ਬਰਨਾਲਾ, 27 ਜੁਲਾਈ (ਅਸ਼ੋਕ ਭਾਰਤੀ)-ਵਿਦਿਆਰਥੀਆਂ ਨੂੰ ਉਦਯੋਗਾਂ ਦੀਆਂ ਲੋੜਾਂ ਅਨੁਸਾਰ ਹੁਨਰਮੰਦ ਬਣਾਉਣ ਅਤੇ ਗ੍ਰੈਜੂਏਸ਼ਨ ਤੋਂ ਬਾਅਦ ਬਿਹਤਰ ਰੁਜ਼ਗਾਰ ਦੇ ਮੌਕੇ ਪ੍ਰਦਾਨ ਕਰਨ ਦੇ ਉਦੇਸ਼ ਨਾਲ ਆਰੀਆਭੱਟਾ ਗਰੁੱਪ ਆਫ਼ ਇੰਸਟੀਚਿਊਟਸ ਬਰਨਾਲਾ ਨੇ ਉਦਯੋਗ-ਅਕਾਦਮਿਕ ਸਹਿਯੋਗ ਦੀ ਇਕ ਮਹੱਤਵਪੂਰਨ ਪਹਿਲ ਕਰਦਿਆਂ ਵੱਖ-ਵੱਖ ਉਦਯੋਗਿਕ ਅਤੇ ਆਈ.ਟੀ. ਕੰਪਨੀਆਂ ਨਾਲ ਸਮਝੌਤਾ ਪੱਤਰ ਕਰਨ ਦੀ ਮੁਹਿੰਮ ਦੀ ਸ਼ੁਰੂਆਤ ਕੀਤੀ ਹੈ। ਇਹ ਜਾਣਕਾਰੀ ਸੰਸਥਾ ਦੇ ਡਾਇਰੈਕਟਰ ਡਾ: ਅਜੈ ਮਿੱਤਲ ਨੇ ਦਿੱਤੀ ਤੇ ਦੱਸਿਆ ਕਿ ਇਸ ਮੁਹਿੰਮ ਤਹਿਤ ਸੰਸਥਾ ਦਾ ਟੀਚਾ ਆਉਣ ਵਾਲੇ ਸਮੇਂ ਵਿਚ 20 ਪ੍ਰਮੁੱਖ ਉਦਯੋਗਿਕ, ਮੈਨੂਫੈਕਚਰਿੰਗ, ਆਈ.ਟੀ. ਅਤੇ ਕਾਰਪੋਰੇਟ ਕੰਪਨੀਆਂ ਨਾਲ ਐਮ.ਓ.ਯੂ. ਕਰਨਾ ਹੈ, ਤਾਂ ਜੋ ਵਿਦਿਆਰਥੀਆਂ ਨੂੰ ਉਦਯੋਗਾਂ ਨਾਲ ਸਿੱਧਾ ਜੋੜਿਆ ਜਾ ਸਕੇ। ਇਸ ਮੁਹਿੰਮ ਦੇ ਪਹਿਲੇ ਪੜਾਅ ਵਿਚ ਸੰਸਥਾ ਨੇ ਚਾਰ ਪ੍ਰਮੁੱਖ ਕੰਪਨੀਆਂ ਨਾਲ ਐਮ.ਓ.ਯੂ. ’ਤੇ ਹਸਤਾਖ਼ਰ ਕੀਤੇ ਹਨ। ਇਨ੍ਹਾਂ ਸਮਝੌਤਿਆਂ ਦਾ ਮੁੱਖ ਉਦੇਸ਼ ਵਿਦਿਆਰਥੀਆਂ ਨੂੰ ਇੰਡਸਟਰੀਅਲ ਟਰੇਨਿੰਗ, ਸਮਰ ਇੰਟਰਨਸ਼ਿਪ, ਲਾਈਵ ਪ੍ਰੋਜੈਕਟ, ਉਦਯੋਗਿਕ ਦੌਰੇ, ਸਕਿੱਲ ਡਿਵੈਲਪਮੈਂਟ ਪ੍ਰੋਗਰਾਮ, ਗੈਸਟ ਲੈਕਚਰ, ਤਕਨੀਕੀ ਵਰਕਸ਼ਾਪਾਂ, ਪ੍ਰੀ-ਪਲੇਸਮੈਂਟ ਟਰੇਨਿੰਗ, ਸਾਫ਼ਟ ਸਕਿੱਲ ਡਿਵੈਲਪਮੈਂਟ, ਇੰਟਰਵਿਊ ਤਿਆਰੀ ਅਤੇ ਗ੍ਰੈਜੂਏਸ਼ਨ ਤੋਂ ਬਾਅਦ ਕੈਂਪਸ ਪਲੇਸਮੈਂਟ ਰਾਹੀਂ ਰੁਜ਼ਗਾਰ ਦੇ ਬਿਹਤਰ ਮੌਕੇ ਪ੍ਰਦਾਨ ਕਰਨਾ ਹੈ। ਸੰਸਥਾ ਦੇ ਚੇਅਰਮੈਨ ਆਰ. ਕੇ. ਗੁਪਤਾ, ਵਾਈਸ ਚੇਅਰਮੈਨ ਸ਼੍ਰੀ ਰਣਜੀਵ ਮੰਗਲਾ, ਜਨਰਲ ਸਕੱਤਰ ਵਿੱਕੀ ਸਿੰਗਲਾ, ਜੁਆਇੰਟ ਸਕੱਤਰ ਇੰਦਰਪਾਲ ਗੋਇਲ, ਖ਼ਜ਼ਾਨਚੀ ਸ਼੍ਰੀ ਅਸ਼ਵਨੀ ਸਿੰਗਲਾ, ਵਧੀਕ ਸਕੱਤਰ ਮੋਹਿਤ ਮੰਗਲਾ ਅਤੇ ਕਾਰਜਕਾਰੀ ਮੈਂਬਰ ਸ਼੍ਰੀ ਹਰਭਜਨ ਸਿੰਘ ਨੇ ਕਿਹਾ ਕਿ ਅੱਜ ਦੇ ਮੁਕਾਬਲੇ ਦੇ ਦੌਰ ਵਿਚ ਕੇਵਲ ਅਕਾਦਮਿਕ ਗਿਆਨ ਹੀ ਕਾਫ਼ੀ ਨਹੀਂ, ਸਗੋਂ ਵਿਦਿਆਰਥੀਆਂ ਨੂੰ ਉਦਯੋਗਿਕ ਤਜਰਬੇ ਅਤੇ ਵਿਹਾਰਕ ਹੁਨਰਾਂ ਨਾਲ ਲੈਸ ਕਰਨਾ ਵੀ ਉਤਨਾ ਹੀ ਜ਼ਰੂਰੀ ਹੈ। ਪਹਿਲੇ ਪੜਾਅ ਵਿਚ ਸ਼੍ਰੀ ਵਿਕਾਸ ਗੋਇਲ, ਮੈਨੇਜਿੰਗ ਡਾਇਰੈਕਟਰ ਮੇਘ ਰਾਜ ਗੋਇਲ ਐਂਡ ਸੰਜ਼ ਨਾਲ ਮਕੈਨੀਕਲ ਇੰਜੀਨੀਅਰਿੰਗ ਅਤੇ ਐਮ.ਬੀ.ਏ. ਦੇ ਵਿਦਿਆਰਥੀਆਂ ਲਈ ਐਮ.ਓ.ਯੂ. ਕੀਤਾ ਗਿਆ ਹੈ। ਮੇਘ ਰਾਜ ਗੋਇਲ ਐਂਡ ਸੰਜ਼ ਪੰਜਾਬ ਦੀ ਪ੍ਰਸਿੱਧ ਅਤੇ ਭਰੋਸੇਮੰਦ ਕੰਪਨੀ ਹੈ, ਜੋ ਖੇਤੀਬਾੜੀ ਲਈ ਉੱਚ ਗੁਣਵੱਤਾ ਵਾਲੇ ਖੇਤੀ ਸੰਦਾਂ ਅਤੇ ਮਸ਼ੀਨਰੀ ਦੇ ਨਿਰਮਾਣ ਵਿਚ ਆਪਣੀ ਵਿਲੱਖਣ ਪਛਾਣ ਰੱਖਦੀ ਹੈ। ਇਸੇ ਤਰ੍ਹਾਂ ਸ਼੍ਰੀ ਵਿਜੈ ਗਰਗ ਮੈਨੇਜਿੰਗ ਡਾਇਰੈਕਟਰ ਸ਼ਿਵਾ ਪੋਲਟਰੀ ਇਕੁਇਪਮੈਂਟਸ ਨਾਲ ਹੋਏ ਐਮ.ਓ.ਯੂ. ਅਧੀਨ ਮਕੈਨੀਕਲ ਇੰਜੀਨੀਅਰਿੰਗ ਅਤੇ ਐਮ.ਬੀ.ਏ. ਦੇ ਵਿਦਿਆਰਥੀਆਂ ਨੂੰ ਆਧੁਨਿਕ ਨਿਰਮਾਣ ਪ੍ਰਣਾਲੀਆਂ, ਉਦਯੋਗਿਕ ਟਰੇਨਿੰਗ, ਇੰਟਰਨਸ਼ਿਪ, ਗੁਣਵੱਤਾ ਨਿਯੰਤਰਨ ਅਤੇ ਕੈਂਪਸ ਪਲੇਸਮੈਂਟ ਦੇ ਮੌਕੇ ਉਪਲਬਧ ਕਰਵਾਏ ਜਾਣਗੇ। ਸ਼੍ਰੀ ਹਰੀਸ਼ ਬਾਂਸਲ ਮੈਨੇਜਿੰਗ ਡਾਇਰੈਕਟਰ ਜੇ.ਆਰ. ਟਰਾਂਸਫਾਰਮਰਜ਼ ਨਾਲ ਹੋਏ ਐਮ.ਓ.ਯੂ. ਰਾਹੀਂ ਇਲੈਕਟ੍ਰੀਕਲ ਇੰਜੀਨੀਅਰਿੰਗ, ਇਲੈਕਟ੍ਰਾਨਿਕਸ ਐਂਡ ਕਮਿਊਨੀਕੇਸ਼ਨ ਇੰਜੀਨੀਅਰਿੰਗ, ਮਕੈਨੀਕਲ ਇੰਜੀਨੀਅਰਿੰਗ ਅਤੇ ਐਮ.ਬੀ.ਏ. ਦੇ ਵਿਦਿਆਰਥੀਆਂ ਨੂੰ ਪਾਵਰ ਸਿਸਟਮ, ਟਰਾਂਸਫ਼ਾਰਮਰ ਨਿਰਮਾਣ, ਉਦਯੋਗਿਕ ਟਰੇਨਿੰਗ, ਇੰਟਰਨਸ਼ਿਪ ਅਤੇ ਰੁਜ਼ਗਾਰ ਦੇ ਮੌਕੇ ਪ੍ਰਦਾਨ ਕੀਤੇ ਜਾਣਗੇ। ਜੇ.ਆਰ. ਟਰਾਂਸਫ਼ਾਰਮਰ ਬਿਜਲੀ ਉਪਕਰਨਾਂ ਅਤੇ ਟਰਾਂਸਫ਼ਾਰਮਰਾਂ ਦੇ ਨਿਰਮਾਣ ਖੇਤਰ ਵਿਚ ਆਪਣੀ ਵਿਲੱਖਣ ਪਛਾਣ ਬਣਾ ਚੁੱਕੀ ਇੱਕ ਪ੍ਰਮੁੱਖ ਅਤੇ ਭਰੋਸੇਯੋਗ ਕੰਪਨੀ ਹੈ। ਸ੍ਰੀ ਮਨੋਜ ਮੋਦੀ ਮੈਨੇਜਿੰਗ ਡਾਇਰੈਕਟਰ ਨਾਲ ਹੋਏ ਸਮਝੌਤੇ ਤਹਿਤ ਕੰਪਿਊਟਰ ਸਾਇੰਸ ਇੰਜੀਨੀਅਰਿੰਗ ਅਤੇ ਐਮ.ਬੀ.ਏ. ਦੇ ਵਿਦਿਆਰਥੀਆਂ ਨੂੰ ਸਾਫ਼ਟਵੇਅਰ ਡਿਵੈਲਪਮੈਂਟ, ਆਰਟੀਫਿਸ਼ੀਅਲ ਇੰਟੈਲੀਜੈਂਸ, ਵੈੱਬ ਅਤੇ ਮੋਬਾਈਲ ਐਪਲੀਕੇਸ਼ਨ ਡਿਵੈਲਪਮੈਂਟ, ਲਾਈਵ ਪ੍ਰੋਜੈਕਟਾਂ, ਇੰਟਰਨਸ਼ਿਪ ਅਤੇ ਗ੍ਰੈਜੂਏਸ਼ਨ ਤੋਂ ਬਾਅਦ ਰੁਜ਼ਗਾਰ ਦੇ ਬਿਹਤਰ ਮੌਕੇ ਪ੍ਰਾਪਤ ਹੋਣਗੇ। ਸਾਲਵਰ ਸਾਫ਼ਟਵੇਅਰ ਸੂਚਨਾ ਤਕਨਾਲੋਜੀ ਅਤੇ ਸਾਫ਼ਟਵੇਅਰ ਡਿਵੈਲਪਮੈਂਟ ਖੇਤਰ ਵਿਚ ਆਪਣੀ ਵਿਲੱਖਣ ਪਛਾਣ ਬਣਾ ਚੁੱਕੀ ਇੱਕ ਪ੍ਰਮੁੱਖ ਅਤੇ ਭਰੋਸੇਯੋਗ ਕੰਪਨੀ ਹੈ। ਉਨ੍ਹਾਂ ਕਿਹਾ ਕਿ ਇਨ੍ਹਾਂ ਸਮਝੌਤਿਆਂ ਦਾ ਮੁੱਖ ਟੀਚਾ ‘ਸਿਖਲਾਈ ਤੇ ਰੁਜ਼ਗਾਰ’ ਮਾਡਲ ਨੂੰ ਸਫਲ ਬਣਾਉਣਾ ਹੈ। ਉਨ੍ਹਾਂ ਨੇ ਦੱਸਿਆ ਕਿ ਸੰਸਥਾ ਦਾ ਟੀਚਾ ਆਉਣ ਵਾਲੇ ਮਹੀਨਿਆਂ ਵਿਚ ਹੋਰ 16 ਪ੍ਰਮੁੱਖ ਕੰਪਨੀਆਂ ਨਾਲ ਐਮ.ਓ.ਯੂ. ਕਰ ਕੇ ਕੁੱਲ 20 ਉਦਯੋਗਿਕ ਭਾਈਵਾਲੀਆਂ ਸਥਾਪਤ ਕਰਨਾ ਹੈ।