08-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 02-03-2026

ਮੌਖਿਕ ਇਤਿਹਾਸ : ਪਰੰਪਰਾ ਅਤੇ ਸਾਰਥਿਕਤਾ

ਅਜੀਤ ਡੈਸਕ 02-03-2026

ਕਾਗਜ਼ ਅਤੇ ਲਿਖਣ ਸਮੱਗਰੀ ਦੀ ਈਜ਼ਾਦ ਤੋਂ ਪਹਿਲਾਂ ਸੰਚਾਰ ਦਾ ਸਭ ਤੋਂ ਵੱਡਾ ਮਾਧਿਅਮ ਮੌਖਿਕਤਾ ਹੀ ਸੀ। ਇਸੇ ਲਈ ਕਹਾਵਤ ਪ੍ਰਚਲਿਤ ਹੋਈ 'ਵਿੱਦਿਆ ਕੰਠ ਤੇ ਪੈਸਾ ਗੰਠ' ਅਰਥਾਤ ਵਿੱਦਿਆ ਜਾਂ ਗਿਆਨ ਉਹੋ ਹੀ ਹੈ, ਜੋ ਜ਼ਬਾਨੀ ਯਾਦ ਹੋਏ ਅਤੇ ਲੋੜ ਪੈਣ 'ਤੇ ਉਸ ਦੀ ਵਰਤੋਂ ਹੋ ਸਕੇ। ਧਰਮ ਗ੍ਰੰਥਾਂ ਨੂੰ ਯਾਦ ਕਰਨ ਵਿਚ ਵਿਸ਼ੇਸ਼ ਰੁਚੀ ਦਰਸਾਈ ਜਾਂਦੀ ਸੀ। ਮਿਰਾਸੀ, ਚਰਣ, ਭੱਟ ਆਦਿ ਵਰਗਾਂ ਦੀ ਰੋਟੀ-ਰੋਜ਼ੀ ਦਾ ਸਾਧਨ ਹੀ ਜ਼ਬਾਨੀ ਯਾਦ ਕੀਤੀ ਹੋਈ ਸਮੱਗਰੀ ਸੀ। ਇਸਲਾਮ ਵਿਚ ਕੁਰਾਨ ਸ਼ਰੀਫ਼ ਜ਼ੁਬਾਨੀ ਯਾਦ ਕਰ ਲੈਣ ਵਾਲੇ ਨੂੰ ਹਾਫਿਜ਼ ਜਾਂ ਹਾਫਿਜ਼ ਕੁਰਾਨ ਕਿਹਾ ਜਾਂਦਾ ਸੀ ਅਤੇ ਕਈ ਲੋਕ ਮਾਣ ਨਾਲ ਆਪਣੇ ਨਾਂਅ ਅੱਗੇ ਹਾਫਿਜ਼ ਸ਼ਬਦ ਲਗਾਉਂਦੇ ਸਨ। ਇਸੇ ਰੁਚੀ 'ਚੋਂ ਹੀ ਇਤਿਹਾਸ ਨੂੰ ਸੁਣਨ ਤੇ ਲਿੱਪੀਬੱਧ ਕਰਨ ਦੀ ਪਰੰਪਰਾ ਆਰੰਭ ਹੋਈ। ਲੰਮੀਆਂ-ਲੰਮੀਆਂ ਬਾਤਾਂ ਜਾਂ ਬਿਰਤਾਂਤ, ਨੀਤੀ ਬਚਨ, ਬੀਰ ਰਸੀ ਵਾਰਾਂ ਦਾ ਗਾਇਣ, ਲੋਕ ਗੀਤਾਂ ਅਤੇ ਅਖਾਣ-ਮੁਹਾਵਰਿਆਂ ਵਿਚਲਾ ਇਤਿਹਾਸ ਮੌਖਿਕ ਇਤਿਹਾਸ ਦੀਆਂ ਹੀ ਵੰਨਗੀਆਂ ਹਨ।
ਅੱਜ ਮੌਖਿਕ ਇਤਿਹਾਸ ਦਾ ਸੰਕਲਪ ਬੇਸ਼ੱਕ ਕਿਸੇ ਵੀ ਪ੍ਰਭਾਵ ਦਾ ਸਿੱਟਾ ਮੰਨਿਆ ਜਾਵੇ, ਪਰ ਪੰਜਾਬੀ ਇਤਿਹਾਸਕਾਰ ਪਹਿਲਾਂ ਤੋਂ ਹੀ ਇਸ ਤੋਂ ਲਾਭਵਾਨ ਹੁੰਦੇ ਆਏ ਹਨ। ਕਈ ਪੁਰਾਤਨ ਗ੍ਰੰਥਕਾਰ ਜਦ ਆਪਣੇ ਵਰਤੇ ਗਏ ਇਤਿਹਾਸਕ ਸੋਮਿਆਂ ਦੀ ਗੱਲ ਕਰਦੇ ਸਨ ਤਾਂ ਉਹ ਇਹ ਦੱਸ ਜਾਂਦੇ ਸਨ ਕਿ ਉਨ੍ਹਾਂ ਸੀਨਾ-ਬਸੀਨਾ ਆਉਂਦੀਆਂ ਰਵਾਇਤਾਂ ਨੂੰ ਵੀ ਆਪਣੀ ਇਤਿਹਾਸਕਾਰੀ ਵਿਚ ਥਾਂ ਦਿੱਤੀ ਹੈ। 'ਸ੍ਰੀ ਗੁਰ ਸੋਭਾ' (1711 ਈ.) ਪਹਿਲਾ ਲਿਖਤੀ ਇਤਿਹਾਸਕ ਗ੍ਰੰਥ ਹੈ, ਜਿਸ ਦਾ ਕਰਤਾ ਕਵੀ ਸੈਨਾਪਤੀ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦਾ ਸਮਕਾਲੀ ਸੀ। ਉਸ ਨੇ ਆਪਣੇ ਗ੍ਰੰਥ ਵਿਚ ਮੌਖਿਕ ਇਤਿਹਾਸ ਤੋਂ ਜਿਸ ਤਰ੍ਹਾਂ ਮਦਦ ਲਈ ਹੈ, ਉਨ੍ਹਾਂ ਦਾ ਸੰਕੇਤ ਉਹ ਇਸ ਤਰ੍ਹਾਂ ਦਿੰਦਾ ਹੈ:-
ਤਬ ਮਨ ਮੀਤ ਮੋਹਿ ਇਮ ਭਾਖੀ
ਪ੍ਰਗਟ ਕਹੇ ਸਤਿਗੁਰ ਕੀ ਸਾਖੀ
ਜੋ ਪ੍ਰਭ ਗੁਰ ਕੋ ਬਚਨ ਸੁਨਾਏ
ਕਹੋ ਕਥਾ ਸੁਨੋ ਚਿੱਤ ਲਾਏ।
18ਵੀਂ ਸਦੀ ਦੀ ਹੀ ਇਕ ਹੋਰ ਪ੍ਰਸਿੱਧ ਰਚਨਾ 'ਗੁਰਬਿਲਾਸ ਪਾਤਸ਼ਾਹੀ ੧੦' ਹੈ, ਜੋ ਕੁਇਰ ਸਿੰਘ ਦੀ ਲਿਖੀ ਹੋਈ ਹੈ। ਇਸ ਦੀ ਰਚਨਾ ਪ੍ਰਕਿਰਿਆ ਬਾਰੇ ਗੱਲ ਕਰਦਿਆਂ ਇਸ ਗ੍ਰੰਥ ਦਾ ਸੰਪਾਦਕ ਡਾ. ਫ਼ੌਜਾ ਸਿੰਘ ਲਿਖਦਾ ਹੈ ਕਿ ਕੁਇਰ ਸਿੰਘ ਦੀ ਰਚਨਾ ਦੀ ਪ੍ਰਮਾਣਿਕਤਾ ਇਸ ਦੀ ਮਹੱਤਤਾ ਨੂੰ ਹੋਰ ਵੀ ਉੱਚਿਆਂ ਕਰਦੀ ਹੈ। ਇਸ ਦਾ ਮੂਲ ਆਧਾਰ ਭਾਈ ਮਨੀ ਸਿੰਘ ਦੇ ਵਿਆਖਿਆਨ ਹਨ, ਜੋ ਕੁਇਰ ਸਿੰਘ ਸਮੇਂ-ਸਮੇਂ ਸੁਣਦਾ ਰਿਹਾ। ਇਸ ਤੋਂ ਇਲਾਵਾ ਇਹ ਪੱਕੀ ਗੱਲ ਹੈ ਕਿ ਉਹ ਭਾਈ ਸਾਹਿਬ ਕੋਲ ਅਕਸਰ ਜਾਂਦਾ ਤੇ ਗੁਰੂ ਸਾਹਿਬ ਦੇ ਜੀਵਨ ਸੰਬੰਧੀ ਉਨ੍ਹਾਂ ਨਾਲ ਚਰਚਾ ਕਰਦਾ ਰਹਿੰਦਾ ਸੀ (ਪੰਨਾ-੩)। ਇਸੇ ਗ੍ਰੰਥ ਦੇ ਨੇੜੇ-ਤੇੜੇ 'ਗੁਰਬਿਲਾਸ ਪਾਤਸ਼ਾਹੀ ੬' (ਭਗਤ ਸਿੰਘ ਜਾਂ ਕਵੀ ਸੋਹਨ) ਰਚਿਆ ਗਿਆ। ਇਸ ਵਿਚ ਕਰਤਾ ਮੌਖਿਕ ਇਤਿਹਾਸ ਦੀ ਮਦਦ ਦੀ ਸੂਚਨਾ ਇਨ੍ਹਾਂ ਸ਼ਬਦਾਂ ਵਿਚ ਦਿੰਦਾ ਹੈ:-
ਗੁਰ ਸਿਖਨ ਜੈਸੀ ਕਥ ਕਹੀ
ਕਛੁ ਸੁ ਕਹੋ ਮੋਹਿ ਬਲ ਨਹੀ
ਹਰਿਗੋਬਿੰਦ ਕਾ ਜੁਧ ਮਹਾਨਾ
ਬਰਨਨ ਕੀਯੋ ਸੁਨਾ ਇਹੀ ਕਾਨਾ।
ਪੰਜਾਬ ਦੇ ਮੱਧਕਾਲੀ ਇਤਿਹਾਸ ਦੇ ਕੁਝ ਵੇਰਵੇ ਸਾਨੂੰ ਲੋਕ ਗੀਤਾਂ, ਲੋਕ-ਉਕਤੀਆਂ, ਅਖਾਣਾਂ, ਮੁਹਾਵਰਿਆਂ, ਰਵਾਇਤਾਂ ਜਾਂ ਹਦਾਇਤਾਂ ਦੇ ਰੂਪ ਵਿਚ ਆਸਾਨੀ ਨਾਲ ਮਿਲ ਜਾਂਦੇ ਹਨ। ਭਾਈ ਵੀਰ ਸਿੰਘ ਦੇ ਪ੍ਰਸਿੱਧ ਨਾਵਲ 'ਸੁੰਦਰੀ' ਦੇ ਪਿਛੋਕੜ ਵਜੋਂ ਤਾਂ ਇਕ ਪੂਰੇ ਦਾ ਪੂਰਾ ਲੋਕ ਗੀਤ ਅੰਕਿਤ ਕੀਤਾ ਗਿਆ ਮਿਲਦਾ ਹੈ, ਤਾਂ ਜੋ ਨਾਵਲ ਵਿਚ ਪੇਸ਼ ਬਿਰਤਾਂਤ ਦਾ ਕੁਝ ਅੰਦਾਜ਼ਾ ਪਹਿਲਾਂ ਹੀ ਹੋ ਜਾਵੇ। ਅਠਾਰ੍ਹਵੀਂ ਸਦੀ ਵਿਚ ਹੀ ਇਹ ਲੋਕ-ਉਕਤੀਆਂ ਪ੍ਰਚਲਿਤ ਹੋਈਆਂ:-
-ਖਾਧਾ ਪੀਤਾ ਲਾਹੇ ਦਾ ਰਹਿੰਦਾ ਅਹਿਮਦ ਸ਼ਾਹੇ ਦਾ।
-ਹਕੂਮਤ ਨਵਾਬ ਅਬਦੁੱਲਾ ਨਾ ਰਹੀ ਚੱਕੀ ਨਾ ਰਿਹਾ ਚੁੱਲ੍ਹਾ।
-ਮਨੂੰ ਅਸਾਡੀ ਦਾਤਰੀ ਅਸੀਂ ਮਨੂੰ ਦੇ ਸੋਏ,
-ਜਿਉਂ ਜਿਉਂ ਸਾਨੂੰ ਵੱਢਦਾ, ਅਸੀਂ ਦੂਣ ਸਵਾਏ ਹੋਏ।
19ਵੀਂ ਸਦੀ ਦੇ ਆਰੰਭ ਵਿਚ ਸਿੱਖ ਮਿਸਲਾਂ ਨੂੰ ਸੰਗਠਿਤ ਕਰਕੇ ਮਹਾਰਾਜਾ ਰਣਜੀਤ ਸਿੰਘ ਨੇ ਖ਼ਾਲਸਾ ਰਾਜ ਕਾਇਮ ਕੀਤਾ। ਮਹਾਰਾਜੇ ਦੇ ਰਾਜ ਪ੍ਰਬੰਧ, ਪਰਜਾ ਪਾਲਕੀ, ਨਿਰਪੱਖਤਾ ਤੇ ਇਨਸਾਫ਼ ਪਸੰਦੀ ਬਾਰੇ ਕਈ ਰਵਾਇਤਾਂ ਮੌਖਿਕ ਇਤਿਹਾਸ ਵਿਚ ਮਿਲ ਜਾਂਦੀਆਂ ਹਨ, ਜਿਨ੍ਹਾਂ 'ਚ ਪਾਂਡੀ ਪਾਤਸ਼ਾਹ, ਮਾਈ ਬੁੱਢੀ ਦਾ ਮਹਾਰਾਜੇ ਨਾਲ ਤਵਾ ਘਸਾਉਣਾ, ਇਕ ਮਿਰਾਸੀ ਦਾ ਕੀੜਿਆਂ ਦਾ ਕੁੱਜਾ ਭਰ ਕੇ ਮਹਾਰਾਜੇ ਅੱਗੇ ਢੇਰ ਕਰ ਦੇਣਾ ਅਤੇ ਪ੍ਰਤੀ ਜੀਅ (ਕੀੜੇ) ਇਕ-ਇਕ ਮੋਹਰ ਦੀ ਮੰਗ ਕਰਨੀ ਆਦਿ ਅਹਿਮ ਰਵਾਇਤਾਂ ਹਨ। ਮਹਾਰਾਜਾ ਰਣਜੀਤ ਸਿੰਘ ਬਾਰੇ ਕਈ ਲੋਕ ਗੀਤ ਵੀ ਮਿਲ ਜਾਂਦੇ ਹਨ ਪਰ ਅਸੀਂ ਇੱਥੇ ਸਿਰਫ਼ ਇਕ ਅੰਸ਼ ਹੀ ਦਰਜ ਕਰਦੇ ਹਾਂ, ਜਿਸ ਵਿਚ ਸ਼ਾਹ ਮੁਹੰਮਦੀ ਅੰਦਾਜ਼ ਵਿਚ ਉਸ ਦੀ ਅਣਹੋਂਦ 'ਤੇ ਲਹੂ ਦੇ ਅੱੱਥਰੂ ਕੇਰੇ ਗਏ ਹਨ:-
ਚਿੱਟੀ ਪੱਗ 'ਤੇ ਪੈ ਗਈ ਧੂੜ ਵੇ,
ਕਿਸੇ ਚੰਦਰੇ ਮਾਰਿਆ ਕੂੜ ਵੇ,
ਜਿਸ ਰਾਜੇ ਦੀ ਲਈ ਤਲਵਾਰ ਵੇ,
ਰਣਜੀਤ ਉਹ ਬੀਰ ਸਰਦਾਰ ਵੇ।
ਜੇ ਆਧੁਨਿਕ ਇਤਿਹਾਸ ਦੀ ਗੱਲ ਕਰੀਏ ਤਾਂ ਇਸ ਦਿਸ਼ਾ 'ਚ ਵਿਧੀਵਤ ਕੰਮ ਕਰਨ ਵਾਲਾ ਪਹਿਲਾ ਵਿਅਕਤੀ ਕਰਮ ਸਿੰਘ ਹਿਸਟੋਰੀਅਨ ਸੀ। ਉਸ ਨੂੰ ਮੌਖਿਕ ਇਤਿਹਾਸ ਇਕੱਤਰ ਕਰਨ ਦਾ ਏਨਾ ਸ਼ੌਕ ਜਾਗਿਆ ਕਿ ਉਹ ਆਪਣੀ ਪੜ੍ਹਾਈ ਛੱਡ ਕੇ ਇਸ ਰਾਹ 'ਤੇ ਤੁਰ ਪਿਆ। ਉਸ ਵੇਲੇ ਤੱਕ ਕਈ ਬਿਰਧ ਬਾਬੇ ਅਜੇ ਵੀ ਜੀਵਤ ਸਨ, ਜਿਨ੍ਹਾਂ ਨੇ ਮਹਾਰਾਜਾ ਰਣਜੀਤ ਸਿੰਘ ਦਾ ਰਾਜ ਅੱਖੀਂ ਵੇਖਿਆ ਸੀ। ਕਈ ਅਜਿਹੇ ਸਨ ਜਿਨ੍ਹਾਂ ਨੇ ਅੰਗਰੇਜ਼ਾਂ ਵਿਰੁੱਧ ਦੋਵਾਂ ਲੜਾਈਆਂ ਨੂੰ ਅੱਖੀਂ ਵੇਖਿਆ ਸੀ ਜਾਂ ਇਨ੍ਹਾਂ ਵਿਚ ਹਿੱਸਾ ਲਿਆ ਸੀ। ਕਰਮ ਸਿੰਘ ਨੂੰ ਇਹ ਡਰ ਸੀ ਕਿ ਇਤਿਹਾਸ ਦੇ ਇਹ ਚਸ਼ਮਦੀਦ ਗਵਾਹ ਆਪਣੇ ਸੀਨਿਆਂ 'ਚ ਉਹ ਯਾਦਾਂ ਲੈ ਕੇ ਹੀ ਰੱਬ ਨੂੰ ਪਿਆਰੇ ਨਾ ਹੋ ਜਾਣ। ਕਰਮ ਸਿੰਘ ਹਿਸਟੋਰੀਅਨ ਨੇ ਅਜਿਹੇ ਬਿਰਧ ਬਾਬੇ ਲੱਭੇ ਅਤੇ ਉਨ੍ਹਾਂ ਦੇ ਬਿਆਨ ਇਕੱਤਰ ਕੀਤੇ, ਜੋ ਅੱਜ ਉਨ੍ਹਾਂ ਦੀ ਪੁਸਤਕ 'ਕਰਮ ਸਿੰਘ ਹਿਸਟੋਰੀਅਨ' ਦੀ ਇਤਿਹਾਸਕ ਖੋਜ ਵਿਚ ਛਪੇ ਹੋਏ ਮਿਲਦੇ ਹਨ।
ਖ਼ਾਲਸਾ ਕਾਲਜ ਅੰਮ੍ਰਿਤਸਰ ਵਿਚ ਭਾਈ ਵੀਰ ਸਿੰਘ ਦੀ ਪ੍ਰੇਰਨਾ ਨਾਲ ਸਿੱਖ ਇਤਿਹਾਸ ਖੋਜ ਵਿਭਾਗ ਕਾਇਮ ਹੋ ਚੁੱਕਾ ਸੀ। ਮੁਲਕ ਦੀ ਵੰਡ ਨੂੰ ਅਜੇ ਬਹੁਤਾ ਸਮਾਂ ਨਹੀਂ ਸੀ ਬੀਤਿਆ ਤੇ ਬਹੁਤ ਸਾਰੇ ਲੋਕ ਅਜਿਹੇ ਸਨ, ਜਿਨ੍ਹਾਂ ਨੇ ਵੰਡ ਦੀ ਤ੍ਰਾਸਦੀ ਨੂੰ ਆਪਣੇ ਪਿੰਡੇ 'ਤੇ ਹੰਢਾਇਆ ਸੀ। ਪ੍ਰੋ. ਕਿਰਪਾਲ ਸਿੰਘ ਉਨ੍ਹਾਂ ਦਿਨਾਂ 'ਚ ਇਸ ਵਿਭਾਗ ਵਿਚ ਨਿਯੁਕਤ ਸਨ। ਫ਼ੈਸਲਾ ਇਹ ਹੋਇਆ ਕਿ ਲੋਕਾਂ ਦੇ ਅੱਖੀਂ ਵੇਖੇ ਹਾਲਾਤ, ਉਨ੍ਹਾਂ ਕੋਲੋਂ ਸੁਣ ਕੇ ਇਕੱਤਰ ਕੀਤੇ ਜਾਣ। ਪਹਿਲਾਂ ਬਾਬਾ ਗੰਗਾ ਸਿੰਘ ਬੇਦੀ ਨੂੰ ਇਹ ਕੰਮ ਸੌਂਪਿਆ ਗਿਆ ਤੇ ਛੇਤੀ ਪਿੱਛੋਂ ਪ੍ਰੋ. ਕਿਰਪਾਲ ਸਿੰਘ ਨੇ ਇਹ ਕੰਮ ਆਪਣੇ ਹੱਥ ਵਿਚ ਲੈ ਲਿਆ। ਉਨ੍ਹਾਂ ਦੀਆਂ ਦੋ ਪੁਸਤਕਾਂ 'ਮੁਸਲਿਮ ਝੰਗੀਆਂ ਦੇ ਅੱਤਿਆਚਾਰ' ਅਤੇ 'ਸ਼ਹੀਦੀਆਂ' ਇਸੇ ਤਰੱਦਦ ਦਾ ਸਿੱਟਾ ਹਨ। ਮੌਖਿਕ ਇਤਿਹਾਸ ਦੀ ਸਾਰਥਿਕਤਾ ਨੂੰ ਸਮਝਾਉਂਦਿਆਂ ਪ੍ਰੋ. ਕਿਰਪਾਲ ਸਿੰਘ ਨੇ ਇਸ ਕੰਮ ਨੂੰ ਜਾਰੀ ਰੱਖਿਆ ਅਤੇ ਆਪਣੀ ਡਾਕਟਰੇਟ ਲਈ ਵੀ ਏਹੋ ਮਜ਼ਮੂਨ ਚੁਣ ਲਿਆ। ਡਾਕਟਰੇਟ ਕਰਦੇ ਵਕਤ ਉਨ੍ਹਾਂ ਕੁਝ ਸਮਾਂ ਲੰਡਨ ਰਹਿ ਕੇ ਅੰਗਰੇਜ਼ ਅਧਿਕਾਰੀਆਂ, ਫ਼ੌਜੀ ਕਮਾਂਡਰਾਂ ਤੇ ਹੋਰ ਸੰਬੰਧਿਤ ਲੋਕਾਂ ਦੇ ਬਿਆਨ ਕਲਮਬੱਧ ਕੀਤੇ। ਉਨ੍ਹਾਂ ਦੀ ਅਜਿਹੇ ਮੌਖਿਕ ਇਤਿਹਾਸ ਬਾਰੇ ਕੀਤਾ ਹੋਇਆ ਖੋਜ ਕਾਰਜ ਉਨ੍ਹਾਂ ਦੀਆਂ ਦੋਵੇਂ ਪੁਸਤਕਾਂ 'ਪੰਜਾਬ ਦਾ ਬਟਵਾਰਾ' ਅਤੇ 'ਪਾਰਟੀਟੀਸ਼ਨ ਆਫ਼ ਪੰਜਾਬ' ਦੇ ਰੂਪ ਵਿਚ ਉਪਲਬਧ ਹੈ।
ਵੰਡ ਸਮੇਂ ਜੰਮੂ-ਕਸ਼ਮੀਰ ਮੁਸਲਿਮ ਬਹੁਗਿਣਤੀ ਵਾਲਾ ਸੂਬਾ ਹੋਣ ਕਰਕੇ ਪਾਕਿਸਤਾਨ ਇਸ 'ਤੇ ਆਪਣਾ ਹੱਕ ਜਮਾਉਂਦਾ ਸੀ ਤੇ ਉਸ ਨੇ ਨਾਗਰਿਕਾਂ ਦੇ ਭੇਸ 'ਚ ਸਿੱਖਿਅਤ ਫ਼ੌਜੀਆਂ ਦੀ ਘੁਸਪੈਠ ਕਰਾ ਕੇ ਇਕ ਨਵਾਂ ਮੁਹਾਜ਼ ਖੋਲ੍ਹ ਦਿੱਤਾ। ਅਕਤੂਬਰ 1947 ਵਿਚ ਤਾਂ ਇਸ ਨੇ ਬਾਕਾਇਦਾ ਹਮਲਾ ਹੀ ਕਰ ਦਿੱਤਾ। ਸਥਾਨਕ ਮੁਸਲਿਮ ਆਬਾਦੀ ਵੀ ਬਲਵੱਈਆ ਨਾਲ ਰਲ ਗਈ। ਇੰਝ ਜੰਮੂ-ਕਸ਼ਮੀਰ 'ਚ ਕਤਲੋਗਾਰਤ ਹੋਣ ਲੱਗੀ। ਜਸਬੀਰ ਸਿੰਘ ਸਰਨਾ ਨੇ ਪਿੰਡ-ਪਿੰਡ ਜਾ ਕੇ ਸੂਚਕਾਂ ਨੂੰ ਲੱਭਿਆ ਤੇ ਉਨ੍ਹਾਂ ਵਲੋਂ ਦਿੱਤੇ ਬਿਆਨਾਂ ਨੂੰ ਆਪਣੀ ਪੁਸਤਕ 'ਸ਼ਹੀਦਨਾਮਾ ਸਿੰਘਾਂ' ਵਿਚ ਦਰਜ ਕੀਤਾ। ਇਸ ਤਰ੍ਹਾਂ ਅਸੀਂ ਵੇਖਦੇ ਹਾਂ ਕਿ ਮੌਖਿਕ ਇਤਿਹਾਸ ਦੀ ਪੰਜਾਬ ਦੀ ਇਤਹਾਸਕਾਰੀ ਵਿਚ ਖ਼ਾਸ ਥਾਂ ਰਹੀ ਹੈ ਅਤੇ ਵਡਿਆਈ ਵਾਲੀ ਗੱਲ ਇਹ ਹੈ ਕਿ ਇਸ ਵਿਚਲਾ ਦ੍ਰਿਸ਼ਟੀਕੋਣ ਵਧੇਰੇ ਸੰਤੁਲਿਤ ਤੇ ਵਿਗਿਆਨਕਤਾ ਦੇ ਵਧੇਰੇ ਨੇੜੇ ਹੈ।

-ਮੋਬਾਈਲ : 98889-39808

ਪਿਛਲੀ ਖ਼ਬਰ ਗੁਰਮਤਿ ਸੰਗੀਤ ਨੂੰ ਗੁਰੂ ਤੇਗ ਬਹਾਦਰ ਜੀ ਦੀ ਦੇਣ ਅਗਲੀ ਖ਼ਬਰ ਸਿੱਖ ਵਿਦਵਾਨ ਤੇ ਰਾਜਨੀਤਕ ਵਿਸ਼ਲੇਸ਼ਕ ਭਾਈ ਹਰਿਸਿਮਰਨ ਸਿੰਘ ਦਾ ਵਿਛੋੜਾ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।