ਬਰਨਾਲਾ, 9 ਜੂਨ (ਰਾਜ ਪਨੇਸਰ)ਨੇੜਲੇ ਪਿੰਡ ਫਰਵਾਹੀ ਵਿਖੇ ਇੱਕ ਏ.ਸੀ. ਅਤੇ ਇਲੈਕਟਰੋਨਿਕਸ ਦੀ ਦੁਕਾਨ ਵਿਚ ਧਮਾਕਾ ਤੋਂ ਬਾਅਦ ਦੁਕਾਨ ਨੂੰ ਅੱਗ ਲੱਗ ਗਈ | ਜਿਸ ਕਾਰਨ ਦੁਕਾਨ ਅੰਦਰ ਪਿਆ ਲੱਖਾਂ ਰੁਪਏ ਦੀ ਕੀਮਤ ਦਾ ਸਾਮਾਨ ਸੜ ਕੇ ਸਵਾਹ ਹੋ ਗਿਆ | ਅੱਗ ਲੱਗਣ ਦੇ ਕਾਰਨਾਂ ਦਾ ਪਤਾ ਨਹੀਂ ਲੱਗ ਸਕਿਆ ਪਰ ਮੁਢਲੇ ਤੌਰ 'ਤੇ ਇਸ ਦਾ ਕਾਰਨ ਸ਼ਾਰਟ ਸਰਕਟ ਜਾਂ ਗੈਸ ਸਿਲੰਡਰ/ਕੰਪ੍ਰੈਸਰ ਦਾ ਲੀਕ ਹੋਣਾ ਮੰਨਿਆ ਜਾ ਰਿਹਾ ਹੈ | ਆਲੇ-ਦੁਆਲੇ ਦੇ ਲੋਕਾਂ ਅਨੁਸਾਰ ਇਹ ਧਮਾਕਾ ਇੰਨਾ ਜਬਰਦਸਤ ਸੀ ਕਿ ਆਸ-ਪਾਸ ਦੀਆਂ ਗੁਆਂਢੀ ਦੁਕਾਨਾਂ ਦੇ ਬਾਹਰ ਲੱਗੇ ਹੋਏ ਸ਼ੀਸ਼ੇ ਵੀ ਟੁੱਟ ਗਏ | ਦੁਕਾਨ ਵਿਚ ਲੱਗੀ ਅੱਗ ਨੂੰ ਲੋਕਾਂ ਨੇ ਆਪਣੇ ਪੱਧਰ 'ਤੇ ਅੱਗ ਬੁਝਾਉਣ ਦੀਆਂ ਕੋਸ਼ਿਸ਼ਾਂ ਕੀਤੀ ਪਰ ਤੇਜ਼ੀ ਨਾਲ ਫੈਲ ਰਹੀ ਅੱਗ ਉਪਰ ਕਾਬੂ ਪਾਉਣਾ ਮੁਸ਼ਕਿਲ ਹੋ ਗਿਆ | ਫਿਰ ਫਾਇਰ ਦੀਆਂ ਗੱਡੀਆਂ ਨੇ ਅੱਗ ਉਪਰ ਕਾਬੂ ਪਾਇਆ | ਘਟਨਾ ਬਾਰੇ ਜਾਣਕਾਰੀ ਦਿੰਦਿਆਂ ਪੀੜਤ ਦੁਕਾਨ ਮਾਲਕ ਸੰਦੀਪ ਸਿੰਘ ਸੋਨੀ ਨੇ ਦੱਸਿਆ ਕਿ ਉਹ ਦੁਪਹਿਰ ਸਮੇਂ ਆਪਣੇ ਘਰ ਰੋਟੀ ਖਾਣ ਲਈ ਗਿਆ ਹੋਇਆ ਸੀ ਅਤੇ ਨੇੜਲੇ ਦੁਕਾਨਦਾਰਾਂ ਦਾ ਉਸ ਨੂੰ ਫੋਨ ਆਇਆ ਕਿ ਉਸ ਦੀ ਦੁਕਾਨ ਦੇ ਅੰਦਰ ਇੱਕ ਬਹੁਤ ਵੱਡਾ ਧਮਾਕਾ ਹੋਇਆ ਹੈ ਤੇ ਦੁਕਾਨ ਨੂੰ ਭਿਆਨਕ ਅੱਗ ਲੱਗ ਗਈ ਹੈ | ਉਸ ਨੇ ਦੱਸਿਆ ਕਿ ਗਰਮੀਆਂ ਦਾ ਸੀਜ਼ਨ ਹੋਣ ਕਰ ਕੇ ਦੁਕਾਨ ਵਿਚ ਕਾਫ਼ੀ ਨਵਾਂ ਸਾਮਾਨ ਜਿਨ੍ਹਾਂ ਵਿਚ ਏ.ਸੀ., ਫਰਿੱਜ, ਐਲ.ਸੀ.ਡੀ., ਸੀ.ਸੀ.ਟੀ.ਵੀ. ਕੈਮਰੇ ਸਮੇਤ ਹੋਰ ਮਹਿੰਗਾ ਸਮਾਨ ਪਿਆ ਸੀ, ਜੋ ਸੜ ਕੇ ਸੁਆਹ ਹੋ ਗਿਆ | ਸੰਦੀਪ ਸਿੰਘ ਅਨੁਸਾਰ ਦੁਕਾਨ ਵਿਚ ਅੱਗ ਲੱਗਣ ਕਾਰਨ ਉਸ ਦਾ ਤਕਰੀਬਨ 7 ਤੋਂ 8 ਲੱਖ ਰੁਪਏ ਦਾ ਨੁਕਸਾਨ ਹੋਇਆ ਹੈ |