ਮਹਿਲ ਕਲਾਂ, 9 ਜੂਨ (ਅਵਤਾਰ ਸਿੰਘ ਅਣਖੀ, ਤਰਸੇਮ ਸਿੰਘ ਗਹਿਲ)-ਬਲਾਕ ਮਹਿਲ ਕਲਾਂ ਦੇ ਪਿੰਡ ਧਨੇਰ ਦੀ ਸਰਪੰਚ ਮੁਅੱਤਲ, ਚੁਹਾਣਕੇ ਕਲਾਂ, ਨਾਈਵਾਲਾ, ਚੂੰਘਾਂ ਅਤੇ ਚੀਮਾ ਵਿਚ ਪ੍ਰਬੰਧਕਾਂ ਦੀ ਨਿਯੁਕਤੀ ਕੀਤੇ ਜਾਣ ਦੇ ਰੋਸ ਵਜੋਂ ਅੱਜ ਭਾਈ ਲਾਲੋ ਪੰਜਾਬੀ ਮੰਚ ਦੇ ਸੂਬਾ ਆਗੂ ਹਰਜੀਤ ਸਿੰਘ ਖ਼ਿਆਲੀ ਦੀ ਅਗਵਾਈ ਹੇਠ ਬੀ.ਡੀ.ਪੀ.ਓ. ਦਫ਼ਤਰ ਮਹਿਲ ਕਲਾਂ ਦਾ ਘਿਰਾਓ ਕਰਨ ਉਪਰੰਤ ਲੁਧਿਆਣਾ-ਬਠਿੰਡਾ ਮੁੱਖ ਮਾਰਗ ਜਾਮ ਕਰ ਕੇ ਰੋਸ ਪ੍ਰਦਰਸ਼ਨ ਕੀਤਾ ਗਿਆ | ਇਸ ਮੌਕੇ ਸੰਬੋਧਨ ਕਰਦਿਆਂ ਮੁੱਖ ਆਗੂ ਹਰਜੀਤ ਸਿੰਘ ਖ਼ਿਆਲੀ ਨੇ ਆਖਿਆ ਕਿ ਲੋਕਤੰਤਰਿਕ ਢੰਗ ਨਾਲ ਚੁਣੇ ਹੋਏ ਨੁਮਾਇੰਦਿਆਂ ਦਾ ਪੂਰਾ ਸਤਿਕਾਰ ਹੋਣਾ ਚਾਹੀਦਾ ਹੈ | ਪਰ ਬਲਾਕ ਮਹਿਲ ਕਲਾਂ ਦੇ ਅਧੀਨ ਪੈਂਦੇ ਇਨ੍ਹਾਂ ਪੰਜ ਪਿੰਡਾਂ ਦੇ ਸਰਪੰਚਾਂ ਦੀਆਂ ਸੰਵਿਧਾਨਕ ਸ਼ਕਤੀਆਂ ਨੂੰ ਜਬਰਨ ਖੋਹ ਕੇ ਉੱਥੇ ਸਰਕਾਰੀ ਪ੍ਰਬੰਧਕ ਨਿਯੁਕਤ ਕਰਨਾ ਸ਼ਰ੍ਹੇਆਮ ਧੱਕੇਸ਼ਾਹੀ ਅਤੇ ਲੋਕਤੰਤਰ ਦਾ ਕਤਲ ਹੈ | ਪਿਛਲੇ ਦਿਨੀਂ ਸਿਆਸੀ ਦਬਾਅ ਹੇਠ ਨਿਯਮਾਂ ਨੂੰ ਪੂਰੀ ਤਰ੍ਹਾਂ ਛਿੱਕੇ ਟੰਗ ਕੇ ਪਿੰਡ ਧਨੇਰ ਦੀ ਸਰਪੰਚ ਬੀਬੀ ਅਮਨਪ੍ਰੀਤ ਕੌਰ ਨੂੰ ਮੁਅੱਤਲ ਕਰ ਦਿੱਤਾ ਗਿਆ ਅਤੇ ਇਸ ਤੋਂ ਇਲਾਵਾ ਚੁਹਾਣਕੇ ਕਲਾਂ, ਚੀਮਾ ਅਤੇ ਚੂੰਘਾਂ ਵਿਚ ਵੀ ਪ੍ਰਬੰਧਕਾਂ ਦੀਆਂ ਨਿਯੁਕਤੀਆਂ ਕਰ ਕੇ ਚੁਣੇ ਹੋਏ ਸਰਪੰਚਾਂ ਨੂੰ ਅਹੁਦਿਆਂ ਤੋਂ ਲਾਂਭੇ ਕਰ ਦਿੱਤਾ ਗਿਆ ਹੈ | ਨਾਈਵਾਲਾ ਦੇ ਸਰਪੰਚ ਦੀ ਮੌਤ ਉਪਰੰਤ ਪੰਚਾਂ ਦੀ ਬਹੁ-ਸੰਮਤੀ ਨੂੰ ਨਜ਼ਰ-ਅੰਦਾਜ਼ ਕਰ ਕੇ ਜਬਰੀ ਪ੍ਰਬੰਧਕ ਨਿਯੁਕਤ ਕੀਤਾ ਗਿਆ ਹੈ | ਪੰਜਾਬ ਪ੍ਰਦੇਸ਼ ਕਾਂਗਰਸ ਐਸ.ਸੀ. ਵਿੰਗ ਦੇ ਸੂਬਾ ਜਨਰਲ ਸਕੱਤਰ ਜਸਮੇਲ ਸਿੰਘ ਡੇਅਰੀ ਵਾਲਾ, ਜ਼ਿਲ੍ਹਾ ਚੇਅਰਮੈਨ ਗੁਰਮੇਲ ਸਿੰਘ ਮੌੜ, ਸੂਬਾ ਸਕੱਤਰ ਬੰਨੀ ਖਹਿਰਾ ਅਤੇ ਐਡਵੋਕੇਟ ਜਸਵੀਰ ਸਿੰਘ ਖੇੜੀ ਨੇ ਪੰਚਾਇਤ ਵਿਭਾਗ ਵਲੋਂ ਕੀਤੀ ਗਈ ਇਸ ਮਨਮਾਨੀ ਕਾਰਵਾਈ ਦੀ ਸਖ਼ਤ ਸ਼ਬਦਾਂ ਵਿਚ ਨਿੰਦਾ ਕੀਤੀ | ਦੂਜੇ ਪਾਸੇ ਮੌਕੇ 'ਤੇ ਪਹੁੰਚੇ ਨਾਇਬ ਤਹਿਸੀਲਦਾਰ ਸੁਖਬੀਰ ਸਿੰਘ ਅਤੇ ਐਸ.ਐੱਚ.ਓ. ਕੁਲਵਿੰਦਰ ਸਿੰਘ ਨੇ ਪ੍ਰਦਰਸ਼ਨਕਾਰੀਆਂ ਨਾਲ ਗੱਲਬਾਤ ਰਾਹੀਂ ਇਸ ਗੰਭੀਰ ਮਸਲੇ ਦਾ ਕੋਈ ਵਿਚਕਾਰਲਾ ਹੱਲ ਕੱਢਣ ਦੀ ਪੂਰੀ ਕੋਸ਼ਿਸ਼ ਕੀਤੀ, ਪਰ ਸੰਘਰਸ਼ੀ ਆਗੂ ਪਿੰਡ ਧਨੇਰ ਦੀ ਸਰਪੰਚ ਸਮੇਤ ਬਾਕੀ ਸਾਰੇ ਪਿੰਡਾਂ ਦੇ ਸਰਪੰਚਾਂ ਦੀਆਂ ਸ਼ਕਤੀਆਂ ਤੁਰੰਤ ਪ੍ਰਭਾਵ ਨਾਲ ਬਹਾਲ ਕਰਵਾਏ ਜਾਣ ਦੀ ਮੰਗ 'ਤੇ ਅੜੇ ਰਹੇ | ਅਖੀਰ ਸ਼ਾਮ 5 ਵਜੇ ਆਗੂਆਂ ਨੇ ਡਿਪਟੀ ਕਮਿਸ਼ਨਰ ਬਰਨਾਲਾ ਵਲੋਂ ਸ਼ੁੱਕਰਵਾਰ ਨੂੰ ਮੀਟਿੰਗ ਦਾ ਸਮਾਂ ਦਿੱਤੇ ਜਾਣ ਤੋਂ ਬਾਅਦ ਧਰਨਾ ਸਮਾਪਤ ਕਰ ਦਿੱਤਾ | ਜਿਸ ਦੌਰਾਨ ਬਲਾਕ ਪ੍ਰਧਾਨ ਪਰਮਜੀਤ ਸਿੰਘ ਢੀਂਡਸਾ, ਮੈਡੀਕਲ ਪ੍ਰੈਕਟੀਸ਼ਨਰਜ਼ ਐਸੋਸੀਏਸ਼ਨ ਦੇ ਆਗੂ ਬਲਦੇਵ ਸਿੰਘ ਧਨੇਰ, ਕਾਂਗਰਸ ਦੇ ਐਡਵੋਕੇਟ ਗੁਰਮੁਖ ਸਿੰਘ, ਅਕਾਲੀ ਆਗੂ ਬਲਦੇਵ ਸਿੰਘ ਗਾਗੇਵਾਲ, ਸਰਕਲ ਪ੍ਰਧਾਨ ਹਰਨੇਕ ਸਿੰਘ ਪੰਡੋਰੀ, ਸਰਪੰਚ ਅਮਨਪ੍ਰੀਤ ਕੌਰ ਧਨੇਰ, ਰਣਜੀਤ ਸਿੰਘ ਮਿੱਠੂ, ਜਸਪਾਲ ਸਿੰਘ ਬੱਲਾ, ਸਤਨਾਮ ਸਿੰਘ ਧਨੇਰ, ਸੁਰਿੰਦਰ ਸਿੰਘ ਵਜੀਦਕੇ, ਜਗਜੀਤ ਸਿੰਘ ਜੱਗੀ, ਮੇਜਰ ਸਿੰਘ ਸਹਿਜੜਾ, ਮਨੋਜ ਕੁਮਾਰ ਨਾਈਵਾਲਾ, ਪਰਮਜੀਤ ਸਿੰਘ ਜਗਦੇ ਆਦਿ ਹਾਜ਼ਰ ਸਨ |