ਤਪਾ ਮੰਡੀ, 9 ਜੂਨ (ਪ੍ਰਵੀਨ ਗਰਗ)-ਪਾਵਰਕਾਮ ਤਪਾ-1 ਅਤੇ 2 ਦੀਆਂ ਇਮਾਰਤਾਂ ਦੀ ਹਾਲਤ ਇਸ ਕਦਰ ਖਸਤਾ ਹੈ ਕਿ ਦਫਤਰੀ ਕਰਮਚਾਰੀਆਂ ਨੂੰ ਆਪਣੀ ਜਾਨ ਖ਼ਤਰੇ 'ਚ ਪਾ ਕੇ ਖੰਡਰ ਵਰਗੀਆਂ ਇਮਾਰਤਾਂ 'ਚ ਕੰਮ ਕਰਨਾ ਪੈ ਰਿਹਾ ਹੈ | ਇਨ੍ਹਾਂ ਦੋਵਾਂ ਇਮਾਰਤਾਂ ਦੀ ਹਾਲਤ ਇੰਨੀ ਜ਼ਿਆਦਾ ਖਸਤਾ ਹੋ ਚੁੱਕੀ ਹੈ ਕਿ ਕਿਸੇ ਸਮੇਂ ਵੀ ਵੱਡਾ ਹਾਦਸਾ ਵਾਪਰ ਸਕਦਾ ਹੈ, ਜਦਕਿ ਵਿਭਾਗ ਵਲੋਂ ਇਨ੍ਹਾਂ ਦੋਵੇਂ ਇਮਾਰਤਾਂ ਨੂੰ ਅਸੁਰੱਖਿਅਤ ਵੀ ਐਲਾਨਿਆ ਜਾ ਚੁੱਕਾ ਹੈ, ਪ੍ਰੰਤੂ ਅਜੇ ਤੱਕ ਵਿਭਾਗ ਅਤੇ ਸੰਬੰਧਿਤ ਅਧਿਕਾਰੀਆਂ ਨੇ ਇਸ ਬਿਲਡਿੰਗ ਦੀ ਸਾਰ ਲੈਣਾ ਮੁਨਾਸਬ ਹੀ ਨਹੀਂ ਸਮਝਿਆ, ਸ਼ਾਇਦ ਉਹ ਕਿਸੇ ਵੱਡੇ ਹਾਦਸੇ ਦੇ ਇੰਤਜ਼ਾਰ ਵਿਚ ਹਨ | ਜਦ ਪੱਤਰਕਾਰਾਂ ਦੀ ਟੀਮ ਨੇ ਪਾਵਰਕਾਮ ਦਫ਼ਤਰ ਦੀਆਂ ਦੋਵਾਂ ਇਮਾਰਤਾਂ ਦਾ ਦੌਰਾ ਕੀਤਾ ਤਾਂ ਦੇਖਿਆ ਕਿ ਦੋਵਾਂ ਇਮਾਰਤਾਂ ਦੀਆਂ ਕੰਧਾਂ ਵਿਚ ਤਰੇੜਾਂ ਆਉਣ, ਸੀਲਿੰਗ ਡਿੱਗਣ ਅਤੇ ਪਾਣੀ ਲੀਕ ਹੋਣ ਕਾਰਨ ਸਟਾਫ਼ ਅਤੇ ਉੱਥੇ ਆਉਣ ਵਾਲੇ ਆਮ ਨਾਗਰਿਕਾਂ ਲਈ ਸੁਰੱਖਿਆ ਦਾ ਮਸਲਾ ਬਣਿਆ ਹੋਇਆ ਹੈ ਅਤੇ ਛੱਤਾਂ 'ਚ ਪਾਇਆ ਹੋਇਆ ਸਰੀਆ ਵੀ ਦਿਖਾਈ ਦੇਣ ਲੱਗ ਪਿਆ ਹੈ | ਖਸਤਾ ਹਾਲ ਇਮਾਰਤਾਂ ਅਤੇ ਖ਼ਰਾਬ ਬੁਨਿਆਦੀ ਢਾਂਚੇ ਕਾਰਨ ਲੋਕਾਂ ਦੇ ਜ਼ਰੂਰੀ ਬਿਜਲੀ ਸਬੰਧੀ ਕੰਮ ਤਾਂ ਪ੍ਰਭਾਵਿਤ ਹੁੰਦੇ ਹੀ ਹਨ, ਜਦ ਕਿ ਦੂਜੇ ਪਾਸੇ ਦਫ਼ਤਰ ਅਤੇ ਬਿਜਲੀ ਗਰਿੱਡ ਦੇ ਬਾਹਰ ਸਫ਼ਾਈ ਪ੍ਰਬੰਧਾਂ ਦੀ ਵੀ ਵੱਡੀ ਘਾਟ ਹੈ | ਇਸ ਤੋਂ ਇਲਾਵਾ ਬਿਜਲੀ ਦੇ ਵਾਧੂ ਬਿੱਲਾਂ ਅਤੇ ਅਣ-ਐਲਾਨੇ ਕੱਟਾਂ ਦੀ ਸਮੱਸਿਆ ਵੀ ਜਨਤਕ ਰੋਹ ਦਾ ਕਾਰਨ ਬਣਦੀ ਹੈ | ਮੁਲਾਜ਼ਮਾਂ ਦੇ ਦੱਸਣ ਮੁਤਾਬਿਕ ਮੀਂਹ ਦੇ ਮੌਸਮ ਦੌਰਾਨ ਛੱਤਾਂ ਵਿਚੋਂ ਪਾਣੀ ਹੇਠਾਂ ਆਉਣ ਲੱਗਦਾ ਹੈ, ਜਿਸ ਕਾਰਨ ਸਾਰਾ ਪੁਰਾਣਾ ਰਿਕਾਰਡ ਖ਼ਰਾਬ ਹੋ ਰਿਹਾ ਹੈ | ਜਦ ਇਸ ਸਬੰਧੀ ਪਾਵਰਕਾਮ ਤਪਾ 1 ਦੇ ਐਸ.ਡੀ.ਓ ਰਾਮ ਸਿੰਘ ਅਤੇ 2 ਦੇ ਐਸ.ਡੀ.ਓ ਕੁਲਦੀਪ ਸਿੰਘ ਬਰਾੜ ਨਾਲ ਗੱਲ ਕੀਤੀ ਤਾਂ ਉਨ੍ਹਾਂ ਦੱਸਿਆ ਕਿ ਦੋਵੇਂ ਦਫ਼ਤਰਾਂ 'ਚ 5 ਕਲਰਕ, ਏ.ਐਲ.ਐਮ. 60, ਦੋ ਚੌਕੀਦਾਰ, 3 ਲਾਈਨਮੈਨਾਂ ਆਦਿ ਸਟਾਫ਼ ਦੀ ਵੱਡੀ ਘਾਟ ਹੈ | ਇਸ ਸਬੰਧੀ ਸ਼ਹਿਰੀਆਂ ਦਾ ਕਹਿਣਾ ਹੈ ਕਿ ਮੁਲਾਜ਼ਮਾਂ ਅਤੇ ਆਮ ਲੋਕਾਂ ਦੀ ਸੁਰੱਖਿਆ ਨੂੰ ਲੈ ਕੇ ਗੰਭੀਰ ਚਿੰਤਾਵਾਂ ਹਨ, ਜਿਸ ਦੇ ਚੱਲਦਿਆਂ ਉਨ੍ਹਾਂ ਸਰਕਾਰ ਅਤੇ ਉੱਚ ਅਧਿਕਾਰੀਆਂ ਤੋਂ ਮੰਗ ਕਰਦਿਆਂ ਕਿਹਾ ਕ ਖਸਤਾ ਹਾਲ ਇਮਾਰਤਾਂ ਦੀ ਮੁਰੰਮਤ ਦੇ ਪ੍ਰਸਤਾਵ ਜਲਦ ਤੋਂ ਜਲਦ ਪਾਸ ਕਰ ਕੇ ਅਮਲੀ ਰੂਪ ਦਿੱਤਾ ਜਾਵੇ |