ਸਿੱਖ ਧਰਮ ਵਿਚ ਗੁਰਬਾਣੀ ਦੇ ਗਾਇਣ, ਅਰਥਾਤ ਕੀਰਤਨ ਨੂੰ ਬਹੁਤ ਉੱਚਾ ਸਥਾਨ ਦਿੱਤਾ ਗਿਆ ਹੈ। ਜਪੁ , ਭੱਟਾਂ ਦੇ ਸਵੱਈਏ, ਸਲੋਕ ਵਾਰਾਂ ਤੇ ਵਧੀਕ ਅਤੇ ਕੁਝ ਹੋਰ ਬਾਣੀ ਨੂੰ ਛੱਡ ਕੇ ਬਾਕੀ ਸਾਰੀ ਬਾਣੀ ਭਾਰਤੀ ਸ਼ਾਸਤਰੀ ਸੰਗੀਤ ਵਿਚ ਰਚੀ ਗਈ ਹੈ। ਵਿਦਵਾਨਾਂ ਦਾ ਇਹ ਕਹਿਣਾ ਹੈ ਕਿ ਜਗਤ ਗੁਰੂ ਨਾਨਕ ਦੇਵ ਜੀ ਸੰਸਾਰ ਦੇ ਸਰਵਸ੍ਰੇਸ਼ਠ ਸੰਗੀਤਕਾਰ ਹੋਏ ਹਨ, ਜਿਨ੍ਹਾਂ ਨੇ ਕੀਰਤਨ ਨੂੰ ਆਪਣੀ ਵਿਚਾਰਧਾਰਾ ਦੇ ਪ੍ਰਚਾਰ ਦਾ ਸਾਧਨ ਬਣਾਇਆ।
ਕਮਾਲ ਦੀ ਗੱਲ ਇਹ ਹੈ ਕਿ ਗੁਰੂ ਸਾਹਿਬ ਬਿਨਾਂ ਕਿਸੇ ਪੇਸ਼ਗੀ ਰਿਆਜ਼ ਦੇ ਕੀਰਤਨ ਗਾਇਣ ਕਰਦੇ ਤੇ ਰਬਾਬੀ ਭਾਈ ਮਰਦਾਨਾ ਉਨ੍ਹਾਂ ਦੇ ਨਾਲ ਰਬਾਬ 'ਤੇ ਸੰਗਤ ਕਰਦੇ। ਸ੍ਰੀ ਗੁਰੂ ਨਾਨਕ ਦੇਵ ਜੀ ਤੋਂ ਬਾਅਦ ਗੁਰੂ ਅੰਗਦ ਦੇਵ ਜੀ, ਗੁਰੂ ਅਮਰਦਾਸ ਜੀ, ਗੁਰੂ ਰਾਮਦਾਸ ਜੀ ਤੇ ਗੁਰੂ ਅਰਜਨ ਦੇਵ ਜੀ ਨੇ ਬਾਣੀ ਦੀ ਰਚਨਾ ਕੀਤੀ। ਕੁਝ ਵਿਲੱਖਣਤਾਵਾਂ ਹਨ ਕਿ ਗੁਰੂ ਅਮਰਦਾਸ ਜੀ ਵਲੋਂ ਰਚਿਤ ਬਾਣੀ ਅਨੰਦ ਸਾਹਿਬ ਹਰ ਖੁਸ਼ੀ-ਗਮੀ ਦੇ ਮੌਕੇ 'ਤੇ ਪੜ੍ਹੀ ਤੇ ਗਾਇਣ ਕੀਤੀ ਜਾਂਦੀ ਹੈ। ਗੁਰੂ ਰਾਮਦਾਸ ਜੀ ਨੇ ਤਾਲ ਨੂੰ ਬਦਲ-ਬਦਲ ਕੇ ਗਾਉਣ ਦੀ ਵਿਧੀ, ਜਿਸ ਨੂੰ ਪੜਤਾਲ ਆਖਦੇ ਹਨ, ਭਾਰਤੀ ਸੰਗੀਤ ਨੂੰ ਦਿੱਤੀ। ਗੁਰੂ ਗ੍ਰੰਥ ਸਾਹਿਬ ਦੇ ਸੰਪਾਦਨ ਕਰਤਾ ਗੁਰੂ ਅਰਜਨ ਦੇਵ ਜੀ ਖ਼ੁਦ ਕੀਰਤਨ ਕਰਿਆ ਕਰਦੇ ਸਨ। ਉਨ੍ਹਾਂ ਦੇ ਸਮੇਂ ਤੱਕ ਪੰਜ ਗੁਰੂ ਸਾਹਿਬਾਨ, 15 ਭਗਤਾਂ, 11 ਭੱਟਾਂ ਤੇ ਕੁਝ ਗੁਰਸਿੱਖਾਂ ਦੀ ਬਾਣੀ ਹੀ ਆਦਿ ਸ੍ਰੀ ਗ੍ਰੰਥ ਸਾਹਿਬ ਵਿਚ ਸ਼ਾਮਿਲ ਸੀ। ਜਦੋਂ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਦਮਦਮਾ ਸਾਹਿਬ ਤਲਵੰਡੀ ਸਾਬੋ ਵਿਖੇ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਦੁਬਾਰਾ ਲਿਖਵਾਈ ਤਾਂ ਗੁਰੂ ਪਿਤਾ ਗੁਰੂ ਤੇਗ਼ ਬਹਾਦਰ ਸਾਹਿਬ ਜੀ ਵਲੋਂ ਰਚਿਤ 57 ਸਲੋਕ ਤੇ 59 ਸ਼ਬਦ ਦਰਜ ਕਰਕੇ ਇਸ ਨੂੰ ਸੰਪੂਰਨ ਕੀਤਾ।
9ਵੇਂ ਪਾਤਿਸ਼ਾਹ ਦੀ ਕੀਰਤਨ ਨੂੰ ਵਿਲੱਖਣ ਦੇਣ
ਗੁਰੂ ਗ੍ਰੰਥ ਸਾਹਿਬ ਵਿਚ ਸ਼ਾਮਿਲ ਸਮੁੱਚੀ ਬਾਣੀ ਬਹੁਤ ਸਰੋਦੀ ਅਤੇ ਅੰਤਰ ਆਤਮੇ ਉਤਰ ਜਾਣ ਵਾਲੀ ਹੈ। ਵੱਖ-ਵੱਖ ਗੁਰੂ ਸਾਹਿਬਾਨ ਤੇ ਭਗਤ ਸਾਹਿਬਾਨ ਨੇ ਕਰੁਣਾ ਰਸ, ਸ਼ਿੰਗਾਰ ਰਸ ਆਦਿ ਹਰ ਰਸ ਦੀ ਵਰਤੋਂ ਕੀਤੀ ਹੈ। ਗੁਰੂ ਤੇਗ਼ ਬਹਾਦਰ ਜੀ ਦੀ ਲਾਸਾਨੀ ਦੇਣ ਹੈ। ਉਨ੍ਹਾਂ ਵਲੋਂ ਰਾਗ ਜੈਜਾਵੰਤੀ ਵਿਚ ਉਚਾਰਨ ਕੀਤੀ ਗਈ ਬਾਣੀ ਹੈ। ਗੁਰੂ ਗ੍ਰੰਥ ਸਾਹਿਬ ਤੋਂ ਬਾਹਰ ਸ਼ਾਸਤਰੀ ਸੰਗੀਤ ਵਿਚ ਇਸ ਨੂੰ ਜੈਜੈਵੰਤੀ ਕਿਹਾ ਜਾਂਦਾ ਹੈ। ਗੁਰੂ ਰਾਮਦਾਸ ਜੀ ਨੇ ਬਹੁਤ ਸ਼ਾਨਦਾਰ ਤੇ ਵਿਸ਼ੇਸ਼ ਢੰਗ ਨਾਲ ਇਸ ਰਾਗ ਵਿਚ ਚਾਰ ਸ਼ਬਦਾਂ ਦੀ ਰਚਨਾ ਕੀਤੀ ਹੈ, ਜਦਕਿ ਆਪ ਜੀ ਨੇ ਸ਼ਾਸਤਰੀ ਸੰਗੀਤ ਦੇ ਕੁੱਲ 15 ਰਾਗਾਂ ਨੂੰ ਵੀ ਮਾਧਿਅਮ ਬਣਾਇਆ ਹੈ। ਇਹ ਸਭ ਕੁਝ ਆਪਣੇ-ਆਪ ਵਿਚ ਇਕ ਮਿਸਾਲ ਹੈ। ਭਾਰਤੀ ਸ਼ਾਸਤਰੀ ਸੰਗੀਤ ਦਾ ਜੈਜਾਵੰਤੀ ਰਾਗ ਖਮਾਜ ਥਾਟ ਦਾ ਰਾਗ ਹੈ। ਗੁਰੂ ਗ੍ਰੰਥ ਸਾਹਿਬ ਮੁਤਾਬਕ ਇਸ ਰਾਗ ਨੂੰ ਦੋ ਹੋਰ ਰਾਗਾਂ ਬਿਲਾਵਲ ਤੇ ਸੋਰਠਿ ਦਾ ਸੁਮੇਲ ਮੰਨਿਆ ਜਾਂਦਾ ਹੈ। ਇਸ ਰਾਗ ਨੂੰ ਗਾਉਣ ਦਾ ਸਮਾਂ ਮੱਧ-ਰਾਤਰੀ ਹੈ। ਇਹ ਰਾਗ ਗੁਰੂ ਸਾਹਿਬ ਦਾ ਇਸ ਲਈ ਪਸੰਦੀਦਾ ਰਾਗ ਸੀ, ਕਿਉਂਕਿ ਗੁਰੂ ਜੀ ਜਿੱਥੇ ਮਹਾਨ ਤਪਸਵੀ, ਤਿਆਗੀ ਅਤੇ ਤੇਗ ਦੇ ਧਨੀ ਸਨ, ਉੱਥੇ ਉਹ ਵੈਰਾਗ ਦੀ ਪ੍ਰਤੱਖ ਮੂਰਤ ਸਨ। ਇਸ ਰਾਗ ਵਿਚ ਰਚਿਤ ਸ਼ਬਦਾਂ ਰਾਹੀਂ ਉਨ੍ਹਾਂ ਨੇ ਵੈਰਾਗ ਦੀ ਉਸ ਅਵਸਥਾ ਦਾ ਬਹੁਤ ਭਾਅ-ਪੂਰਤ ਚਿਤਰਨ ਕੀਤਾ ਹੈ, ਜਿਸ ਰਾਹੀਂ ਪ੍ਰਭੂ ਚਰਨਾਂ ਨਾਲ ਜੁੜਿਆ ਜਾ ਸਕਦਾ ਹੈ। ਇਹ ਰਾਗ ਇਕ ਹੋਰ ਰਾਗ ਗਾਰਾ ਨਾਲ ਮਿਲਦਾ-ਜੁਲਦਾ ਹੈ। ਸੰਗੀਤਕ ਵਿਦਵਾਨਾਂ ਮੁਤਾਬਕ ਰਾਗ ਜੈਜਾਵੰਤੀ ਵਿਚ ਗੁਰੂ ਤੇਗ਼ ਬਹਾਦਰ ਜੀ ਤੋਂ ਬਿਨਾਂ ਹੋਰ ਕਿਸੇ ਗੁਰੂ, ਭਗਤ ਜਾਂ ਭੱਟ ਦੀ ਬਾਣੀ ਨਹੀਂ ਮਿਲਦੀ। ਗੁਰੂ ਤੇਗ਼ ਬਹਾਦਰ ਜੀ ਦਿਲਰੁਬਾ ਅਤੇ ਸਾਰੰਦੇ ਨਾਲ ਖ਼ੁਦ ਵੀ ਕੀਰਤਨ ਕਰਦੇ ਸਨ। ਗੁਰੂ ਸਾਹਿਬ ਨੇ ਆਪਣੀ ਰਚਿਤ ਬਾਣੀ ਵਿਚ ਜਿਹੜੇ ਸੰਬੋਧਨ ਵਰਤੇ ਹਨ, ਉਨ੍ਹਾਂ ਵਿਚ ਪ੍ਰਮੁੱਖ ਹਨ ਸਾਧੋ, ਮਾਈ, ਮਨ ਆਦਿ। ਇਨ੍ਹਾਂ ਰਾਹੀਂ ਸੰਸਾਰ ਦੀ ਨਾਸ਼ਮਾਨਤਾ ਨੂੰ ਉਜਾਗਰ ਕਰਦਿਆਂ ਸੱਚ ਦੇ ਮਾਰਗ 'ਤੇ ਚੱਲਣ ਅਤੇ ਸਵੈਮਾਣ ਨਾਲ ਜੀਵਨ ਬਸਰ ਕਰਨ ਦਾ ਉਪਦੇਸ਼ ਮਿਲਦਾ ਹੈ, ਜਿਹੜਾ ਸਦਾ ਮਨੁੱਖਤਾ ਦਾ ਮਾਰਗ ਦਰਸ਼ਨ ਕਰਦਾ ਰਹੇਗਾ।
ਮੋਬਾਈਲ : 98154-61710