ਭੰਗਾਣੀ ਦੇ ਯੁੱਧ ਤੋਂ ਬਾਅਦ ਜਦੋਂ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਸ੍ਰੀ ਅਨੰਦਪੁਰ ਸਾਹਿਬ ਦੀ ਵਾਪਸੀ ਲਈ ਚਾਲੇ ਪਾਏ ਤਾਂ ਉਨ੍ਹਾਂ ਰਸਤੇ ਵਿਚ ਕਈ ਸਥਾਨਾਂ ਨੂੰ ਭਾਗ ਲਾਏ। ਵਾਪਸੀ ਸਮੇਂ ਗੁਰੂ ਜੀ ਨੇ ਪਾਉਂਟਾ ਸਾਹਿਬ ਤੋਂ ਨਾਹਨ, ਸਢੋਰਾ, ਲਾਹੜਪੁਰ, ਟੋਕਾ ਸਾਹਿਬ ਤੇ ਲਾਹਾ ਹੁੰਦੇ ਹੋਏ ਪਿੰਡ ਕਾਟਲਾ ਜਿਸ ਨੂੰ ਅੱਜ ਰਾਏਪੁਰ ਰਾਣੀ ਕਿਹਾ ਜਾਂਦਾ ਹੈ, ਦੇ ਬਾਹਰ ਚਰਨ ਪਾਏ ਅਤੇ ਇਸ ਧਰਤੀ ਨੂੰ ਪਵਿੱਤਰ ਕੀਤਾ। ਇਹ ਸਥਾਨ ਕਿਲ੍ਹਾ ਰਾਏਪੁਰ ਰਾਣੀ ਤੋਂ ਡੇਢ ਕਿਲੋਮੀਟਰ ਦੀ ਦੂਰੀ 'ਤੇ ਹੈ। ਉਸ ਸਮੇਂ ਰਾਏਪੁਰ ਰਾਣੀ ਵਿਖੇ ਰਾਜਾ ਰਾਓ ਪ੍ਰਿਥਵੀ ਸਿੰਘ ਦਾ ਵੱਡਾ ਕਿਲ੍ਹਾ ਸੀ ਤੇ ਉਸ ਦਾ ਨਾਲ ਲਗਦੇ 84 ਪਿੰਡਾਂ 'ਤੇ ਕਬਜ਼ਾ ਸੀ। ਸਥਾਨਕ ਲੋਕਾਂ ਦਾ ਕਹਿਣਾ ਹੈ ਕਿ ਉਸ ਰਾਜੇ ਨੂੰ ਗੁਰੂ ਜੀ ਦੇ ਆਉਣ ਦਾ ਪਤਾ ਲੱਗਾ ਪਰ ਉਸ ਨੇ ਉਨ੍ਹਾਂ ਨੂੰ ਸਤਿਕਾਰ ਨਾ ਦਿੱਤਾ। ਪਰ ਉਸ ਰਾਜੇ ਦੀ ਰਾਣੀ ਨੂੰ ਗਿਆਨ ਹੋਇਆ ਕਿ ਗੁਰੂ ਜੀ ਪ੍ਰਭੂ ਦਾ ਰੂਪ ਹਨ ਤਾਂ ਉਹ ਉਨ੍ਹਾਂ ਨੂੰ ਕਿਲ੍ਹੇ ਵਿਚ ਆਉਣ ਲਈ ਬੇਨਤੀ ਕਰਨ ਸਬੰਧੀ ਗੁਰੂ ਜੀ ਕੋਲ ਗਈ ਪਰ ਗੁਰੂ ਜੀ ਨਹੀਂ ਆਏ। ਪਰ ਕਿਹਾ ਜਾਂਦਾ ਹੈ ਕਿ ਰਾਣੀ ਦੇ ਦੂਜੀ ਵਾਰ ਬੇਨਤੀ ਕਰਨ 'ਤੇ ਗੁਰੂ ਜੀ ਕਿਲ੍ਹੇ ਗਏ ਅਤੇ ਇਕ ਥੜ੍ਹੇ 'ਤੇ ਵਿਸ਼ਰਾਮ ਕੀਤਾ। ਇਸ ਸਥਾਨ ਅੱਜ ਵੀ ਬਹੁਤ ਵੱਡੇ ਬੋਹੜ ਦੇ ਰੁੱਖ ਹੇਠਾਂ ਸਥਿਤ ਹੈ। ਉਸ ਦੇ ਨਾਲ ਹੀ ਇਕ ਕਮਰੇ 'ਚ ਗੁਰੂ ਗ੍ਰੰਥ ਸਾਹਿਬ ਜੀ ਦਾ ਪ੍ਰਕਾਸ਼ ਕੀਤਾ ਹੋਇਆ ਹੈ।
ਜਿੱਥੇ ਦਸਮੇਸ਼ ਪਿਤਾ ਨੇ ਪਿੰਡ ਦੇ ਬਾਹਰ ਠਹਿਰਾ ਕੀਤਾ ਸੀ, ਉੱਥੇ ਅੱਜ ਬਹੁਤ ਹੀ ਸ਼ਾਨਦਾਰ ਗੁਰਦੁਆਰਾ ਸ੍ਰੀ ਮਾਣਕ ਟਬਰਾ ਸਾਹਿਬ ਸੁਸ਼ੋਭਿਤ ਹੈ। ਗੁਰਦੁਆਰਾ ਸਾਹਿਬ ਵਿਖੇ ਸੇਵਾ ਕਰਦੇ ਭਾਈ ਕ੍ਰਿਸ਼ਨ ਲਾਲ ਨੇ ਦੱਸਿਆ ਕਿ ਗੁਰਦੁਆਰਾ ਸਾਹਿਬ ਦਾ ਕੈਂਪਸ ਬਹੁਤ ਵੱਡਾ ਤੇ ਰੁੱਖਾਂ ਨਾਲ ਘਿਰਿਆ ਹੋਇਆ ਹੈ। ਗੁਰਦੁਆਰਾ ਸਾਹਿਬ ਦੀ ਸ਼ਾਨਦਾਰ ਇਮਾਰਤ ਦੇ ਸੱਜੇ ਪਾਸੇ ਸਾਹਿਬਜ਼ਾਦਾ ਬਾਬਾ ਅਜੀਤ ਸਿੰਘ ਨਿਵਾਸ ਸਥਾਨ ਬਣਾਇਆ ਹੈ, ਜੋ ਸੇਵਾਦਾਰ ਸਿੰਘਾਂ ਦੀ ਰਿਹਾਇਸ਼ ਦੇ ਤੌਰ 'ਤੇ ਵਰਤਿਆ ਜਾਂਦਾ ਹੈ। ਗੁਰਦੁਆਰਾ ਸਾਹਿਬ ਦੀ ਇਮਾਰਤ ਦੇ ਖੱਬੇ ਪਾਸੇ ਇਕ ਬਹੁਤ ਵੱਡਾ ਲੰਗਰ ਹਾਲ ਹੈ। ਇਕ ਛੋਟਾ ਲੰਗਰ ਸਥਾਨ ਵੀ 24 ਘੰਟੇ ਲੰਗਰ ਦੀ ਸੇਵਾ ਲਈ ਬਣਾਇਆ ਗਿਆ ਹੈ।
ਗੁਰਦੁਆਰਾ ਸਾਹਿਬ ਦੀ ਇਤਿਹਾਸਕ ਮਹੱਤਤਾ ਅਤੇ ਰਮਣੀਕ ਸਥਾਨ ਹੋਣ ਕਰਕੇ ਸੰਗਤਾਂ ਦਾ ਆਉਣਾ-ਜਾਣਾ ਬਣਿਆ ਰਹਿੰਦਾ ਹੈ। ਇਸ ਗੁਰਦੁਆਰਾ ਸਾਹਿਬ ਦਾ ਪ੍ਰਬੰਧ ਹਰਿਆਣਾ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਅਧੀਨ ਹੈ। ਇਹ ਅਸਥਾਨ ਜ਼ਿਲ੍ਹਾ ਪੰਚਕੂਲਾ ਵਿਚ ਤਹਿਸੀਲ ਰਾਇਪੁਰ ਰਾਣੀ ਵਿਖੇ ਸਥਿਤ ਹੈ ਅਤੇ ਇਹ ਗੁਰਦੁਆਰਾ ਸਾਹਿਬ ਪੰਚਕੂਲਾ-ਨਰਾਇਣ ਗੜ੍ਹ ਦੀ ਪੁਰਾਣੀ ਸੜਕ 'ਤੇ ਸੁਸ਼ੋਭਿਤ ਹੈ। ਇਸ ਸਥਾਨ ਤੋਂ ਹੀ ਗੁਰੂ ਜੀ ਅਗਲੀ ਯਾਤਰਾ ਲਈ ਨਾਢਾ ਸਾਹਿਬ ਬਾਉਲੀ ਸਾਹਿਬ ਅਤੇ ਨਾਭਾ ਸਾਹਿਬ ਦੇ ਸਥਾਨ ਤੋਂ ਹੁੰਦੇ ਹੋਏ ਸ੍ਰੀ ਅਨੰਦਪੁਰ ਸਾਹਿਬ ਪਧਾਰੇ ਸਨ।
ਗੁਰੂ ਜੀ ਦੇ ਇੱਥੇ ਪਹੁੰਚਣ ਸਦਕਾ ਰਾਜੇ ਦਾ ਕਿਲ੍ਹਾ ਜੋ ਅਜੋਕੇ ਨਗਰ ਦੇ ਅੰਦਰ ਸਥਿਤ ਹੈ, ਦੀ ਵੀ ਪ੍ਰਸਿੱਧੀ ਹੋ ਗਈ। ਗੁਰੂ ਘਰ ਦੇ ਇਕ ਸ਼ਰਧਾਲੂ ਰਾਜਕੁਮਾਰ ਨਾਮਦੇਵ ਜੋ ਕਿਲ੍ਹੇ ਦੇ ਕੋਲ ਹੀ ਰਹਿੰਦਾ ਹੈ, ਨੇ ਦੱਸਿਆ ਕਿ ਇਹ ਕਿਲ੍ਹਾ ਸਾਢੇ ਤਿੰਨ ਏਕੜ ਖੇਤਰ 'ਚ ਬਣਿਆ ਹੈ, ਜੋ ਰਾਜੇ ਪ੍ਰਿਥਵੀ ਸਿੰਘ ਦੇ ਵਾਰਸਾਂ ਦੀ ਨਿੱਜੀ ਜਾਇਦਾਦ ਹੈ ਪਰ ਇਹ ਕਿਲ੍ਹਾ ਗੁਰੂ ਪ੍ਰੇਮੀਆਂ ਲਈ ਸਦਾ ਖੁੱਲ੍ਹਾ ਰਹਿੰਦਾ ਹੈ ਪਰ ਇਹ ਬਿਨਾਂ ਕਿਸੇ ਦੇਖਭਾਲ ਦੇ ਖੰਡਰ ਬਣਦਾ ਜਾ ਰਿਹਾ ਹੈ।
ਉਨ੍ਹਾਂ ਦੱਸਿਆ ਕਿ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੀ ਬਖਸ਼ਿਸ਼ ਸਦਕਾ ਹੀ ਰਾਣੀ ਨੂੰ ਰਾਏਪੁਰ ਦੀ ਰਾਣੀ ਦਾ ਦਰਜਾ ਦਿੱਤਾ ਗਿਆ ਸੀ। ਇਸ ਤਰ੍ਹਾਂ ਜਿਹੜੀਆਂ ਸੰਗਤਾਂ ਗੁਰਦੁਆਰਾ ਸਾਹਿਬ ਦੇ ਦਰਸ਼ਨ ਲਈ ਆਉਂਦੀਆਂ ਹਨ, ਉਹ ਕਿਲ੍ਹਾ ਦੇਖਣ ਲਈ ਵੀ ਪਹੁੰਚ ਜਾਂਦੀਆਂ ਹਨ।
-ਮਕਾਨ ਨੰ: 3098, ਸੈਕਟਰ-37ਡੀ, ਚੰਡੀਗੜ੍ਹ। ਮੋਬਾਈਲ : 98764-52223