ਪ੍ਰਿੰ. ਸਤਿਬੀਰ ਸਿੰਘ ਪ੍ਰਸਿੱਧ ਸਿੱਖ ਵਿਦਵਾਨ, ਇਤਿਹਾਸਕਾਰ, ਪ੍ਰਚਾਰਕ ਤੇ ਸਿੱਖਿਆ ਸ਼ਾਸਤਰੀ ਹੋਏ ਹਨ। ਉਨ੍ਹਾਂ ਦਾ ਜਨਮ ਪਹਿਲੀ ਮਾਰਚ 1932 ਨੂੰ ਭਾਈ ਹਰਨਾਮ ਸਿੰਘ ਤੇ ਬੀਬੀ ਰਣਜੀਤ ਕੌਰ ਦੇ ਗ੍ਰਹਿ ਜਿਹਲਮ (ਅੱਜ ਪਾਕਿਸਤਾਨ 'ਚ) ਵਿਖੇ ਹੋਇਆ। ਉਨ੍ਹਾਂ ਨੂੰ ਪਰਿਵਾਰਕ ਸੰਸਕਾਰਾਂ ਸਦਕਾ ਸਿੱਖੀ ਤੇ ਪੰਥਕ ਜਜ਼ਬਾ ਵਿਰਸੇ 'ਚੋਂ ਹੀ ਮਿਲਿਆ। ਉਨ੍ਹਾਂ ਨੇ ਮੁਢਲੀ ਵਿੱਦਿਆ ਜਿਹਲਮ ਦੇ ਸਰਕਾਰੀ ਸਕੂਲ ਤੋਂ ਪ੍ਰਾਪਤ ਕੀਤੀ। ਫਿਰ ਉਹ ਖ਼ਾਲਸਾ ਹਾਈ ਸਕੂਲ 'ਚ ਦਾਖਲ ਹੋ ਗਏ। ਦੇਸ਼ ਦੀ ਵੰਡ ਸਮੇਂ ਉਨ੍ਹਾਂ ਦਾ ਪਰਿਵਾਰ ਜਿਹਲਮ ਤੋਂ ਮੋਗਾ ਵਿਖੇ ਆ ਗਿਆ। ਉਹ ਮੋਗਾ ਦੇ ਡੀ.ਐਮ. ਕਾਲਜ ਵਿਚ ਉਚੇਰੀ ਪੜ੍ਹਾਈ ਲਈ ਦਾਖਲ ਹੋ ਗਏ ਪਰ ਜਲਦੀ ਹੀ ਖ਼ਾਲਸਾ ਕਾਲਜ ਅੰਮ੍ਰਿਤਸਰ 'ਚ ਦਾਖਲਾ ਲੈ ਲਿਆ, ਜਿੱਥੇ ਉਨ੍ਹਾਂ ਦੇ ਜੀਵਨ 'ਤੇ ਬਹੁਤ ਪ੍ਰਭਾਵ ਪਿਆ। ਇਥੇ ਉਹ ਭਾਈ ਜੋਧ ਸਿੰਘ, ਪ੍ਰੋ. ਸਾਹਿਬ ਸਿੰਘ, ਡਾ. ਗੰਡਾ ਸਿੰਘ ਤੇ ਹੋਰ ਸਿੱਖ ਵਿਦਵਾਨਾਂ ਦੇ ਸੰਪਰਕ 'ਚ ਆਏ। ਉਨ੍ਹਾਂ ਨੇ ਇਤਿਹਾਸ ਦੇ ਵਿਸ਼ੇ 'ਚ ਐਮ.ਏ. ਕੀਤੀ। 1953 'ਚ ਉਹ ਜਲੰਧਰ ਦੇ ਲਾਇਲਪੁਰ ਖ਼ਾਲਸਾ ਕਾਲਜ 'ਚ ਇਤਿਹਾਸ ਦੇ ਲੈਕਚਰਾਰ ਨਿਯੁਕਤ ਹੋਏ। ਵਿੱਦਿਆ ਪ੍ਰਾਪਤੀ ਦੇ ਸਮੇਂ ਦੌਰਾਨ ਹੀ ਉਹ ਸ. ਸਰੂਪ ਸਿੰਘ ਕੱਲ੍ਹਾ ਦੀ ਪ੍ਰੇਰਨਾ ਸਦਕਾ ਸਿੱਖ ਸਟੂਡੈਂਟ ਫੈੱਡਰੇਸ਼ਨ ਨਾਲ ਜੁੜ ਗਏ ਤੇ ਕਾਫ਼ੀ ਸਰਗਰਮ ਰਹੇ। 1953 'ਚ ਉਹ ਫੈੱਡਰੇਸ਼ਨ ਦੇ ਪ੍ਰਧਾਨ ਵੀ ਬਣੇ। 1955 'ਚ ਉਨ੍ਹਾਂ ਪੰਜਾਬੀ ਸੂਬਾ ਮੋਰਚੇ 'ਚ ਹਿੱਸਾ ਲਿਆ, ਜਿਸ ਦੌਰਾਨ ਉਨ੍ਹਾਂ ਨੂੰ 4 ਜੁਲਾਈ 1955 ਨੂੰ ਗ੍ਰਿਫ਼ਤਾਰ ਕਰ ਲਿਆ ਗਿਆ। ਉਨ੍ਹਾਂ ਨੇ ਫ਼ਿਰੋਜ਼ਪੁਰ ਦੀ ਸੈਂਟਰਲ ਜੇਲ੍ਹ 'ਚ ਤਿੰਨ ਮਹੀਨੇ ਦੀ ਕੈਦ ਕੱਟੀ।
1960 'ਚ ਉਨ੍ਹਾਂ ਸੰਤ ਫ਼ਤਹਿ ਸਿੰਘ ਨਾਲ ਮਿਲ ਕੇ ਪੰਜਾਬੀ ਸੂਬੇ ਲਈ ਸਫ਼ਲਤਾਪੂਰਵਕ ਮੋਰਚਾ ਲਾਇਆ। ਉਨ੍ਹਾਂ ਗੁਰ ਇਤਿਹਾਸ, ਗੁਰਬਾਣੀ ਵਿਆਖਿਆ, ਗੁਰੂ ਸਾਹਿਬਾਨ ਦੀਆਂ ਜੀਵਨੀਆਂ ਅਤੇ ਮਹਾਨ ਸਿੱਖਾਂ ਦੀਆਂ ਜੀਵਨੀਆਂ ਨੂੰ ਕਲਮਬੱਧ ਕੀਤਾ।
ਉਨ੍ਹਾਂ ਨੇ 'ਸਾਡਾ ਇਤਿਹਾਸ' ਅਧੀਨ ਸਿੱਖ ਇਤਿਹਾਸ ਬਾਰੇ ਪਹਿਲਾ ਭਾਗ 1957 'ਚ ਤੇ ਦੂਜਾ ਭਾਗ 1962 'ਚ ਪ੍ਰਕਾਸ਼ਿਤ ਕੀਤਾ। ਉਨ੍ਹਾਂ ਨੇ ਦਸ ਗੁਰੂ ਸਾਹਿਬਾਨ ਦੀਆਂ ਜੀਵਨੀਆਂ ਲਿਖਣ ਦੀ ਲੜੀ ਤੋਰੀ, ਜਿਨ੍ਹਾਂ ਦੇ ਨਾਂਅ ਇਸ ਪ੍ਰਕਾਰ ਹਨ- ਬਲਿਓ ਚਿਰਾਗ, ਕੁਦਰਤੀ ਨੂਰ, ਪਰਬਤੁ ਮੇਰਾਣੁ, ਪੂਰੀ ਹੋਈ ਕਰਾਮਾਤ, ਪ੍ਰਤਖਿ ਹਰੀ, ਗੁਰ ਭਾਰੀ, ਨਿਰਭਉ ਨਿਰਵੈਰ, ਅਸ਼ਟਮ ਬਲਬੀਰਾ, ਇਤਿ ਜਿਨਿ ਕਰੀ ਅਤੇ ਪੁਰਖ ਭਗਵੰਤ। ਗੁਰਬਾਣੀ ਦੇ ਵਿਆਖਿਆਕਾਰ ਵਜੋਂ ਉਨ੍ਹਾਂ ਨੇ ਚਾਰ ਸੈਂਚੀਆਂ 'ਚ 'ਗੁਰੂ ਗ੍ਰੰਥ ਸਾਹਿਬ ਦਾ ਸਾਰ ਵਿਸਥਾਰ' ਮੁਕੰਮਲ ਕਰਕੇ ਮਹੱਤਵਪੂਰਨ ਕਾਰਜ ਕੀਤਾ। ਉਨ੍ਹਾਂ ਦੀਆਂ ਹੋਰ ਰਚਨਾਵਾਂ 'ਚ ਕਥਾ ਪੁਰਾਤਨ ਇਉਂ ਸੁਣੀ, ਅਠਾਰ੍ਹਵੀਂ ਸਦੀ ਵਿਚ ਬੀਰ ਪਰੰਪਰਾ, ਗੁਰ ਬਾਲ ਕਥਾ, ਨਿੱਕੀਆਂ ਜਿੰਦਾਂ ਵੱਡਾ ਸਾਕਾ, ਚਮਕੌਰ ਦੀ ਗੜ੍ਹੀ, ਸ਼ਹੀਦੀ ਪਰੰਪਰਾ, ਗੁਰੂ ਤੇਗ ਬਹਾਦਰ ਸਿਮਰਤੀ ਗ੍ਰੰਥ, ਗੁਰੂ ਅਮਰਦਾਸ ਸਿਮਰਤੀ ਗ੍ਰੰਥ ਅਤੇ ਜੱਸਾ ਸਿੰਘ ਆਹਲੂਵਾਲੀਆ ਸਿਮਰਤੀ ਗ੍ਰੰਥ ਸ਼ਾਮਿਲ ਹਨ। ਉਨ੍ਹਾਂ ਨੇ ਅੰਗਰੇਜ਼ੀ 'ਚ ਗੁਰੂ ਅਮਰਦਾਸ ਜੀ ਤੇ ਗੁਰੂ ਹਰਿਕ੍ਰਿਸ਼ਨ ਜੀ ਦੀਆਂ ਜੀਵਨੀਆਂ ਲਿਖੀਆਂ। ਪ੍ਰਿੰ. ਸਤਿਬੀਰ ਸਿੰਘ ਨੂੰ ਬਹੁਤ ਸਾਰੀਆਂ ਸੰਸਥਾਵਾਂ ਵਲੋਂ ਸਨਮਾਨਿਤ ਕੀਤਾ ਗਿਆ, ਜਿਨ੍ਹਾਂ 'ਚ ਵਿਸ਼ੇਸ਼ ਤੌਰ 'ਤੇ ਸ਼੍ਰੋਮਣੀ ਕਮੇਟੀ ਤੇ ਸਿਹਤ ਸਮੀਖਿਆ ਬੋਰਡ ਜਲੰਧਰ ਸ਼ਾਮਿਲ ਹਨ। ਭਾਸ਼ਾ ਵਿਭਾਗ ਪੰਜਾਬ ਵਲੋਂ 1991 'ਚ ਉਨ੍ਹਾਂ ਨੂੰ 'ਸ਼੍ਰੋਮਣੀ ਪੰਜਾਬੀ ਲੇਖਕ' ਵਜੋਂ ਸਨਮਾਨਿਤ ਕੀਤਾ ਗਿਆ। ਉਹ ਗੁਰਮਤਿ ਕਾਲਜ ਪਟਿਆਲਾ ਦੇ ਸੰਸਥਾਪਕ ਪ੍ਰਿੰਸੀਪਲ ਅਤੇ ਗੁਰੂ ਨਾਨਕ ਇੰਸਟੀਚਿਊਟ ਪਟਿਆਲਾ ਦੇ ਡਾਇਰੈਕਟਰ ਵੀ ਰਹੇ। ਉਨ੍ਹਾਂ ਨੇ ਖ਼ਾਲਸਾ ਕਾਲਜ ਕਰਨਾਲ ਤੇ ਖ਼ਾਲਸਾ ਕਾਲਜ ਯਮੁਨਾਨਗਰ (ਹਰਿਆਣਾ) ਵਿਖੇ ਪ੍ਰਿੰਸੀਪਲ ਵਜੋਂ ਸੇਵਾਵਾਂ ਨਿਭਾਈਆਂ। ਪ੍ਰਿੰ. ਸਤਿਬੀਰ ਸਿੰਘ ਦੇ ਯਤਨਾਂ ਸਦਕਾ ਸਿੱਖੀ ਵਿਰਸੇ ਨੂੰ ਸਾਂਭਣ ਲਈ ਅੰਮ੍ਰਿਤਸਰ ਵਿਖੇ ਕੇਂਦਰੀ ਸਿੱਖ ਅਜਾਇਬ ਘਰ ਦੀ ਸਥਾਪਨਾ ਕੀਤੀ ਗਈ। ਅੰਤ 18 ਅਗਸਤ 1994 ਨੂੰ ਉਹ ਪਟਿਆਲਾ ਵਿਖੇ ਅਕਾਲ ਚਲਾਣਾ ਕਰ ਗਏ। ਉਨ੍ਹਾਂ ਨੂੰ ਪ੍ਰਭਾਵਸ਼ਾਲੀ ਪੰਥਕ ਵਿਦਵਾਨ ਵਜੋਂ ਹਮੇਸ਼ਾ ਯਾਦ ਰੱਖਿਆ ਜਾਵੇਗਾ।
-ਜ਼ੀਰਾ, ਜ਼ਿਲ੍ਹਾ ਫ਼ਿਰੋਜ਼ਪੁਰ।
ਮੋਬਾਈਲ : 97812-00168