21-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 16-02-2026

ਕੱਲ੍ਹ ਜਨਮ ਦਿਨ 'ਤੇ ਵਿਸ਼ੇਸ਼ ਮਾਨਵਤਾ ਦਾ ਮਹਾਨ ਕਵੀ-ਪ੍ਰੋ. ਪੂਰਨ ਸਿੰਘ

ਅਜੀਤ ਡੈਸਕ 16-02-2026

 ਪ੍ਰੋ. ਪੂਰਨ ਸਿੰਘ ਪੰਜਾਬੀ ਸਾਹਿਤ ਦੀ ਆਧੁਨਿਕ ਕਾਵਿ ਧਾਰਾ ਦੇ ਉੱਚ ਕੋਟੀ ਦੇ ਮਹਾਨ ਕਵੀ ਹੋਏ ਹਨ। ਇਸੇ ਲਈ ਪ੍ਰਸਿੱਧ ਲੇਖਕ ਪਿਆਰਾ ਸਿੰਘ ਪਦਮ ਨੇ ਪ੍ਰੋ. ਪੂਰਨ ਸਿੰਘ ਨੂੰ 'ਪੰਜਾਬ ਦਾ ਟੈਗੋਰ' ਤੇ ਡਾ. ਮਹਿੰਦਰ ਸਿੰਘ ਰੰਧਾਵਾ ਨੇ 'ਮਾਨਵਤਾ ਦਾ ਮਹਾਨ ਕਵੀ' ਕਹਿ ਕੇ ਮਾਣ ਬਖਸ਼ਿਆ ਹੈ। ਪ੍ਰੋ. ਪੂਰਨ ਸਿੰਘ ਦਾ ਜਨਮ 17 ਫਰਵਰੀ 1881 ਨੂੰ ਪਿਤਾ ਸ. ਕਰਤਾਰ ਸਿੰਘ ਤੇ ਮਾਤਾ ਪਦਮਾ ਦੇਵੀ ਦੇ ਘਰ ਜ਼ਿਲ੍ਹਾ ਐਬਟਾਬਾਦ ਦੇ ਪਿੰਡ ਸਲਹਟ (ਹੁਣ ਪਾਕਿਸਤਾਨ 'ਚ) ਵਿਖੇ ਹੋਇਆ। ਉਹ ਬਚਪਨ ਤੋਂ ਹੀ ਤੇਜ਼ਤਰਾਰ ਤੇ ਬੁੱਧੀਮਾਨ ਸਨ। ਉਨ੍ਹਾਂ ਦੇ ਪਿਤਾ ਮਾਲ ਮਹਿਕਮੇ 'ਚ ਪਟਵਾਰੀ ਸਨ। ਉਨ੍ਹਾਂ ਦੀ ਹਵੇਲੀਆਂ ਪਿੰਡ ਦੇ ਮੌਲਵੀ ਕੋਲ ਪੜ੍ਹਾਈ ਸ਼ੁਰੂ ਹੋਈ। ਗੁਰਦੁਆਰਾ ਸਾਹਿਬ ਦੇ ਭਾਈ ਸ. ਬੇਲਾ ਸਿੰਘ ਤੋਂ ਗੁਰਮੁਖੀ ਸਿੱਖੀ। ਪਿੰਡ ਹਰੀਪੁਰ ਦੇ ਐਸ.ਬੀ. ਸਕੂਲ ਤੋਂ ਅੱਠਵੀਂ ਤੇ ਰਾਵਲਪਿੰਡੀ ਤੋਂ ਦਸਵੀਂ ਕੀਤੀ। ਲਾਹੌਰ ਦੇ ਡੀ.ਏ.ਵੀ. ਕਾਲਜ ਤੋਂ ਉੱਚ ਵਿੱਦਿਆ ਪ੍ਰਾਪਤ ਕੀਤੀ ਤੇ ਇੱਥੋਂ ਹੀ ਰਸਾਇਣ ਵਿਗਿਆਨ ਦੀ ਪੜ੍ਹਾਈ ਲਈ ਜਪਾਨ ਦੀ ਟੋਕੀਓ ਯੂਨੀਵਰਸਿਟੀ ਲਈ ਚੁਣੇ ਗਏ।

ਉਨ੍ਹਾਂ ਦਾ ਵਿਆਹ 5 ਮਾਰਚ 1904 ਨੂੰ ਮਾਇਆ ਦੇਵੀ ਨਾਲ ਹੋਇਆ ਤੇ ਉਨ੍ਹਾਂ ਦੇ ਘਰ ਤਿੰਨ ਪੁੱਤਰ ਨਰਾਇਣ ਉਰਫ਼ ਮਦਨ ਮੋਹਨ ਸਿੰਘ, ਸਤਵੰਤ ਸਿੰਘ ਉਰਫ ਨਿਰਲੇਪ ਸਿੰਘ, ਭਾਲੂ ਉਰਫ਼ ਰਾਮਿੰਦਰ ਸਿੰਘ ਤੇ ਬੇਟੀ ਗਾਰਗੀ ਨੇ ਜਨਮ ਲਿਆ। ਸਿਆਲਕੋਟ ਵਿਖੇ 1912 ਵਿਚ ਇਕ ਵਿੱਦਿਅਕ ਕਾਨਫਰੰਸ 'ਚ ਪ੍ਰਸਿੱਧ ਕਵੀ ਭਾਈ ਵੀਰ ਸਿੰਘ ਦੇ ਮੇਲ ਨੇ ਉਨ੍ਹਾਂ ਦੀ ਜ਼ਿੰਦਗੀ 'ਚ ਨਵਾਂ ਮੋੜ ਲਿਆਂਦਾ ਤੇ ਉਹ ਭਾਈ ਵੀਰ ਸਿੰਘ ਜਿਹੀ ਸ਼ਖ਼ਸੀਅਤ ਤੋਂ ਏਨਾ ਪ੍ਰਭਾਵਿਤ ਹੋਏ ਕਿ ਪੂਰਨ ਕੇਸਾਧਾਰੀ ਹੋ ਕੇ ਸਿੰਘ ਸਜ ਗਏ।
ਪ੍ਰੋ. ਪੂਰਨ ਸਿੰਘ ਦੀ ਭਾਈ ਵੀਰ ਸਿੰਘ ਦੇ ਛੋਟੇ ਭਰਾ ਬਲਵੀਰ ਸਿੰਘ ਨਾਲ ਗੂੜੀ੍ਹ ਮਿੱਤਰਤਾ ਹੋ ਗਈ ਸੀ ਤੇ ਉਨ੍ਹਾਂ ਨਾਲ ਕਈ-ਕਈ ਚਿਰਾਂ ਤੱਕ ਸਿੱਖ ਇਤਿਹਾਸ 'ਤੇ ਚਰਚਾ ਹੁੰਦੀ ਰਹਿੰਦੀ। ਜਦ ਦਸੰਬਰ 1904 ਵਿਚ ਵਿਕਟੋਰੀਆ ਡਾਇਮੰਡ ਜੁਬਲੀ ਹਿੰਦੂ ਟੈਕਨੀਕਲ ਇੰਸਟੀਚਿਊਟ ਦਾ ਪ੍ਰਿੰਸੀਪਲ ਬਣ ਕੇ ਉਹ ਲਾਹੌਰ ਆਏ ਤਾਂ ਇੱਥੇ 'ਥਡਰਿੰਗ ਦਾਨ' ਪੱਤ੍ਰਿਕਾ ਦੀ ਮੁੜ ਸ਼ੁਰੂਆਤ ਕੀਤੀ। ਲਾਲਾ ਹਰਦਿਆਲ ਤੇ ਖ਼ੁਦਾਦਾਦ ਵਰਗੇ ਅਗਾਂਹਵਧੂ ਵਿਚਾਰਾਂ ਵਾਲੇ ਲੀਡਰਾਂ ਨਾਲ ਮਿੱਤਰਤਾ ਵੀ ਹੋ ਗਈ। ਨਵੰਬਰ 1906 'ਚ ਪ੍ਰਿੰਸੀਪਲ ਦਾ ਅਹੁਦਾ ਛੱਡ ਕੇ ਦੇਹਰਾਦੂਨ 'ਚ ਸਾਬਣ ਦੀ ਫੈਕਟਰੀ ਲਾ ਲਈ। ਕੁਝ ਸਮੇਂ ਬਾਅਦ ਹੀ ਫੈਕਟਰੀ ਵੇਚ ਕੇ ਫੋਰੈਸਟ ਰਿਸਰਚ ਇੰਸਟੀਚਿਊਟ ਦੇਹਰਾਦੂਨ ਵਿਖੇ ਕੈਮਿਸਟ ਦੀ ਨੌਕਰੀ ਕਰ ਲਈ। ਉਹ 1918 ਤੱਕ ਇਹ ਨੌਕਰੀ ਕਰਦੇ ਰਹੇ। ਉਨ੍ਹਾਂ ਨੇ ਪਟਿਆਲੇ 1918, ਗਵਾਲੀਅਰ 1919-1923, ਕਸ਼ਮੀਰ 1926 ਦੌਰਾਨ ਇਨ੍ਹਾਂ ਰਿਆਸਤਾਂ ਵਿਚ ਨੌਕਰੀ ਵੀ ਕੀਤੀ। ਸਰ ਸੁੰਦਰ ਸਿੰਘ ਮਜੀਠੀਆ ਦੀ ਸ਼ੂਗਰ ਫੈਕਟਰੀ ਸਰੱਈਆ (ਉੱਤਰ ਪ੍ਰਦੇਸ਼) ਵਿਚ ਵੀ ਨੌਕਰੀ ਕੀਤੀ। ਪੰਜਾਬ ਸਰਕਾਰ ਵਲੋਂ 1926 'ਚ ਕੋਈ 15 ਮੁਰੱਬੇ ਜ਼ਮੀਨ ਖੇਤੀ ਕਰਨ ਲਈ ਵੀ ਉਨ੍ਹਾਂ ਨੂੰ ਮਿਲੀ ਸੀ।
ਪ੍ਰੋ. ਪੂਰਨ ਸਿੰਘ ਇਕ ਅਜਿਹਾ ਕਵੀ, ਸਾਹਿਤਕਾਰ ਹੈ, ਜੋ ਆਪਣੀਆਂ ਲਿਖਤਾਂ ਸਦਕਾ ਸਦਾ ਧਰੂ ਤਾਰੇ ਵਾਂਗ ਚਮਕਦੇ ਰਹਿਣਗੇ। ਉਨ੍ਹਾਂ ਨੇ ਪੰਜਾਬੀ, ਹਿੰਦੀ ਤੇ ਅੰਗਰੇਜ਼ੀ 'ਚ ਕਈ ਪੁਸਤਕਾਂ ਲਿਖੀਆਂ। ਉਨ੍ਹਾਂ ਨੇ ਤਿੰਨ ਕਾਵਿ ਸੰਗ੍ਰਿਹ- ਖੁੱਲ੍ਹੇ ਮੈਦਾਨ, ਖੁੱਲ੍ਹੇ ਘੁੰਡ ਤੇ ਖੁੱਲ੍ਹੇ ਅਸਮਾਨੀ ਰੰਗ ਲਿਖੇ। ਨਾਵਲ ਪ੍ਰੀਤ ਤੇ ਚੁੱਪ ਪ੍ਰੀਤ ਸਨ। ਉਨ੍ਹਾਂ ਨੇ ਨਿਬੰਧ ਸੰਗ੍ਰਹਿ ਖੁੱਲ੍ਹੇ ਲੇਖ ਲਿਖਿਆ। ਉਨ੍ਹਾਂ ਨੇ ਟਾਲਸਟਾਏ ਦੇ ਸੰਸਾਰ ਪ੍ਰਸਿੱਧ ਨਾਵਲ 'ਰੀਜ਼ਾਰਕਸ਼ਨ' ਨੂੰ ਅਨੁਵਾਦ ਕਰਕੇ 'ਮੋਇਆਂ ਦੀ ਜਾਗ' ਨਾਂਅ ਹੇਠ ਛਪਵਾਇਆ। ਐਮਰਸਨ ਦੀ ਰਚਨਾ-'ਐੱਸੇ ਆਫ ਦੀ ਪੋਇਟ' ਨੂੰ 'ਅਬਚਲੀ ਜੋਤ' ਨਾਂਅ ਹੇਠ ਛਪਵਾਇਆ। ਕਾਰਲਾਇਲ ਦੀ ਪੁਸਤਕ 'ਹੀਰੋ ਐਂਡ ਹੀਰੋ ਵਰਸ਼ਿਪ' ਨੂੰ ਅਨੁਵਾਦ ਕਰਕੇ 'ਕਲਾ ਤੇ ਕਲਾਧਾਰੀ ਦੀ ਪੂਜਾ' ਨਾਂਅ ਹੇਠ ਛਪਵਾਇਆ। ਉਨ੍ਹਾਂ ਨੇ ਕਈ ਹੋਰ ਪੁਸਤਕਾਂ ਨੂੰ ਅਨੁਵਾਦ ਕਰਕੇ ਬੌਣੇ ਬੂਟੇ, ਸੋਹਣੀ, ਮੌਲਾ ਸ਼ਾਹ ਨਾਂਅ ਹੇਠ ਛਪਵਾਇਆ। ਉਨ੍ਹਾਂ ਨੇ ਹਿੰਦੀ 'ਚ ਵੀ ਕੁਝ ਨਿਬੰਧ ਲਿਖੇ। ਜਿਵੇਂ ਮਜ਼ਦੂਰੀ ਔਰ ਪ੍ਰੇਮ, ਵਾਲਟ ਵਿਟਮੈਨ, ਕੰਨਿਆਦਾਨ, ਨੈਨੋਂ ਕੀ ਗੰਗਾ ਆਦਿ। ਪ੍ਰੋ. ਪੂਰਨ ਸਿੰਘ ਇਕ ਚੰਗੇ ਕਵੀ, ਚੰਗੇ ਵਿਦਵਾਨ ਤੇ ਚੰਗੇ ਵਿਗਿਆਨੀ ਸਨ। ਅੰਤ ਉਹ ਗਾਊਨ ਐਲਬਰਾ ਮੇਡੋਰੀਆ, ਡਾਇਬਟੀਜ਼ ਤੇ ਟੀ.ਬੀ. ਵਰਗੀਆਂ ਨਾ-ਮੁਰਾਦ ਬਿਮਾਰੀਆਂ ਕਾਰਨ 31 ਮਾਰਚ 1931 ਨੂੰ ਗੁਰੂ ਚਰਨਾਂ 'ਚ ਜਾ ਬਿਰਾਜੇ।

-ਪਿੰਡ ਤੇ ਡਾਕ: ਚੱਬਾ, ਤਰਨ ਤਾਰਨ ਰੋਡ, ਅੰਮ੍ਰਿਤਸਰ-143022

ਪਿਛਲੀ ਖ਼ਬਰ ਅੰਬਾਲਾ ਸ਼ਹਿਰ ਦਾ ਟਿੱਲਾ ਗੁਰੂ ਗੋਰਖਨਾਥ ਮੰਦਰ ਅਗਲੀ ਖ਼ਬਰ 18 ਫਰਵਰੀ ਨੂੰ ਬਰਸੀ 'ਤੇ ਵਿਸ਼ੇਸ਼ ਪੰਥ ਰਤਨ ਗਿਆਨੀ ਸੰਤ ਸਿੰਘ ਮਸਕੀਨ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।