21-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 16-02-2026

ਮਨੁੱਖ ਨੂੰ ਬਿਹਤਰ ਇਨਸਾਨ ਬਣਾਉਂਦਾ ਹੈ ਗੁਰਮਤਿ ਦਰਸ਼ਨ

ਅਜੀਤ ਡੈਸਕ 16-02-2026

ਸਚਹੁ ਓਰੈ ਸਭੁ ਕੋ ਉਪਰਿ ਸਚੁ ਆਚਾਰੁ
(ਸਿਰੀਰਾਗੁ, ਮ:1, ਅੰਗ:62)
ਸੱਚ ਬੋਲਣਾ, ਸੱਚ ਸੁਣਨਾ, ਸੱਚ ਨੂੰ ਮੰਨਣਾ ਤੇ ਸੱਚ ਦੇ ਰਾਹ 'ਤੇ ਚੱਲਣਾ ਸਿੱਖ ਧਰਮ ਦਾ ਮੁਢਲਾ ਨਿਯਮ ਹੈ। ਰੱਬ ਨਾਲ ਇੱਕਮਿੱਕ ਹੋਣ ਦੀ ਵਿਧੀ ਹੈ, ਗੁਰੂ ਦੇ ਰਾਹ ਵੱਲ ਤੁਰਨਾ। ਸਿੱਖੀ ਕਿਸੇ ਨਵੀਂ ਮਜ਼ਹਬੀ ਰਸਮ ਜਾਂ ਪੂਜਾ-ਪੱਧਤੀ ਦਾ ਨਾਂਅ ਨਹੀਂ ਹੈ। ਇਹ ਇਕ ਮਨੁੱਖੀ ਕ੍ਰਾਂਤੀ, ਇਕ ਨੈਤਿਕ ਵਿਕਾਸ ਸੀ- ਡਰ, ਵੈਰ, ਜਾਤ-ਪਾਤ, ਝੂਠ ਤੇ ਜ਼ੁਲਮ ਆਧਾਰਤ ਸਮਾਜ ਦੀ ਵੰਡ ਦੇ ਖ਼ਿਲਾਫ਼। ਗੁਰੂ ਨਾਨਕ ਦੇਵ ਜੀ ਦੀ ਮਨੁੱਖਤਾ ਨੂੰ ਸਭ ਤੋਂ ਵੱਡੀ ਦੇਣ ਸਾਧਾਰਨ ਮਨੁੱਖ ਨੂੰ ਇਕ ਬਿਹਤਰ ਇਨਸਾਨ ਬਣਾਉਣ ਦੀ ਪ੍ਰਕਿਰਿਆ ਸੀ। ਗੁਰੂ ਨਾਨਕ ਦੇਵ ਜੀ ਨੇ ਬ੍ਰਹਮ ਨੂੰ ਦੂਰ ਆਕਾਸ਼ਾਂ ਵਿਚ ਵਸਦਾ ਹੋਇਆ ਨਹੀਂ ਦੱਸਿਆ। ਉਨ੍ਹਾਂ ਲਈ ਬ੍ਰਹਮ ਇਕ ਓਅੰਕਾਰ ਹੈ ਨਿਰਭਉ, ਨਿਰਵੈਰ, ਜੋ ਹਰ ਮਨੁੱਖ ਦੇ ਅੰਦਰ ਵਸਦਾ ਹੈ। ਬ੍ਰਹਮ ਨੂੰ ਲੱਭਣ ਲਈ ਅੰਦਰ ਝਾਕਣਾ ਪੈਂਦਾ ਹੈ ਅਤੇ ਦੂਜੇ ਮਨੁੱਖ 'ਚ ਵੀ ਉਸੇ ਜੋਤਿ ਨੂੰ ਦੇਖਣਾ ਪੈਂਦਾ ਹੈ। ਇਹ ਵਿਚਾਰ ਉਸ ਸਮੇਂ ਦੇ ਹਿੰਸਕ ਤੇ ਅਸਮਾਨਤਾਵਾਂ ਨਾਲ ਭਰੇ ਸਮਾਜ ਲਈ ਕ੍ਰਾਂਤੀਕਾਰੀ ਤੇ ਨਵੇਂ ਸਨ।
ਸਚੁ ਸਭਨਾ ਹੋਇ ਦਾਰੂ ਪਾਪ ਕਢੈ ਧੋਇ॥
ਨਾਨਕੁ ਵਖਾਣੈ ਬੇਨਤੀ ਜਿਨ ਸਚੁ ਪਲੈ ਹੋਇ॥
(ਅੰਗ : 468)
ਸੱਚ ਸਭ ਬਿਮਾਰੀਆਂ ਤੇ ਸਮੱਸਿਆਵਾਂ ਦਾ ਇਲਾਜ ਵੀ ਹੈ। ਅੱਜ ਦੇ ਸਿੱਖ ਸਮਾਜ ਦੀਆਂ ਸਮੱਸਿਆਵਾਂ ਦਾ ਹੱਲ ਵੀ ਸੱਚ ਨੂੰ ਸਮਰਪਣ, ਵਿਚਾਰ ਕਰਨ, ਨੀਤੀ ਘੜਨ ਤੇ ਉਸ 'ਤੇ ਚੱਲਣ ਵਿਚ ਹੈ। ਸਿੱਖੀ ਅਸਲ ਵਿਚ ਮਨੁੱਖ ਤੋਂ ਪਰਮ ਮਨੁੱਖ ਦੀ ਯਾਤਰਾ ਹੈ। ਸਿੱਖ ਇਤਿਹਾਸ ਦਾ ਸਭ ਤੋਂ ਪ੍ਰਭਾਵਸ਼ਾਲੀ ਪੱਖ ਉਹ ਹੈ, ਜਿੱਥੇ ਭਿਆਨਕ ਅਪਰਾਧੀ ਵੀ ਗੁਰੂ ਨਾਨਕ ਦੇਵ ਜੀ ਦੀ ਸੰਗਤ ਨਾਲ ਸੁਧਰ ਗਏ। ਸੱਜਣ ਠੱਗ, ਜੋ ਯਾਤਰੀਆਂ ਨੂੰ ਠੱਗ ਕੇ ਮਾਰਦਾ ਸੀ। ਭੂਮੀਆ ਚੋਰ, ਜੋ ਡਾਕਿਆਂ ਲਈ ਮਸ਼ਹੂਰ ਸੀ। ਕੌਡਾ ਰਾਖਸ਼, ਜੋ ਮਨੁੱਖਾਂ ਨੂੰ ਖਾਣ ਵਾਲਾ ਦਰਿੰਦਾ ਸਮਝਿਆ ਜਾਂਦਾ ਸੀ। ਉਨ੍ਹਾਂ ਨੇ ਗੁਰੂ ਉਪਦੇਸ਼ ਕਾਰਨ ਆਪਣੇ-ਆਪ ਨੂੰ ਭਟਕੇ ਹੋਏ ਕਿਰਦਾਰਾਂ ਵਜੋਂ ਦੇਖਿਆ। ਇਹੀ ਪਲ ਉਨ੍ਹਾਂ ਦੇ ਅੰਦਰ ਪਸ਼ਚਾਤਾਪ, ਨਿਮਰਤਾ ਤੇ ਨਵਾਂ ਜਨਮ ਲੈ ਕੇ ਆਇਆ। ਇਹ ਲੋਕ ਸੇਵਕ ਬਣੇ, ਰਾਹਗੀਰਾਂ ਦੇ ਰਖਵਾਲੇ ਤੇ ਇਤਿਹਾਸਕ ਪਾਤਰ ਬਣੇ। ਇਹ ਸੂਚੀ ਬਹੁਤ ਲੰਬੀ ਹੈ। ਇਹੀ ਸੀ ਸਿੱਖੀ ਦੀ ਵਿਧੀ- ਸਜ਼ਾ ਨਹੀਂ, ਸੁਧਾਰ।
ਸਿੱਖੀ ਕਦੇ ਵੀ ਸੰਨਿਆਸ ਨਹੀਂ ਸੀ। ਗੁਰੂ ਹਰਿਗੋਬਿੰਦ ਸਾਹਿਬ ਜੀ ਦੇ ਮੀਰੀ-ਪੀਰੀ ਦੇ ਸਿਧਾਂਤ ਤੋਂ ਲੈ ਕੇ ਗੁਰੂ ਗੋਬਿੰਦ ਸਿੰਘ ਜੀ ਦੀ ਖ਼ਾਲਸਾ ਸਾਜਨਾ ਤੱਕ ਸਿੱਖੀ ਨੇ ਸੰਤ-ਸਿਪਾਹੀ ਤਿਆਰ ਕੀਤੇ, ਜੋ ਅਕਾਲ ਪੁਰਖ ਦੀ ਫ਼ੌਜ ਦੇ ਸਿਪਾਹੀ ਬਣ ਮਨੁੱਖੀ ਹੱਕਾਂ ਦੇ ਅਲੰਬਰਦਾਰ ਬਣੇ। ਇਹ ਅਕਾਲ ਪੁਰਖ ਦੇ ਸਿਪਾਹੀ ਆਤਮਿਕ ਤੌਰ 'ਤੇ ਉੱਚੇ, ਨੈਤਿਕ ਤੌਰ 'ਤੇ ਦ੍ਰਿੜ੍ਹ, ਸਮਾਜਿਕ ਤੌਰ 'ਤੇ ਜ਼ਿੰਮੇਵਾਰ ਅਤੇ ਜ਼ੁਲਮ ਖ਼ਿਲਾਫ਼ ਖੜ੍ਹੇ ਹੋਏ। ਮੁਗ਼ਲ ਹਕੂਮਤ ਦਾ ਜ਼ੁਲਮ, ਜ਼ਬਰਦਸਤੀ ਧਰਮ-ਪਰਿਵਰਤਨ ਅਤੇ ਕਤਲੇਆਮ ਵੀ ਉਨ੍ਹਾਂ ਨੂੰ ਸੱਚੇ ਰੱਬੀ ਮਾਰਗ ਤੋਂ ਰੋਕ ਨਹੀਂ ਸਕੇ ਸਨ। ਸਿੱਖ ਹਿੰਸਕ ਨਹੀਂ ਉਹ ਧਰਮੀ ਯੋਧੇ ਸਨ, ਜੋ ਮਨੁੱਖੀ ਹੱਕਾਂ ਦੇ ਰਾਖੇ ਬਣੇ। ਮੁਗਲਾਂ ਨੇ ਤਾਂ ਕੇਵਲ ਸਿੱਖ ਕਤਲੇਆਮ ਦਾ ਰਾਹ ਫੜਿਆ ਸੀ, ਜਿਸ ਨਾਲ ਸਿੱਖ ਦੂਣ-ਸਵਾਏ ਹੁੰਦੇ ਰਹੇ ਪਰ ਅੰਗਰੇਜ਼ਾਂ ਦੀ ਚੋਟ ਯੋਜਨਾਬੱਧ ਸੀ। ਉਨ੍ਹਾਂ ਨੇ ਸਿੱਖਾਂ ਨੂੰ ਸਿਰਫ਼ ਜੰਗ 'ਚ ਨਹੀਂ ਹਰਾਇਆ, ਸਗੋਂ ਉਨ੍ਹਾਂ ਨੇ ਸਿੱਖੀ ਦੇ ਫ਼ਲਸਫ਼ੇ ਅਤੇ ਅਸੂਲਾਂ 'ਤੇ ਵੀ ਹਮਲਾ ਕੀਤਾ। ਉਹ ਜਾਣਦੇ ਸਨ ਕਿ ਸਿੱਖ ਤਾਕਤ ਦੀ ਜੜ੍ਹ ਹੈ- ਪੂਜਾ ਅਕਾਲ ਕੀ, ਪਰਚਾ ਸ਼ਬਦ ਕਾ ਤੇ ਦੀਦਾਰ ਖਾਲਸੇ ਕਾ, ਜਿਸ 'ਚ ਪੰਥਕ ਏਕਤਾ, ਗੁਰੂ 'ਤੇ ਭਰੋਸਾ ਅਤੇ ਆਤਮਿਕ ਆਜ਼ਾਦੀ ਵਾਲੀ ਸੋਚ ਸ਼ਾਮਿਲ ਸੀ। ਅੰਗਰੇਜ਼ਾਂ ਨੇ ਫੁੱਟ ਪਾਉਣ ਲਈ ਨਵੇਂ 'ਵਫ਼ਾਦਾਰ ਸਰਦਾਰ' ਪੈਦਾ ਕੀਤੇ, ਆਜ਼ਾਦ ਹਸਤੀ ਦੇ ਪ੍ਰਤੀਕ ਮਹਾਰਾਜਾ ਰਣਜੀਤ ਸਿੰਘ ਦੇ ਵੰਸ਼ ਦਾ ਨਾਸ਼ ਕੀਤਾ, ਸਿੱਖ ਕੌਮ ਦੀ ਪਨੀਰੀ ਨੂੰ ਭਾਰਤੀ ਸਮਾਜ 'ਚ ਵੰਡਿਆ, ਸਿੱਖਾਂ ਨੂੰ ਗੁਰਮੁਖੀ ਦੀ ਪੜ੍ਹਾਈ ਤੋਂ ਵਾਂਝੇ ਕਰਕੇ ਗੁਰਮਤਿ ਤੋਂ ਦੂਰ ਕੀਤਾ ਅਤੇ ਅਕਾਲ ਦੇ ਪੁਜਾਰੀਆਂ ਦੇ ਸਾਹਮਣੇ ਨਵੇਂ ਬਣਾਏ 'ਬਾਬਿਆਂ' ਨੂੰ ਜਗਤ ਗੁਰੂ ਬਾਬਾ ਨਾਨਕ ਦੇ ਸ਼ਰੀਕ ਖੜ੍ਹੇ ਕਰਕੇ ਭਰਮ ਪੈਦਾ ਕਰ ਦਿੱਤਾ। ਇਸ ਤਰ੍ਹਾਂ ਗੁਰੂ ਨਾਨਕ ਦੇਵ ਜੀ ਦੇ ਸਿੱਖਾਂ ਵਿਚ ਹੌਲੀ-ਹੌਲੀ ਕਈ ਤਰ੍ਹਾਂ ਦੀਆਂ ਕਮਜ਼ੋਰੀਆਂ ਆ ਗਈਆਂ।
ਭਾਰਤ ਦੀ ਆਜ਼ਾਦੀ ਤੋਂ ਬਾਅਦ ਸਿੱਖ ਸਮਾਜ ਨੂੰ ਰਾਜਨੀਤੀ ਤੋਂ ਅਣਜਾਣ, ਦ੍ਰਿਸ਼ਟੀਹੀਣ ਤੇ ਸਵਾਰਥੀ ਆਗੂ ਮਿਲੇ। ਸਿੱਖਾਂ ਦੀ ਬ੍ਰਹਿਮੰਡੀ ਸੋਚ ਦੀ ਥਾਂ ਸੰਕੁਚਿਤ ਸੋਚ, ਡਰ ਦਾ ਵਪਾਰ ਤੇ ਸਿੱਖ ਪਛਾਣ ਦੇ ਖ਼ਤਰੇ ਦੀ ਰਾਜਨੀਤੀ ਨੇ ਲੈ ਲਈ, ਜਿਸ 'ਚੋਂ ਧਰਮ ਪ੍ਰਚਾਰ ਤੇ ਪਸਾਰ ਮਨਫ਼ੀ ਸੀ। ਇਹ ਸਾਰਾ ਕੁਝ ਸਮੂਹਿਕ ਕੌਮੀ ਨੁਕਸਾਨ ਦਾ ਕਾਰਨ ਬਣਿਆ। ਨਤੀਜਾ-ਇਕ ਅਜਿਹੀ ਕੌਮ ਜੋ ਮਨੁੱਖਤਾ ਦੀ ਅਗਵਾਈ ਕਰ ਸਕਦੀ ਸੀ, ਆਪਣੇ ਹੀ ਪਰਛਾਵੇਂ ਤੋਂ ਡਰਨ ਲੱਗ ਪਈ। ਇਹ ਹੀ ਮੌਕਾ ਸੀ, ਜਦੋਂ ਸਿੱਖ ਨੌਜਵਾਨੀ ਗਲਤ ਰਾਹਾਂ ਵੱਲ ਧੱਕੀ ਗਈ। ਸਭ ਤੋਂ ਦੁਖਦਾਈ ਅਧਿਆਇ ਉਦੋਂ ਸ਼ੁਰੂ ਹੋਇਆ, ਜਦੋਂ ਗੁਰੂ ਨਾਨਕ ਦੇਵ ਜੀ ਦੇ ਫ਼ਲਸਫ਼ੇ ਤੋਂ ਟੁੱਟੀ ਜਵਾਨੀ ਨੂੰ ਕਈ ਤਰ੍ਹਾਂ ਦੀਆਂ ਹਿੰਸਾ ਵਿਚ ਯਕੀਨ ਰੱਖਣ ਵਾਲੀਆਂ ਜਥੇਬੰਦੀਆਂ ਅਤੇ ਗੈਂਗਸਟਰਾਂ ਵਲੋਂ ਵਰਤਿਆ ਜਾਣਾ ਆਰੰਭ ਹੋਇਆ, ਜਿਸ 'ਚ ਬਦਲਾ, ਗੁੱਸਾ ਤੇ ਹਿੰਸਾ ਸਾਧਨ ਬਣ ਗਏ। ਸਿਮਰਨ ਤੇ ਸੇਵਾ ਗੁਰਮਤਿ ਦਾ ਫ਼ਲਸਫ਼ਾ ਹੈ। ਧਰਮਸ਼ਾਲਾ ਜਾਂ ਗੁਰਦੁਆਰਾ ਸੇਵਾ ਰਾਹੀਂ ਧਰਮ ਕਮਾਉਣ ਦੀ ਸੰਸਥਾ ਹੈ, ਜੋ ਕੁੱਲ ਮਨੁੱਖਤਾ ਲਈ ਹੈ। ਅਸਲ ਵਿਚ ਗੁਰਦੁਆਰਾ ਸਿੱਖ ਸਮਾਜ ਦਾ ਕੇਂਦਰ ਹੈ, ਲੰਗਰ ਸਮਾਨਤਾ ਦਾ ਪ੍ਰਯੋਗ ਹੈ, ਕੀਰਤਨ ਨੈਤਿਕ ਜਾਗਰੂਕਤਾ ਹੈ, ਰਹਿਤ ਅਨੁਸ਼ਾਸਨ ਹੈ, ਸਿਰਫ਼ ਰਸਮਾਂ ਨਹੀਂ। ਜਦੋਂ ਕੋਈ ਵੀ ਵਿਧੀ ਰਸਮ ਬਣ ਜਾਂਦੀ ਹੈ ਤਾਂ ਉਸ ਦੀ ਆਤਮਾ ਖੋਹ ਜਾਂਦੀ ਹੈ।
ਕੌਮ ਦੀ ਪੁਰਾਤਨ ਫ਼ਲਸਫ਼ੇ ਤੇ ਸ਼ਾਨ ਵੱਲ ਵਾਪਸੀ ਭਾਵੇਂ ਮੁਸ਼ਕਿਲ ਜਾਪਦੀ ਹੈ, ਪਰ ਅਸੰਭਵ ਨਹੀਂ ਹੈ, ਕਿਉਂਕਿ ਜੇ ਸੱਜਣ ਠੱਗ ਬਦਲ ਸਕਦਾ ਹੈ, ਜੇ ਕੌਡਾ ਰਾਖਸ਼ ਜਾਗ ਸਕਦਾ ਹੈ ਤਾਂ ਸਿੱਖ ਕਿਉਂ ਨਹੀਂ? ਬੱਸ ਲੋੜ ਹੈ ਗੁਰੂ ਨਾਨਕ ਸਾਹਿਬ ਦੇ ਫ਼ਲਸਫ਼ੇ ਨਾਲ ਮੁੜ ਜੁੜਨ ਦੀ, ਡਰ ਦੀ ਰਾਜਨੀਤੀ ਤਿਆਗਣ ਦੀ, ਨੈਤਿਕ ਤੇ ਕਿਰਦਾਰ ਵਾਲੀ ਲੀਡਰਸ਼ਿਪ ਪੈਦਾ ਕਰਨ ਦੀ ਅਤੇ ਨੌਜਵਾਨੀ ਨੂੰ ਫ਼ਲਸਫ਼ੇ ਤੇ ਇਤਿਹਾਸ ਨਾਲ ਜੋੜਨ ਦੀ।
ਆਓ ਮਾਨਵੀ ਸੋਚ ਦੁਬਾਰਾ ਪ੍ਰਗਟ ਕਰਨ ਦੀ ਯੋਜਨਾ ਬਣਾਈਏ। ਸਿੱਖੀ ਚੜ੍ਹਦੀ ਕਲਾ ਵਾਲੇ ਇਨਸਾਨ ਬਣਾਉਣ ਲਈ ਪ੍ਰਗਟ ਹੋਈ ਸੀ। ਜੋ ਜ਼ੁਲਮ ਖ਼ਿਲਾਫ਼ ਖੜ੍ਹ ਸਕਦੇ ਹਨ, ਕਮਜ਼ੋਰਾਂ ਦੀ ਰੱਖਿਆ ਕਰਦੇ ਹਨ, ਸੱਚ ਬੋਲਦੇ ਹਨ, ਸੱਚਾ ਆਚਾਰ ਰੱਖਦੇ ਹਨ, ਨਿਰਭਉ ਤੇ ਨਿਰਵੈਰ ਜੀਵਨ ਜਿਉਂਦੇ ਹਨ। ਆਓ ਯੋਜਨਾ ਬਣਾਈਏ, ਵਿਚਾਰ ਕਰੀਏ ਤੇ ਨਿਸ਼ਚਾ ਕਰਕੇ ਜਿੱਤ ਵੱਲ ਵਧੀਏ- ਮਨੁੱਖਤਾ ਲਈ, ਭਾਰਤ ਲਈ, ਗੁਰੂ ਨਾਨਕ ਦੇਵ ਜੀ ਦੇ ਸੁਪਨੇ ਲਈ ਅਤੇ ਪੰਥ ਦੀ ਚੜ੍ਹਦੀ ਕਲਾ ਲਈ।

-ਸਾਬਕਾ ਚੇਅਰਮੈਨ, ਕੌਮੀ ਘੱਟ ਗਿਣਤੀ ਕਮਿਸ਼ਨ, ਭਾਰਤ ਸਰਕਾਰ।
ਮੋਬਾਈਲ : +91-97800-0333

ਪਿਛਲੀ ਖ਼ਬਰ ਦਸਮੇਸ਼ ਪਿਤਾ ਦੀ ਚਰਨ ਛੋਹ ਪ੍ਰਾਪਤ ਗੁ: ਸ੍ਰੀ ਮਾਣਕ ਟਬਰਾ ਸਾਹਿਬ ਪਾਤਸ਼ਾਹੀ ਦਸਵੀਂ ਅਗਲੀ ਖ਼ਬਰ 16-02-26

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।