08-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 02-03-2026

ਗੁ: ਤਪ ਅਸਥਾਨ ਬਾਬਾ ਸ੍ਰੀਚੰਦ (ਨਿਜ਼ਾਮਪੁਰ) ਦਾ ਇਤਿਹਾਸ

ਅਜੀਤ ਡੈਸਕ 02-03-2026

ਪੰਜਾਬ ਦੀ ਧਰਤੀ ਨੂੰ ਇਹ ਮਾਣ ਹਾਸਿਲ ਹੈ ਕਿ ਇਥੇ ਬਹੁਤ ਸਾਰੇ ਧਰਮਾਂ ਦੇ ਗੁਰੂਆਂ-ਪੀਰਾਂ ਤੇ ਪੈਗੰਬਰਾਂ ਨੇ ਚਰਨ ਪਾਏ, ਜਿਥੇ ਉਨ੍ਹਾਂ ਅਸਥਾਨਾਂ 'ਤੇ ਅੱਜ ਧਾਰਮਿਕ ਅਸਥਾਨ ਸੁਸ਼ੋਭਿਤ ਹਨ। ਉਨ੍ਹਾਂ ਵਿਚ ਪਿੰਡ ਨਿਜ਼ਾਮਪੁਰ ਜ਼ਿਲ੍ਹਾ ਕਪੂਰਥਲਾ ਵਿਖੇ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਵੱਡੇ ਸਪੁੱਤਰ ਮਹਾਨ ਤਪੱਸਵੀ ਬਾਬਾ ਸ੍ਰੀਚੰਦ ਜੀ ਦਾ ਮਹਾਨ ਤਪ ਅਸਥਾਨ ਵੀ ਸੁਸ਼ੋਭਿਤ ਹੈ, ਜਿੱਥੇ ਬਾਬਾ ਸ੍ਰੀਚੰਦ ਜੀ ਨੇ 21 ਦਿਨ ਤਪ ਕੀਤਾ। ਬਾਬਾ ਸ੍ਰੀਚੰਦ ਨੇ ਜਦੋਂ ਸੁਲਤਾਨਪੁਰ ਲੋਧੀ ਤੋਂ ਡੇਰਾ ਬਾਬਾ ਨਾਨਕ (ਜ਼ਿਲ੍ਹਾ ਗੁਰਦਾਸਪੁਰ) ਵੱਲ ਚਾਲੇ ਪਾਏ ਤਾਂ ਰਸਤੇ ਵਿਚ ਇਸ ਅਸਥਾਨ ਦੀ ਹਰਿਆਵਲ ਤੇ ਸੁੰਦਰਤਾ ਦੇਖ ਪ੍ਰਸੰਨ ਹੋਏ ਤੇ ਕੁਝ ਦਿਨ ਇੱਥੇ ਨਿਵਾਸ ਕੀਤਾ ਅਤੇ ਨਿਰੰਕਾਰ ਦੀ ਭਗਤੀ ਵਿਚ ਲੀਨ ਹੁੰਦਿਆਂ ਇਕ ਦਰੱਖ਼ਤ ਹੇਠ ਬੈਠ ਗਏ। ਇਕ ਪਿਆਰ ਵਾਲਾ ਸ਼ਰਧਾਲੂ, ਜੋ ਮਿਲਾਪ ਲਈ ਉਨ੍ਹਾਂ ਨੂੰ ਕਾਫ਼ੀ ਸਮੇਂ ਤੋਂ ਯਾਦ ਕਰ ਰਿਹਾ ਸੀ, ਉਹ ਬਾਬਾ ਜੀ ਦੇ ਦਰਸ਼ਨ ਕਰਕੇ ਨਿਹਾਲ ਹੋ ਗਿਆ। ਉਸ ਨੇ ਬਾਬਾ ਜੀ ਲਈ ਦੁੱਧ ਦਾ ਛੰਨਾ ਆਪਣੇ ਘਰੋਂ ਲਿਆ ਕੇ ਪਿਲਾਇਆ। ਬਾਬਾ ਜੀ ਨੇ ਉਸ ਮੁਸਲਮਾਨ ਸੇਵਕ ਨੂੰ ਸੰਤਾਨ ਪ੍ਰਾਪਤੀ ਦੀ ਅਸੀਸ ਦਿੱਤੀ। ਉਸ ਸ਼ਰਧਾਲੂ ਦੇ ਘਰ ਇਕ ਪੁੱਤਰ ਨੇ ਜਨਮ ਲਿਆ, ਜਿਸ ਦਾ ਨਾਂਅ ਨਿਜ਼ਾਮੁਦੀਨ ਰੱਖਿਆ ਗਿਆ। ਨਿਜ਼ਾਮੁਦੀਨ ਦੇ ਨਾਂਅ 'ਤੇ ਹੀ ਇਹ ਨਗਰ ਵਸਿਆ, ਜੋ ਅੱਜ ਪਿੰਡ ਨਿਜ਼ਾਮਪੁਰ (ਜ਼ਿਲ੍ਹਾ ਕਪੂਰਥਲਾ) ਦੇ ਨਾਂਅ ਨਾਲ ਜਾਣਿਆ ਜਾਂਦਾ ਹੈ। ਇਸੇ ਨਗਰ ਵਿਚ ਬਾਬਾ ਸ੍ਰੀਚੰਦ ਜੀ ਦਾ ਤਪ ਅਸਥਾਨ ਮੌਜੂਦ ਹੈ, ਜਿੱਥੇ ਬਹੁਤ ਸੁੰਦਰ ਤੇ ਆਲੀਸ਼ਾਨ ਗੁਰਦੁਆਰਾ ਸਾਹਿਬ ਸੁਸ਼ੋਭਿਤ ਹੈ। ਇੱਥੇ ਹਰ ਮਹੀਨੇ ਪੂਰਨਮਾਸ਼ੀ ਦਾ ਦਿਹਾੜਾ ਬੜੀ ਸ਼ਰਧਾ ਭਾਵਨਾ ਨਾਲ ਮਨਾਇਆ ਜਾਂਦਾ ਹੈ। ਇਸ ਅਸਥਾਨ 'ਤੇ ਦਾਨੀ ਸੱਜਣਾਂ ਦੇ ਸਹਿਜੋਗ ਨਾਲ ਲੋੜਵੰਦ ਪਰਿਵਾਰਾਂ ਤੇ ਦੀਨ ਦੁਖੀਆਂ ਦੇ ਦਰਦ ਨੂੰ ਮਹਿਸੂਸ ਕਰਦਿਆਂ ਅੱਖਾਂ ਦਾ ਜਾਂਚ ਕੈਂਪ ਤੇ ਆਪ੍ਰੇਸ਼ਨ ਕੈਂਪ, ਮੁਫ਼ਤ ਮੈਡੀਕਲ ਕੈਂਪ ਤੋਂ ਇਲਾਵਾ ਲੋੜਵੰਦ ਪਰਿਵਾਰਾਂ ਨੂੰ ਰਾਸ਼ਨ ਦਿੱਤਾ ਜਾਂਦਾ ਹੈ। ਮੌਜੂਦਾ ਸਮੇਂ 'ਚ ਇਸ ਤਪ ਅਸਥਾਨ ਦੀ ਸੇਵਾ ਗੁਰੂ ਨਾਨਕ ਬੰਸ ਦੀ 16ਵੀਂ ਪੀੜ੍ਹੀ ਬਾਬਾ ਮਨਜੀਤ ਸਿੰਘ ਬੇਦੀ ਸਮੂਹ ਸੰਗਤਾਂ ਦੇ ਸਹਿਯੋਗ ਨਾਲ ਕਰਵਾ ਰਹੇ ਹਨ। ਇਸ ਅਸਥਾਨ 'ਤੇ ਦੂਰ-ਦੁਰਾਡੇ ਤੋਂ ਸੰਗਤਾਂ ਸ਼ਰਧਾ ਤੇ ਸਤਿਕਾਰ ਨਾਲ ਹਾਜ਼ਰੀਆਂ ਭਰਦੀਆਂ ਹਨ। ਹਰ ਸਾਲ ਦੀ ਤਰ੍ਹਾਂ ਬਾਬਾ ਸ੍ਰੀਚੰਦ ਜੀ ਦੇ ਆਗਮਨ ਪੁਰਬ ਦੀ ਖੁਸ਼ੀ ਵਿਚ ਅਖੰਡ ਪਾਠਾਂ ਦੀ ਲੜੀ ਆਰੰਭ ਕੀਤੀ ਜਾਂਦੀ ਹੈ, ਜਿਨ੍ਹਾਂ ਦੇ ਭੋਗ ਪਾਉਣ 'ਤੇ ਤਿੰਨ ਦਿਨਾ ਧਾਰਮਿਕ ਸਮਾਗਮ ਕਰਵਾਇਆ ਜਾਂਦਾ ਹੈ, ਜਿਸ ਵਿਚ ਦੇਸ਼ਾਂ-ਵਿਦੇਸ਼ਾਂ ਤੋਂ ਸੰਗਤਾਂ ਨਤਮਸਤਕ ਹੋ ਕੇ ਆਪਣਾ ਜੀਵਨ ਸਫ਼ਲਾ ਕਰਦੀਆਂ ਹਨ। ਇਸ ਅਸਥਾਨ 'ਤੇ ਨੌਜਵਾਨਾਂ ਨੂੰ ਗੁਰਬਾਣੀ ਨਾਲ ਜੋੜਨ ਲਈ ਸ਼੍ਰੋਮਣੀ ਕਮੇਟੀ ਦੇ ਸਹਿਯੋਗ ਨਾਲ ਗੁਰਮਤਿ ਪ੍ਰਚਾਰ ਕੈਂਪ ਵੀ ਲਗਾਏ ਜਾਂਦੇ ਹਨ। ਚੋਲਾ ਸਾਹਿਬ ਡੇਰਾ ਬਾਬਾ ਨਾਨਕ ਵਿਖੇ ਹਰ ਸਾਲ ਦੀ ਤਰ੍ਹਾਂ ਪਹਿਲੀ ਮਾਰਚ ਤੋਂ 15 ਮਾਰਚ ਤੱਕ ਚੱਲ ਰਹੇ ਜੋੜ ਮੇਲੇ ਵਿਚ ਵੀ ਵੱਡੀ ਗਿਣਤੀ ਵਿਚ ਸੰਗਤਾਂ ਚੋਲਾ ਸਾਹਿਬ ਦੇ ਦਰਸ਼ਨ ਕਰਦੀਆਂ ਹਨ। ਇਸ ਮੌਕੇ ਬਾਬਾ ਮਨਜੀਤ ਸਿੰਘ ਬੇਦੀ ਨੇ ਪਾਕਿਸਤਾਨ 'ਚ ਸਥਿਤ ਗੁਰਦੁਆਰਾ ਕਰਤਾਰਪੁਰ ਸਾਹਿਬ ਦੇ ਖੁੱਲ੍ਹੇ ਦਰਸ਼ਨ ਦੀਦਾਰ ਲਈ ਕਰਤਾਰਪੁਰ ਲਾਂਘੇ ਨੂੰ ਮੁੜ-ਖੋਲ੍ਹਣ ਦੀ ਭਾਰਤ ਸਰਕਾਰ ਤੇ ਪੰਜਾਬ ਸਰਕਾਰ ਨੂੰ ਅਪੀਲ ਵੀ ਕੀਤੀ ਹੈ।

-ਪੱਤਰਕਾਰ, ਸੁਭਾਨਪੁਰ (ਕਪੂਰਥਲਾ)। ਮੋਬਾ. : 98885-30095

ਪਿਛਲੀ ਖ਼ਬਰ ਮਹਾਰਾਜਾ ਦਲੀਪ ਸਿੰਘ : ਪੈਰਿਸ ਦੀਆਂ ਗਲੀਆਂ ਵਿਚ ਇਕ ਇਤਿਹਾਸਕ ਯਾਤਰਾ ਅਗਲੀ ਖ਼ਬਰ ਬਹੁਪੱਖੀ ਸ਼ਖ਼ਸੀਅਤ ਸਨ ਪ੍ਰਿੰਸੀਪਲ ਸਤਿਬੀਰ ਸਿੰਘ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।