ਸਮਰਥਕਾਂ ਵਿਚ ਖ਼ੁਸ਼ੀ ਦੀ ਲਹਿਰ ਦੌੜ ਗਈ ਹੈ | ਇਸੇ ਕੜੀ ਤਹਿਤ ਜ਼ਿਲ੍ਹਾ ਬਰਨਾਲਾ ਦੇ ਜ਼ਿਲ੍ਹਾ ਯੁਵਾ ਮੋਰਚਾ ਦੇ ਪ੍ਰਧਾਨ ਰਮਨ ਜਵੰਧਾ ਵਲੋਂ ਨਵ-ਨਿਯੁਕਤ ਪ੍ਰਧਾਨ ਸ: ਕੇਵਲ ਸਿੰਘ ਢਿੱਲੋਂ ਨਾਲ ਮਿਲਣੀ ਦੌਰਾਨ ਜਿੱਥੇ ਉਨ੍ਹਾਂ ਦਾ ਵਿਸ਼ੇਸ਼ ਤੌਰ 'ਤੇ ਸਨਮਾਨ ਕੀਤਾ | ਸਨਮਾਨ ਉਪਰੰਤ ਉਨ੍ਹਾਂ ਕਿਹਾ ਕਿ ਸ: ਢਿੱਲੋਂ ਇਕ ਸੂਝਵਾਨ, ਤਜਰਬੇਕਾਰ ਆਗੂ ਹਨ | ਜਨਤਕ ਮੁੱਦਿਆਂ ਦੇ ਹੱਲ ਲਈ ਹਮੇਸ਼ਾ ਸਰਗਰਮ ਰਹੇ ਹਨ | ਉਨ੍ਹਾਂ ਕਿਹਾ ਕਿ ਪਾਰਟੀ ਹਾਈਕਮਾਂਡ ਵਲੋਂ ਲਿਆ ਗਿਆ ਫ਼ੈਸਲਾ ਪੰਜਾਬ ਵਿਚ ਬੀਜੇਪੀ ਨੂੰ ਹੋਰ ਮਜ਼ਬੂਤ ਕਰਨ ਅਤੇ ਸੰਗਠਨ ਨੂੰ ਨਵੀਂ ਊਰਜਾ ਦੇਣ ਵਿਚ ਅਹਿਮ ਭੂਮਿਕਾ ਨਿਭਾਏਗਾ | ਉਨ੍ਹਾਂ ਕਿਹਾ ਕਿ ਪੰਜਾਬ ਇਸ ਸਮੇਂ ਕਈ ਗੰਭੀਰ ਚੁਨੌਤੀਆਂ ਦਾ ਸਾਹਮਣਾ ਕਰ ਰਿਹਾ ਹੈ, ਜਿਨ੍ਹਾਂ ਵਿਚ ਨਸ਼ੇ, ਨੌਜਵਾਨਾਂ ਦਾ ਰੁਜ਼ਗਾਰ, ਕਿਸਾਨੀ ਸੰਕਟ, ਉਦਯੋਗਿਕ ਵਿਕਾਸ, ਨਸ਼ਿਆਂ ਦਾ ਮੁੱਦਾ ਅਤੇ ਬੁਨਿਆਦੀ ਸਹੂਲਤਾਂ ਦੀ ਘਾਟ ਸ਼ਾਮਿਲ ਹਨ | ਅਜਿਹੇ ਸਮੇਂ ਵਿਚ ਇਕ ਮਜ਼ਬੂਤ ਅਤੇ ਦੂਰਅੰਦੇਸ਼ ਲੀਡਰਸ਼ਿਪ ਦੀ ਲੋੜ ਸੀ, ਜੋ ਕੇਵਲ ਸਿੰਘ ਢਿੱਲੋਂ ਦੇ ਰੂਪ ਵਿਚ ਪਾਰਟੀ ਨੂੰ ਮਿਲੀ ਹੈ | ਉਨ੍ਹਾਂ ਕਿਹਾ ਕਿ ਕੇਂਦਰ ਸਰਕਾਰ ਵਲੋਂ ਚਲਾਈਆਂ ਜਾ ਰਹੀਆਂ ਵੱਖ-ਵੱਖ ਲੋਕ ਭਲਾਈ ਸਕੀਮਾਂ ਦਾ ਲਾਭ ਸਮਾਜ ਦੇ ਹਰ ਵਰਗ ਤੱਕ ਪਹੁੰਚ ਰਿਹਾ ਹੈ, ਜਿਸ ਕਾਰਨ ਲੋਕਾਂ ਦਾ ਭਰੋਸਾ ਭਾਜਪਾ ਪ੍ਰਤੀ ਲਗਾਤਾਰ ਵਧ ਰਿਹਾ ਹੈ | ਉਨ੍ਹਾਂ ਭਰੋਸਾ ਜਤਾਇਆ ਕਿ ਕੇਵਲ ਸਿੰਘ ਢਿੱਲੋਂ ਆਪਣੇ ਤਜਰਬੇ ਅਤੇ ਸੰਗਠਨਾਤਮਕ ਯੋਗਤਾ ਦੇ ਬਲਬੂਤੇ ਪਾਰਟੀ ਨੂੰ ਨਵੀਆਂ ਉਚਾਈਆਂ ਤੱਕ ਲੈ ਜਾਣਗੇ ਅਤੇ ਪੰਜਾਬ ਦੀ ਰਾਜਨੀਤੀ ਵਿਚ ਇਕ ਪ੍ਰਭਾਵਸ਼ਾਲੀ ਭੂਮਿਕਾ ਨਿਭਾਉਣਗੇ | ਉਨ੍ਹਾਂ ਕਿਹਾ ਕਿ ਨਵੀਂ ਲੀਡਰਸ਼ਿਪ ਹੇਠ ਪਾਰਟੀ ਹੋਰ ਮਜ਼ਬੂਤੀ ਨਾਲ ਲੋਕਾਂ ਦੀ ਆਵਾਜ਼ ਬਣੇਗੀ ਤੇ ਪੰਜਾਬ ਦੇ ਵਿਕਾਸ ਲਈ ਨਵੇਂ ਰਾਹ ਖੁੱਲ੍ਹਣਗੇ |