21-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 16-02-2026

18 ਫਰਵਰੀ ਨੂੰ ਬਰਸੀ 'ਤੇ ਵਿਸ਼ੇਸ਼ ਪੰਥ ਰਤਨ ਗਿਆਨੀ ਸੰਤ ਸਿੰਘ ਮਸਕੀਨ

ਅਜੀਤ ਡੈਸਕ 16-02-2026

ਗਿਆਨੀ ਸੰਤ ਸਿੰਘ ਮਸਕੀਨ ਪੰਥ ਦੇ ਪ੍ਰਸਿੱਧ ਵਿਦਵਾਨ, ਕਥਾਵਾਚਕ, ਵਿਆਖਿਆਕਾਰ ਤੇ ਬਹੁਤ ਚੰਗੇ ਲਿਖਾਰੀ ਸਨ। ਉਨ੍ਹਾਂ ਨੇ ਕਈ ਧਾਰਮਿਕ ਪੁਸਤਕਾਂ ਸਿੱਖ ਜਗਤ ਦੀ ਝੋਲੀ ਪਾਈਆਂ। ਉਨ੍ਹਾਂ ਦਾ ਜਨਮ 1 ਜਨਵਰੀ ਸੰਨ 1934 ਨੂੰ ਪਿਤਾ ਸ. ਕਰਤਾਰ ਸਿੰਘ ਤੇ ਮਾਤਾ ਰਾਮ ਕੌਰ ਦੇ ਘਰ ਕਸਬਾ ਲੱਕ ਮਰਵਤ ਜ਼ਿਲ੍ਹਾ ਬੰਨੂ (ਹੁਣ ਪਾਕਿਸਤਾਨ 'ਚ) ਵਿਖੇ ਹੋਇਆ। ਮੁੱਢਲੀ ਪੜ੍ਹਾਈ ਪਾਕਿਸਤਾਨ ਵਿਚ ਹੀ ਹੋਈ। 1947 'ਚ ਦੇਸ਼ ਦੀ ਵੰਡ ਹੋ ਗਈ ਤੇ ਉਹ ਪਰਿਵਾਰ ਸਮੇਤ ਭਾਰਤ 'ਚ ਰਾਜਸਥਾਨ ਦੇ ਸ਼ਹਿਰ ਅਲਵਰ ਵਿਖੇ ਆ ਗਏ। ਜ਼ਿੰਦਗੀ ਬਸਰ ਕਰਨ ਲਈ ਰੋਜ਼ੀ-ਰੋਟੀ ਦੀ ਤਲਾਸ਼ 'ਚ ਕੰਮਕਾਰ ਦੀ ਭਾਲ ਕਰਨ ਲੱਗੇ। ਰੇਲਵੇ ਵਿਚ ਡਰਾਇਵਰ ਦੀ ਨੌਕਰੀ ਦਾ ਮੌਕਾ ਮਿਲਿਆ। ਡਰਾਇਵਰੀ ਦੀ ਸਿਖਲਾਈ ਲੈਣ ਲਈ ਗਏ, ਪਰ ਦੋ ਕੁ ਮਹੀਨੇ ਬਾਅਦ ਸਿਖਲਾਈ ਵਿੱਚੇ ਛੱਡ ਕੇ ਘਰ ਆ ਗਏ। ਉਨ੍ਹਾਂ ਨੂੰ ਸਾਧੂ-ਸੰਤਾਂ ਦੀ ਸੰਗਤ ਕਰਨਾ ਬਹੁਤ ਵਧੀਆ ਲਗਦਾ ਸੀ। ਉਨ੍ਹਾਂ ਨੇ ਗਿਆਨੀ ਬਲਵੰਤ ਸਿੰਘ ਜੋ ਇਕ ਪਹੁੰਚੇ ਹੋਏ ਮਹਾਂਪੁਰਖ ਸਨ, ਕੋਲੋਂ ਬ੍ਰਹਮ ਵਿੱਦਿਆ ਹਾਸਲ ਕੀਤੀ। ਉਨ੍ਹਾਂ ਦਾ ਸੰਗ ਮਿਲਣ ਕਾਰਨ ਗਿਆਨੀ ਜੀ ਵੀ ਚੰਗੀ ਕਥਾ ਕਰਨ ਲੱਗ ਪਏ। ਸਾਧੂ-ਸੰਤਾਂ ਦੀ ਸੰਗਤ ਕਰਨ ਕਰਕੇ ਉਹ ਖ਼ੁਦ ਸੰਤ ਬਣ ਗਏ। ਸੰਤ ਜੀ ਗਿਆਨ ਦਾ ਭੰਡਾਰ ਸਨ। ਉਹ ਕਈ ਭਾਸ਼ਾਵਾਂ ਦਾ ਗਿਆਨ ਰੱਖਦੇ ਸਨ। ਉਨ੍ਹਾਂ ਨੇ ਸਿੱਖ ਧਰਮ ਤੋਂ ਇਲਾਵਾ ਹਰ ਧਰਮ ਦੇ ਧਾਰਮਿਕ ਗ੍ਰੰਥਾਂ ਦਾ ਡੂੰਘਾ ਅਧਿਐਨ ਕੀਤਾ ਹੋਇਆ ਸੀ। ਕਥਾ ਸੁਣਨ ਵਾਲੀਆਂ ਸੰਗਤਾਂ ਨੂੰ ਸਮੇਂ 'ਤੇ ਢੁੁਕਵੀਂ ਗੱਲ ਕਹਿ ਕੇ ਸਮਝਾਉਣ ਦਾ ਉਨ੍ਹਾਂ ਦਾ ਆਪਣਾ ਨਿਵੇਕਲਾ ਢੰਗ ਸੀ। ਉਨ੍ਹਾਂ ਨੇ ਕਈ ਧਾਰਮਿਕ ਪੁਸਤਕਾਂ ਸਿੱਖ ਜਗਤ ਦੀ ਝੋਲੀ ਪਾਈਆਂ। ੳਹ ਸਿੱਖੀ ਦੇ ਪ੍ਰਚਾਰ ਹਿੱਤ ਦੇਸ਼ ਤੋਂ ਬਾਹਰ ਅਫਗਾਨਿਸਤਾਨ, ਸਿੰਗਾਪੁਰ, ਈਰਾਨ, ਕੁਵੈਤ, ਮਲੇਸ਼ੀਆ ਤੇ ਹੋਰ ਵੀ ਬਹੁਤ ਸਾਰੇ ਦੇਸ਼ਾਂ ਵਿਚ ਗਏ। 1958 ਵਿਚ ਉਨ੍ਹਾਂ ਦਾ ਵਿਆਹ ਕਰ ਦਿੱਤਾ ਗਿਆ।
ਅਲਵਰ ਵਿਚ ਉਨ੍ਹਾਂ ਦੀ ਦੇਖ-ਰੇਖ ਹੇਠ ਗੁਰੂ ਨਾਨਕ ਪਬਲਿਕ ਸਕੂਲ ਤੇ ਸ੍ਰੀ ਗੁਰੂ ਹਰਿਕ੍ਰਿਸ਼ਨ ਪਬਲਿਕ ਸਕੂਲ ਚਲਦੇ ਸਨ। ਉਹ ਗਰੀਬ ਬੱਚਿਆਂ ਦੀਆਂ ਫੀਸਾਂ, ਵਰਦੀਆਂ, ਕਿਤਾਬਾਂ ਤੇ ਦਵਾਈਆਂ ਦਾ ਪ੍ਰਬੰਧ ਆਪਣੀ ਨੇਕ ਕ੍ਰਿਤ 'ਚੋਂ ਕਰਦੇ ਸਨ। ਹਰ ਲੋੜਵੰਦ ਦੀ ਮਦਦ ਕਰਨੀ ਆਪਣਾ ਧਰਮ ਸਮਝਦੇ ਸਨ। ਉਹ ਗੁਰੂ ਆਸ਼ੇ ਅਨੁਸਾਰ ਚੱਲਣ ਵਾਲੇ ਪੂਰਨ ਗੁਰਸਿੱਖ ਸਨ। ਉਨ੍ਹਾਂ ਦੀਆਂ ਪੰਥ ਪ੍ਰਤੀ ਸੇਵਾਵਾਂ ਕਰਕੇ ਉਨ੍ਹਾਂ ਨੂੰ 'ਪੰਥ ਰਤਨ' ਦੀ ਉਪਾਧੀ ਦਿੱਤੀ ਗਈ। 2005 ਵਿਚ ਸ੍ਰੀ ਅਕਾਲ ਤਖ਼ਤ ਸਾਹਿਬ ਸ੍ਰੀ ਅੰਮ੍ਰਿਤਸਰ ਸਾਹਿਬ ਤੋਂ ਮਸਕੀਨ ਜੀ ਨੂੰ 'ਗੁਰਮਤਿ ਵਿਦਿਆ ਮਾਰਤੰਡ' ਤੇ 'ਭਾਈ ਗੁਰਦਾਸ ਪੁਰਸਕਾਰ' ਦੀ ਉਪਾਧੀ ਨਾਲ ਵੀ ਨਿਵਾਜਿਆ ਗਿਆ ਤੇ ਹੋਰ ਵੀ ਅਨੇਕਾਂ ਮਾਣ-ਸਨਮਾਨ ਉਨ੍ਹਾਂ ਦੀ ਝੋਲੀ ਪਏ। ਸਿੱਖ ਪੰਥ ਦੀ ਇਹ ਮਹਾਨ ਸ਼ਖਸੀਅਤ 18 ਫਰਵਰੀ 2005 ਨੂੰ ਗੁਰੂ ਪਾਤਿਸ਼ਾਹ ਵਲੋਂ ਬਖਸ਼ਿਸ਼ ਕੀਤੀ ਹੋਈ 71 ਸਾਲ ਦੀ ਉਮਰ ਬਤੀਤ ਕਰਕੇ ਗੁਰੂ ਚਰਨਾਂ ਵਿਚ ਲੀਨ ਹੋ ਗਈ।

ਪਿਛਲੀ ਖ਼ਬਰ ਕੱਲ੍ਹ ਜਨਮ ਦਿਨ 'ਤੇ ਵਿਸ਼ੇਸ਼ ਮਾਨਵਤਾ ਦਾ ਮਹਾਨ ਕਵੀ-ਪ੍ਰੋ. ਪੂਰਨ ਸਿੰਘ ਅਗਲੀ ਖ਼ਬਰ ਦਸਮੇਸ਼ ਪਿਤਾ ਦੀ ਚਰਨ ਛੋਹ ਪ੍ਰਾਪਤ ਗੁ: ਸ੍ਰੀ ਮਾਣਕ ਟਬਰਾ ਸਾਹਿਬ ਪਾਤਸ਼ਾਹੀ ਦਸਵੀਂ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।