ਭਾਈ ਹਰਿਸਿਮਰਨ ਸਿੰਘ ਸ੍ਰੀ ਅਨੰਦਪੁਰ ਸਾਹਿਬ ਦੇ ਤੁਰ ਜਾਣ ਨਾਲ ਅਸੀਂ ਇਕ ਬਹੁਪੱਖੀ ਤੇ ਗੰਭੀਰ ਦਾਰਸ਼ਨਿਕ ਸ਼ਖ਼ਸੀਅਤ ਤੋਂ ਵਾਂਝੇ ਹੋ ਗਏ ਹਾਂ, ਜਿਨ੍ਹਾਂ ਨੂੰ ਕੁਦਰਤ ਨੇ ਕਈ ਬਰਕਤਾਂ ਨਾਲ ਨਿਵਾਜਿਆ ਹੋਇਆ ਸੀ। ਉਹ ਇਕ ਤੁਰਦਾ-ਫਿਰਦਾ ਇਤਿਹਾਸ ਸਨ। ਉਹ ਇਕੋ ਸਮੇਂ ਵਿਦਵਾਨ, ਰਾਜਨੀਤਕ ਵਿਸ਼ਲੇਸ਼ਕ, ਸਿੱਖ ਚਿੰਤਕ ਤੇ ਰਹੱਸਵਾਦੀ ਸਨ ਅਤੇ ਬੇਬਾਕੀ ਨਾਲ ਨਿਰਵੈਰ ਹੋ ਕੇ ਆਪਣੀ ਗੱਲ ਕਰਨ ਦੀ ਜ਼ੁਰੱਅਤ ਵੀ ਰੱਖਦੇ ਸਨ। ਉਨ੍ਹਾਂ ਨੇ ਨਾ-ਸਿਰਫ਼ ਸਿੱਖ ਦਰਸ਼ਨ ਤੇ ਸਿੱਖ ਇਤਿਹਾਸ ਨੂੰ ਆਲਮੀ ਤੇ ਵਿਸਮਾਦੀ ਚਿੰਤਨ ਦੀਆਂ ਅੰਤਰ-ਦ੍ਰਿਸ਼ਟੀਆਂ ਤੋਂ ਪੇਸ਼ ਕੀਤਾ, ਸਗੋਂ ਉਨ੍ਹਾਂ ਨੇ ਵੀਹਵੀਂ ਸਦੀ ਦੇ ਬਿਖੜੇ ਪੰਥਕ ਦੌਰ ਨੂੰ ਆਪਣੇ ਪਿੰਡੇ 'ਤੇ ਹੰਢਾਇਆ ਤੇ ਅਜੋਕੇ ਸਿੱਖ ਇਤਿਹਾਸ ਦਾ ਇਕ ਪਾਤਰ ਬਣ ਕੇ ਵੀ ਜੀਵਨ ਜੀਵਿਆ। ਉਨ੍ਹਾਂ ਨੇ ਜਿਵੇਂ ਡੇਢ ਦਰਜਨ ਦੇ ਕਰੀਬ ਕਿਤਾਬਾਂ ਵਿਚ ਆਪਣੇ ਅਨੁਭਵ ਨੂੰ ਪੇਸ਼ ਕੀਤਾ, ਉਹ ਸਿੱਖ ਦਰਸ਼ਨ, ਸਿੱਖ ਰਾਜਨੀਤੀ ਤੇ ਧਰਮ ਇਤਿਹਾਸ ਦਾ ਸੁਨਹਿਰੀ ਪੰਨਾ ਹੈ।
ਮਾਤਾ ਬਲਵੰਤ ਕੌਰ ਤੇ ਪਿਤਾ ਗਿਆਨੀ ਕਰਤਾਰ ਸਿੰਘ ਦੇ ਘਰ ਲੁਧਿਆਣਾ ਵਿਚ 4 ਅਗਸਤ 1950 ਨੂੰ ਜਨਮੇ ਭਾਈ ਹਰਿਸਿਮਰਨ ਸਿੰਘ ਦੇ ਵੱਡ-ਵਡੇਰਿਆਂ ਦਾ ਸੰਬੰਧ ਮਹਾਰਾਜਾ ਰਣਜੀਤ ਸਿੰਘ ਦੇ ਨਾਲ ਰਿਹਾ ਹੈ। ਇਨ੍ਹਾਂ ਦੇ ਪੜਦਾਦੇ ਦੇ ਪਿਤਾ ਭਾਈ ਚਾਨਣਾ ਸਿੰਘ 'ਸਰਕਾਰ-ਏ-ਖ਼ਾਲਸਾ' ਦੇ ਲਾਹੌਰ ਕਿਲ੍ਹੇ ਦੀ ਬਾਰਾਂਦਰੀ ਗੁਰਦੁਆਰਾ ਸਾਹਿਬ ਦੇ ਗ੍ਰੰਥੀ ਤੇ ਪੜਦਾਦਾ ਭਾਈ ਪੰਜਾਬ ਸਿੰਘ ਮਹਾਰਾਜਾ ਰਣਜੀਤ ਸਿੰਘ ਦੇ ਰੱਖਿਆ ਦਸਤੇ ਵਿਚ 'ਘੋੜ ਚੜ੍ਹੇ' ਸਨ। ਇਸੇ ਕਾਰਨ ਖੂਨ ਵਿਚ ਹੀ ਭਾਈ ਹਰਿਸਿਮਰਨ ਸਿੰਘ ਨੂੰ ਪੰਥਕ ਸਮਰਪਣ, ਦਲੇਰੀ, ਵਿਦਵਤਾ, ਸਿੱਖ ਸਿਧਾਂਤਵੇਤਾ ਅਤੇ ਭਵਿੱਖਮੁਖੀ ਨੀਤੀਵੇਤਾ ਵਾਲੇ ਗੁਣ ਮਿਲੇ। 1956 ਵਿਚ ਇਨ੍ਹਾਂ ਦੇ ਮਾਤਾ-ਪਿਤਾ ਪਰਿਵਾਰ ਲੈ ਕੇ ਸ੍ਰੀ ਅਨੰਦਪੁਰ ਸਾਹਿਬ ਆ ਕੇ ਵਸੇ ਕਿਉਂਕਿ 1947 ਦੀ ਵੰਡ ਵੇਲੇ ਪਾਕਿਸਤਾਨ ਦੇ ਜ਼ਿਲ੍ਹਾ ਸਰਗੋਧਾ ਲੰਗਰ ਮਖ਼ਦੂਮ ਤੋਂ ਉੱਜੜ ਕੇ ਚੜ੍ਹਦੇ ਪੰਜਾਬ ਵੱਲ ਆਉਣ ਵੇਲੇ ਪਿਤਾ ਗਿਆਨੀ ਕਰਤਾਰ ਸਿੰਘ ਨੇ ਇਕ ਅਰਦਾਸ ਕੀਤੀ ਸੀ ਕਿ ਜੇ ਫਿਰਕੂ ਤੇ ਜਨੂੰਨੀ ਅੱਗ ਤੋਂ ਬਚ ਕੇ ਉਹ ਸਹੀ ਸਲਾਮਤ ਪੁੱਜ ਗਏ ਤਾਂ ਸ੍ਰੀ ਅਨੰਦਪੁਰ ਸਾਹਿਬ ਜਾ ਕੇ ਵਸਣਗੇ। ਬਚਪਨ ਤੋਂ ਲੈ ਕੇ ਆਪਣੇ ਆਖ਼ਰੀ ਸਾਹਾਂ ਤੱਕ ਸ੍ਰੀ ਅਨੰਦਪੁਰ ਸਾਹਿਬ ਦੀ ਧਰਤੀ 'ਤੇ ਜੀਵਨ ਬਿਤਾਉਂਦਿਆਂ ਭਾਈ ਹਰਿਸਿਮਰਨ ਸਿੰਘ ਨੇ ਜਿਥੇ ਖ਼ਾਲਸੇ ਦੀ ਜਨਮ ਭੂਮੀ ਸ੍ਰੀ ਅਨੰਦਪੁਰ ਸਾਹਿਬ ਦੀ ਸਜੀਵ ਵਿਰਾਸਤ, ਫ਼ਲਸਫ਼ੇ ਤੇ ਵਿਸਮਾਦੀ ਫ਼ਿਜ਼ਾ ਨੂੰ ਆਪਣੇ ਅਨੁਭਵ ਦੇ ਤਲ 'ਤੇ ਮਾਣਿਆ, ਉੱਥੇ ਇਸ ਗੁਰੂ ਨਗਰੀ ਦੇ ਭੂਗੋਲਿਕ, ਰਾਜਨੀਤਕ ਤੇ ਵਿਚਾਰਕ ਰੂਪ-ਆਕਾਰ ਵੀ ਬਦਲਦੇ ਅੱਖੀਂ ਵੇਖੇ। ਇਸੇ ਕਾਰਨ ਉਹ ਇਹ ਗੱਲ ਜ਼ੋਰ ਦੇ ਕੇ ਕਹਿੰਦੇ ਸਨ ਕਿ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਕਰਤਾਰਪੁਰ ਸਾਹਿਬ ਵਿਖੇ ਬਰਾਬਰੀ, ਭਾਈਚਾਰੇ ਤੇ ਨਿਰਮਲ ਸਮਾਜ ਦੀ ਨੀਂਹ ਰੱਖੀ ਅਤੇ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਸ੍ਰੀ ਅਨੰਦਪੁਰ ਸਾਹਿਬ ਵਿਖੇ ਖ਼ਾਲਸੇ ਦੀ ਸਾਜਨਾ ਦੇ ਨਾਲ ਇਸ ਨੂੰ ਮੁਕੰਮਲਤਾ ਦਿੱਤੀ। 1970 ਦੇ ਦਹਾਕੇ ਦੌਰਾਨ ਸ੍ਰੀ ਗੁਰੂ ਤੇਗ ਬਹਾਦਰ ਖ਼ਾਲਸਾ ਕਾਲਜ ਸ੍ਰੀ ਅਨੰਦਪੁਰ ਸਾਹਿਬ ਵਿਖੇ ਪੜ੍ਹਾਈ ਦੌਰਾਨ ਸਿੱਖ ਵਿਦਿਆਰਥੀ ਲਹਿਰ ਨਾਲ ਜੁੜਨ ਤੋਂ ਬਾਅਦ ਉਹ ਲਗਾਤਾਰ ਆਪਣੀਆਂ ਅਗਲੇਰੀਆਂ ਮੰਜ਼ਿਲਾਂ ਵੱਲ ਵਧਦੇ ਗਏ ਅਤੇ ਪੰਥਕ ਸਰਗਰਮੀਆਂ ਦੇ ਨਾਲ-ਨਾਲ ਐਮ.ਏ. ਤੇ ਐਲ.ਐਲ.ਬੀ. ਵੀ ਕੀਤੀ। 1972 ਵਿਚ ਬੀਬੀ ਕੁਲਵੰਤ ਕੌਰ ਦੇ ਨਾਲ ਗ੍ਰਹਿਸਥ ਜੀਵਨ ਵਿਚ ਪ੍ਰਵੇਸ਼ ਕੀਤਾ। ਭਾਈ ਹਰਿਸਿਮਰਨ ਸਿੰਘ ਨੂੰ 80ਵਿਆਂ ਦੇ ਦਹਾਕੇ ਦੌਰਾਨ ਪੰਜਾਬ ਵਿਚ ਪੰਥਕ ਤੇ ਰਾਜਨੀਤਕ ਅਧਿਕਾਰਾਂ ਦੇ ਸੰਘਰਸ਼ ਨੇ ਡਾਢਾ ਪ੍ਰਭਾਵਿਤ ਕੀਤਾ। ਉਨ੍ਹਾਂ ਨੂੰ ਸਿਰਦਾਰ ਕਪੂਰ ਸਿੰਘ ਵਰਗੇ ਰੌਸ਼ਨ-ਦਿਮਾਗ਼ ਸਿੱਖ ਆਗੂਆਂ ਦੀ ਸੰਗਤ ਵਿਚ ਰਹਿਣ ਦਾ ਸੁਭਾਗ ਵੀ ਮਿਲਿਆ ਅਤੇ ਉਹ 1978 ਵਿਚ ਗਠਿਤ ਹੋਈ ਦਲ ਖ਼ਾਲਸਾ ਜਥੇਬੰਦੀ ਦੇ ਪੰਜ ਮੁਢਲੇ ਸੰਸਥਾਪਕ ਮੈਂਬਰਾਂ 'ਚੋਂ ਇਕ ਸਨ।
ਸੰਤ ਜਰਨੈਲ ਸਿੰਘ ਭਿੰਡਰਾਂਵਾਲਿਆਂ ਦੀ ਗ੍ਰਿਫ਼ਤਾਰੀ ਦੇ ਵਿਰੋਧ ਵਿਚ 29 ਸਤੰਬਰ 1981 ਨੂੰ ਦਲ ਖ਼ਾਲਸਾ ਵਲੋਂ ਭਾਈ ਗਜਿੰਦਰ ਸਿੰਘ ਦੀ ਅਗਵਾਈ ਹੇਠ ਪੰਜ ਮੈਂਬਰਾਂ ਨੇ ਇੰਡੀਅਨ ਏਅਰਲਾਈਨਜ਼ ਦਾ ਜਹਾਜ਼ ਅਗਵਾ ਕਰ ਲਿਆ। ਭਾਈ ਹਰਿਸਿਮਰਨ ਸਿੰਘ ਨੂੰ ਇਸ ਘਟਨਾ ਦਾ ਮੁੱਖ ਸਾਜਿਸ਼ਕਾਰ ਮੰਨਿਆ ਗਿਆ। ਜਨਵਰੀ 1982 ਨੂੰ ਭਾਈ ਹਰਿਸਿਮਰਨ ਸਿੰਘ ਨੂੰ ਮੁਹਾਲੀ ਨੇੜਿਓ ਗ੍ਰਿਫ਼ਤਾਰ ਕੀਤਾ ਗਿਆ। ਉਨ੍ਹਾਂ 'ਤੇ ਅਥਾਹ ਤਸ਼ੱਦਦ ਢਾਹਿਆ ਗਿਆ। ਜੇਲ੍ਹ ਯਾਤਰਾ ਦੌਰਾਨ ਇਨ੍ਹਾਂ ਨੇ ਅਕਾਦਮਿਕ ਅਧਿਐਨ ਤੇ ਲਿਖਣ ਦੇ ਕਾਰਜਾਂ 'ਤੇ ਜ਼ੋਰ ਦਿੱਤਾ। 1986 ਵਿਚ ਰਿਹਾਈ ਤੋਂ ਬਾਅਦ ਉਹ ਸ੍ਰੀ ਅਨੰਦਪੁਰ ਸਾਹਿਬ ਆ ਕੇ ਰਹਿਣ ਲੱਗੇ ਅਤੇ 'ਭਾਈ ਗੁਰਦਾਸ ਇੰਸਟੀਚਿਊਟ ਆਫ਼ ਐਡਵਾਂਸਡ ਸਿੱਖ ਸਟੱਡੀਜ਼' ਦੀ ਸਥਾਪਨਾ ਕਰ ਕੇ ਸਿੱਖ ਧਰਮ, ਇਤਿਹਾਸ, ਫ਼ਲਸਫ਼ੇ ਤੇ ਆਲਮੀ ਪ੍ਰਸੰਗ ਨੂੰ ਸਾਹਮਣੇ ਰੱਖ ਕੇ ਪੰਥਕ ਰਾਜਨੀਤੀ ਦੇ ਡੂੰਘਾਈ ਨਾਲ ਅਧਿਐਨ ਕਾਰਜ ਆਰੰਭ ਦਿੱਤੇ। ਉਨ੍ਹਾਂ ਨੇ ਸਿੱਖ ਪੰਥ ਦੀ ਝੋਲੀ 18 ਪੁਸਤਕਾਂ ਪਾਈਆਂ, ਜਿਨ੍ਹਾਂ 'ਚ ਸਿੱਖ ਹੱਕਾਂ ਦੀ ਭੂਮਿਕਾ (1977), ਸਿੱਖ ਰਾਜਨੀਤੀ ਸ਼ਾਸਤਰ ਦੀ ਭੂਮਿਕਾ (1995), ਸਿੱਖ ਨੈਤਿਕਤਾ ਦਾ ਨੀਤੀ ਸ਼ਾਸਤਰ-ਇਕ ਪੰਥਕ ਏਜੰਡਾ (1998), ਸਿੱਖ ਵਿਜ਼ਨ-2025 (2006), ਤੀਸਰੇ ਬਦਲ ਦਾ ਸੱਚ : ਅਕਾਲ ਤਖ਼ਤ ਸਾਹਿਬ ਗਲੋਬਲ ਦ੍ਰਿਸ਼ਟੀ (2011), ਅਕਾਲ ਤਖ਼ਤ ਸਾਹਿਬ ਦੇ ਪੰਥਕ ਸਰੋਕਾਰ (2014), ਵਿਸਮਾਦ : ਤੀਸਰਾ ਬਦਲ (ਬ੍ਰਹਿਮੰਡ ਅਤੇ ਮਾਨਵ ਜਾਤੀ ਦਾ ਸਾਬਤ ਸਿਧਾਂਤ) (2016), ਵਿਸਮਾਦੀ ਵਿਸ਼ਵ ਆਰਡਰ (ਵਿਸ਼ਵ ਸੱਭਿਆਚਾਰਾਂ ਦਾ ਬਹੁ-ਸੰਘ (2019), ਖ਼ਾਲਸਾ ਨੀਤੀ ਸ਼ਾਸਤਰ (ਰਾਜ ਕਰੇਗਾ ਖ਼ਾਲਸਾ ਦੇ ਵਿਸਮਾਦੀ ਗਲੋਬਲ ਪਸਾਰ) (2020), ਬਦਲਵਾਂ ਵਿਕਾਸ ਮਾਡਲ (ਖੇਤੀ ਸਮੱਸਿਆਵਾਂ ਦੇ ਸਥਾਈ ਹੱਲ (2021), ਅੰਗਰੇਜ਼ੀ ਦੀ ਪੁਸਤਕ ਆਲਟਰਨੇਟਿਵ ਸਟੇਟ ਐਂਡ ਗਲੋਬਲ ਆਰਡਰ (ਸੋਸ਼ਲ ਐਪਲੀਕੇਸ਼ਨ ਆਫ ਨੇਚਰ, 2022), ਪੰਜਾਬ ਏਜੰਡਾ (ਕਰਤਾਰਪੁਰੀ ਮਾਡਲ ਦੀਆਂ ਲੀਹਾਂ 'ਤੇ ਪੰਜਾਬ ਦੀ ਵਿਸਮਾਦੀ ਨਵ-ਉਸਾਰੀ ਦਾ ਰਾਜਨੀਤਕ ਅਤੇ ਸੱਤਾ ਬਿਰਤਾਂਤ, 2024) ਸ਼ਾਮਿਲ ਹਨ ਅਤੇ 19ਵੀਂ ਪੁਸਤਕ ਉਨ੍ਹਾਂ ਆਪਣੀ 'ਸਵੈ-ਜੀਵਨੀ : ਇਕ ਸੰਘਰਸ਼ਸ਼ੀਲ ਕਲਮੀ ਯੋਧੇ ਦਾ ਜੀਵਨ ਸਫ਼ਰ' ਲਿਖੀ ਸੀ, ਜਿਸ ਦੀ ਸੁਧਾਈ ਦੇ ਅੰਤਿਮ ਕਾਰਜ ਸ. ਸਰਬਜੀਤ ਸਿੰਘ ਘੁਮਾਣ ਕਰ ਰਹੇ ਸਨ। ਪਿਛਲੇ ਕੁਝ ਮਹੀਨਿਆਂ ਤੋਂ ਭਾਈ ਹਰਿਸਿਮਰਨ ਸਿੰਘ ਬੇਹੱਦ ਸਰੀਰਕ ਕਸ਼ਟਾਂ 'ਚੋਂ ਗੁਜ਼ਰਦੇ ਹੋਏ ਵੀ ਮਾਨਸਿਕ ਤੌਰ 'ਤੇ ਚੜ੍ਹਦੀ ਕਲਾ 'ਚ ਅਤੇ ਪੰਥ ਤੇ ਮਾਨਵਤਾ ਲਈ ਹੋਰ ਵਧੇਰੇ ਬੌਧਿਕ ਤੇ ਅਕਾਦਮਿਕ ਕਾਰਜ ਕਰਨ ਦੀ ਇੱਛਾ ਰੱਖਦੇ ਸਨ, ਪਰ ਲੰਘੀ 26 ਫਰਵਰੀ ਨੂੰ ਉਹ ਫਾਨੀ ਸੰਸਾਰ ਨੂੰ ਅਲਵਿਦਾ ਆਖ ਗਏ। ਉਨ੍ਹਾਂ ਦੇ ਪਰਿਵਾਰ 'ਚ ਸੁਪਤਨੀ ਬੀਬੀ ਕੁਲਵੰਤ ਕੌਰ, ਸਪੁੱਤਰ ਬੀਰਦਵਿੰਦਰ ਸਿੰਘ, ਸਪੁੱਤਰੀਆਂ ਪ੍ਰੋ. ਸਤਿੰਦਰ ਕੌਰ ਤੇ ਡਾ. ਰਵਨੀਤ ਕੌਰ ਹਨ।
ਭਾਈ ਹਰਿਸਿਮਰਨ ਸਿੰਘ ਦਾ ਤੁਰ ਜਾਣਾ ਸਿੱਖ ਅਕਾਦਮਿਕਤਾ ਲਈ ਵੱਡਾ ਖ਼ਸਾਰਾ ਹੈ ਤੇ ਉਨ੍ਹਾਂ ਦਾ ਵਿਗੋਚਾ (ਘਾਟ) ਬੌਧਿਕ ਹਲਕਿਆਂ 'ਚ ਲੰਬਾ ਸਮਾਂ ਰੜਕਦਾ ਰਹੇਗਾ।ਉਨ੍ਹਾਂ ਦੇ ਜੀਵਨ ਤੇ ਬੌਧਿਕ ਕਾਰਜਾਂ ਤੋਂ ਸਿੱਖ ਪੰਥ ਨੂੰ ਬਹੁਤ ਕੁਝ ਸਿੱਖਣ ਨੂੰ ਮਿਲਦਾ ਹੈ। ਉਨ੍ਹਾਂ ਦੀਆਂ ਪੰਥਕ ਘਾਲਣਾਵਾਂ ਤੇ ਸੇਵਾਵਾਂ ਨੂੰ ਵੇਖਦਿਆਂ 2021 ਵਿਚ ਅਕਾਲ ਤਖ਼ਤ ਸਾਹਿਬ ਵਲੋਂ 'ਸਿੱਖ ਪੰਥ ਦੇ ਕੌਮੀ ਚਿੰਤਕ' ਦਾ ਸਨਮਾਨ ਵੀ ਦਿੱਤਾ ਗਿਆ ਸੀ। ਉਨ੍ਹਾਂ ਦੀ ਯਾਦ 'ਚ ਸਿੱਖ ਪੰਥ ਨੂੰ ਭਾਈ ਹਰਿਸਿਮਰਨ ਸਿੰਘ ਦੇ ਵਿਚਾਰਾਂ ਨੂੰ ਅੱਗੇ ਵਧਾਉਣਾ ਚਾਹੀਦਾ ਹੈ ਅਤੇ ਬ੍ਰਹਿਮੰਡੀ ਪਰਿਪੇਖ ਵਿਚ ਸਿੱਖ ਦਰਸ਼ਨ ਤੇ ਸਿੱਖ ਜੁਗਤ ਨੂੰ ਪੇਸ਼ ਕਰਨ ਲਈ ਅਕਾਦਮਿਕ ਤੇ ਬੌਧਿਕ ਕਾਰਜਾਂ ਦੀ ਉੱਚੀ ਪ੍ਰਵਾਜ਼ ਵੱਲ ਵਧਣਾ ਚਾਹੀਦਾ ਹੈ।
ਮੋਬਾਈਲ : 98780-70008