ਹੰਡਿਆਇਆ, 9 ਜੂਨ (ਗੁਰਜੀਤ ਸਿੰਘ ਖੱੁਡੀ)-ਪਿੰਡ ਕੋਠੇ ਸਰਾਂ ਨੂੰ ਜਾਂਦੀ ਨਹਿਰੀ ਕੱਸੀ ਦੀ ਸਫ਼ਾਈ ਕਿਸਾਨਾਂ ਨੇ ਰਲ ਕੇ ਕੀਤੀ | ਇਸ ਸਬੰਧੀ ਪਿੰਡ ਕੋਠੇ ਸਰਾਂ ਦੇ ਕਿਸਾਨਾਂ ਕਰਮਜੀਤ ਸਿੰਘ ਸਿੱਧੂ, ਸੂਬਾ ਸਿੰਘ ਔਲਖ, ਸੁਖਦੇਵ ਸਿੰਘ ਔਲਖ, ਲਵੀ ਸਿੰਘ ਔਲਖ, ਗੁਰਦੀਪ ਸਿੰਘ ਭੈਣੀ ਵਾਲਾ ਨੇ ਕਿਹਾ ਕਿ ਹੰਡਿਆਇਆ ਮਾਈਨਰ ਰਜਵਾਹੇ ਵਿਚੋਂ ਨਹਿਰੀ ਕੱਸੀ ਨੰ: 8 ਜੋ ਪਿਛਲੇ ਸਾਲ ਬਣੀ ਸੀ, ਉਸ ਵਿਚ ਜ਼ਿਆਦਾ ਰੇਤਾ ਪੈ ਗਿਆ ਸੀ | ਨਹਿਰੀ ਵਿਭਾਗ ਵਲੋਂ ਇਸ ਦੀ ਸਫ਼ਾਈ ਨਾ ਕਰਵਾਏ ਜਾਣ ਕਰ ਕੇ ਕਿਸਾਨਾਂ ਨੇ ਖ਼ੁਦ ਇਸ ਦੀ ਸਫ਼ਾਈ ਕੀਤੀ | ਉਨ੍ਹਾਂ ਕਿਹਾ ਕਿ ਅਸੀਂ 2 ਕਿੱਲੋਮੀਟਰ ਤਾਂ ਟੇਲਾਂ ਤੱਕ ਕੱਸੀ ਵਿਚੋਂ ਮਿੱਟੀ ਕੱਢ ਕੇ ਸਾਫ਼ ਕਰ ਦਿੱਤੀ ਹੈ ਪ੍ਰੰਤੂ ਅਜੇ ਵੀ ਨਹਿਰੀ ਕੱਸੀ ਵਿਚ 2 ਕਿੱਲੋਮੀਟਰ ਲੰਬਾਈ ਵਿਚ ਅਜੇ ਵੀ ਮਿੱਟੀ ਕੱਢਣ ਵਾਲੀ ਰਹਿੰਦੀ ਹੈ | ਉਨ੍ਹਾਂ ਨਹਿਰੀ ਵਿਭਾਗ ਦੇ ਐਸ.ਡੀ.ਓ. ਪਾਸੋਂ ਮੰਗ ਕੀਤੀ ਕਿ ਇਸ ਕੱਸੀ ਦੀ ਮਿੱਟੀ ਕੱਢ ਕੇ ਸਫ਼ਾਈ ਕਰਵਾਈ ਜਾਵੇ ਅਤੇ ਪਾਣੀ ਚਾਲੂ ਕੀਤਾ ਜਾਵੇ | ਇਸ ਮੌਕੇ ਕੁਲਵੰਤ ਸਿੰਘ ਔਲਖ, ਕੁਲਵਿੰਦਰ ਸਿੰਘ ਭੈਣੀ ਵਾਲਾ, ਭੋਲਾ ਸਿੰਘ ਸਾਬਕਾ ਸਰਪੰਚ, ਗੁਰਤੇਜ ਸਿੰਘ ਪੰਚ, ਮਿੱਠੂ ਸਿੰਘ ਸਰਾਂ, ਬਲਜੀਤ ਸਿੰਘ ਕਾਕੂ, ਬਲਜੀਤ ਸਿੰਘ ਅਸਪਾਲਾਂ ਵਾਲੇ, ਜਰਨੈਲ ਸਿੰਘ ਸਰਾਂ ਆਦਿ ਹਾਜ਼ਰ ਸਨ |