ਗੁਰਦੁਆਰਾ ਕੌੜਿਆਲਾ ਘਾਟ ਸਾਹਿਬ ਭਾਰਤ ਤੇ ਨਿਪਾਲ ਦੀ ਸਰਹੱਦ 'ਤੇ ਸਥਿਤ ਹੈ, ਜੋ ਸ੍ਰੀ ਗੁਰੂ ਨਾਨਕ ਦੇਵ ਜੀ ਨਾਲ ਸੰਬੰਧਿਤ ਹੈ। ਉੱਤਰ ਪ੍ਰਦੇਸ਼ ਵਿਚ ਮੌਜੂਦ ਮੁੱਖ ਗੁਰਦੁਆਰਿਆਂ 'ਚੋਂ ਇਹ ਇਕ ਹੈ। ਗੁਰੂ ਨਾਨਕ ਦੇਵ ਜੀ ਤੀਜੀ ਉਦਾਸੀ ਦੌਰਾਨ 1514 ਈ. 'ਚ ਭਾਈ ਬਾਲੇ ਤੇ ਭਾਈ ਮਰਦਾਨੇ ਨਾਲ ਇੱਥੇ ਪਿੰਡ ਦੁਪਾਲਪੁਰ ਵਿਖੇ ਪਹੁੰਚੇ। ਹਨੇਰਾ ਹੋਣ 'ਤੇ ਗੁਰੂ ਜੀ ਨੇ ਕਿਹਾ ਕਿ ਅੱਜ ਰਾਤ ਇੱਥੇ ਹੀ ਬਤੀਤ ਕੀਤੀ ਜਾਵੇ। ਪਰ ਪਿੰਡ ਵਾਲਾ ਕੋਈ ਵੀ ਉਨ੍ਹਾਂ ਨੂੰ ਰਾਤ ਰੱਖਣ ਲਈ ਤਿਆਰ ਨਾ ਹੋਇਆ। ਅਖੀਰ ਇਕ ਨੇ ਕਿਹਾ ਕਿ ਜੇ ਤੁਸੀਂ ਰਾਤ ਕੱਟਣੀ ਹੈ ਤਾਂ ਪਿੰਡ ਦੇ ਬਾਹਰ ਇਕ ਕੋਹੜੀ ਦੀ ਕੁਟੀਆ ਹੈ, ਤੁਸੀਂ ਉੱਥੇ ਰਾਤ ਕੱਟ ਸਕਦੇ ਹੋ। ਗੁਰੂ ਜੀ ਭਾਈ ਬਾਲੇ ਤੇ ਭਾਈ ਮਰਦਾਨੇ ਸਮੇਤ ਉੱਧਰ ਨੂੰ ਚੱਲ ਪਏ। ਦੱਸਿਆ ਜਾਂਦਾ ਹੈ ਕਿ ਇਹ ਕੋਹੜੀ ਕਿਸੇ ਸਮੇਂ ਪਿੰਡ ਦਾ ਮੁਖੀ ਸੀ ਪਰ ਕੋਹੜ ਹੋਣ ਕਰਕੇ ਉਸ ਦਾ ਪਰਿਵਾਰ ਉਸ ਨੂੰ ਇੱਥੇ ਕੁਟੀਆ 'ਚ ਛੱਡ ਗਿਆ ਸੀ। ਗੁਰੂ ਜੀ ਨੂੰ ਕੁਟੀਆ ਵੱਲ ਆਉਂਦੇ ਵੇਖ ਉਸ ਕੋਹੜੀ ਨੇ ਰੌਲਾ ਪਾਇਆ ਕਿ ਮੇਰੇ ਕੋਲ ਨਾ ਆਓ, ਮੈਂ ਕੋਹੜੀ ਹਾਂ। ਫਿਰ ਵੀ ਗੁਰੂ ਜੀ ਉਸ ਕੋਲ ਪਹੁੰਚ ਗਏ। ਰਾਤ ਸਮੇਂ ਜਦ ਗੁਰੂ ਜੀ ਪ੍ਰਮਾਤਮਾ ਦੀ ਭਗਤੀ 'ਚ ਲੀਨ ਸਨ ਤਾਂ ਉਨ੍ਹਾਂ ਕਿਹਾ ਕਿ ਭਾਈ ਮਰਦਾਨਿਆ ਰਬਾਬ ਵਜਾ ਬਾਣੀ ਆਈ ਹੈ। ਉਸ ਸਮੇਂ ਗੁਰੂ ਜੀ ਨੇ ਇਹ ਸ਼ਬਦ ਉਚਾਰਨ ਕੀਤਾ:-
ਜੀਉ ਤਪਤੁ ਹੈ ਬਾਰੋ ਬਾਰ॥
ਤਪਿ ਤਪਿ ਖਪੈ ਬਹੁਤੁ ਬੇਕਾਰ॥
ਜੈ ਤਨਿ ਬਾਣੀ ਵਿਸਰਿ ਜਾਇ॥
ਜਿਉ ਪਕਾ ਰੋਗੀ ਵਿਲਲਾਇ॥
ਬਹੁਤਾ ਬੋਲਣੁ ਝਖਣੁ ਹੋਇ॥
ਵਿਣੁ ਬੋਲੇ ਜਾਣੈ ਸਭੁ ਸੋਇ॥ (ਧਨਾਸਰੀ, ਮ:1, ਅੰਗ : 661)
ਗੁਰੂ ਜੀ ਦੁਆਰਾ ਉਚਾਰੇ ਇਸ ਸ਼ਬਦ ਨੇ ਕੋਹੜੀ ਨੂੰ ਬਹੁਤ ਰਾਹਤ ਦਿੱਤੀ, ਜਿਸ ਨੂੰ ਕਈ ਦਿਨਾਂ ਤੋਂ ਨੀਂਦ ਨਹੀਂ ਆ ਰਹੀ ਸੀ ਪਰ ਸ਼ਬਦ ਸੁਣ ਕੇ ਉਸ ਨੂੰ ਨੀਂਦ ਵੀ ਆ ਗਈ। ਅੰਮ੍ਰਿਤ ਵੇਲਾ ਹੋਇਆ ਤਾਂ ਕੋਹੜੀ ਨੇ ਗੁਰੂ ਜੀ ਅੱਗੇ ਫ਼ਰਿਆਦ ਕੀਤੀ ਕਿ ਉਸ ਦੀ ਬਿਮਾਰੀ ਠੀਕ ਹੋਣ ਲਈ ਅਰਦਾਸ ਕਰੋ। ਗੁਰੂ ਜੀ ਨੇ ਕੋਹੜੀ ਕੋਲ ਪਏ ਪਾਣੀ ਨੂੰ ਚੁੱਕਿਆ ਤੇ ਉਸ ਦੇ ਸਰੀਰ 'ਤੇ ਛਿੱਟੇ ਮਾਰੇ। ਫਿਰ ਪਿਆਰ ਨਾਲ ਉਸ ਕੋਹੜੀ ਨੂੰ ਨੇੜੇ ਵਗਦੀ ਨਦੀ (ਜਿਸ ਨੂੰ ਅੱਜ ਨਿਪਾਲ 'ਚ ਘਾਘਰਾ ਤੇ ਕਰਨਾਲੀ ਕਿਹਾ ਜਾਂਦਾ ਹੈ) ਵਿਚ ਇਸ਼ਨਾਨ ਕਰਨ ਲਈ ਕਿਹਾ। ਉਸ ਨਦੀ 'ਚ ਇਸ਼ਨਾਨ ਕਰਨ ਪਿੱਛੋਂ ਉਸ ਦਾ ਰੋਗ ਖ਼ਤਮ ਹੋ ਗਿਆ। ਇਹ ਜਾਣ ਕੇ ਪਿੰਡ ਦੁਪਾਲਪੁਰ ਦੇ ਵਾਸੀ ਗੁਰੂ ਜੀ ਕੋਲ ਆਏ ਤੇ ਮਾਫ਼ੀ ਮੰਗਣ ਲੱਗੇ। ਗੁਰੂ ਜੀ ਨੇ ਪਿੰਡ ਵਾਸੀਆਂ ਨੂੰ ਅਸ਼ੀਰਵਾਦ ਦਿੰਦੇ ਹੋਏ ਸਮਝਾਇਆ ਕਿ ਮਹਿਮਾਨਾਂ ਤੇ ਲੋੜਵੰਦਾਂ ਨੂੰ ਆਸਰਾ ਤੇ ਭੋਜਨ ਦੇਣਾ ਚਾਹੀਦਾ ਹੈ। ਗੁਰੂ ਜੀ ਨੇ ਪਿੰਡ ਵਾਸੀਆਂ ਨੂੰ ਕਿਹਾ ਕਿ ਉਹ ਯਾਤਰੀਆਂ ਦੇ ਠਹਿਰਣ ਲਈ ਆਰਾਮ ਘਰ ਬਣਾਉਣ। ਆਰਾਮ ਘਰ 'ਚ ਆਉਣ ਵਾਲੇ ਮਹਿਮਾਨਾਂ ਤੇ ਲੋੜਵੰਦਾਂ ਦੀ ਸੇਵਾ ਕਰਨ ਤੇ ਭੋਜਨ ਛਕਾਇਆ ਕਰਨ। ਗੁਰੂ ਨਾਨਕ ਦੇਵ ਜੀ ਦੇ ਬਚਨ ਸੁਣਨ ਤੋਂ ਬਾਅਦ ਕੋਹੜੀ ਤਾਂ ਗੁਰੂ ਜੀ ਦਾ ਸਿੱਖ ਬਣ ਗਿਆ। ਇਸ ਤੋਂ ਇਲਾਵਾ ਹੋਰ ਬਹੁਤ ਸਾਰੇ ਲੋਕ ਵੀ ਗੁਰੂ ਜੀ ਦੇ ਲੜ ਲੱਗ ਗਏ। ਇੱਥੇ ਅੱਜ ਗੁਰਦੁਆਰਾ ਕੌੜਿਆਲਾ ਸਾਹਿਬ ਮੌਜੂਦ ਹੈ। ਉਸ ਤੋਂ ਬਾਅਦ ਗੁਰੂ ਜੀ ਦਰਿਆ ਪਾਰ ਕਰਕੇ ਨਿਪਾਲ ਵੱਲ ਚਲੇ ਗਏ। ਇਸ ਇਤਿਹਾਸਕ ਘਟਨਾ ਕਾਰਨ ਇਸ ਸਥਾਨ ਦਾ ਨਾਂਅ ਕੋਢੀਵਾਲਾ ਪੈ ਗਿਆ, ਜੋ ਹੌਲੀ-ਹੌਲੀ ਕੌੜਿਆਲਾ ਪੱਕ ਗਿਆ। ਹਾਲਾਂਕਿ ਅਜਿਹਾ ਜਾਪਦਾ ਹੈ ਕਿ ਇੱਥੇ ਉਸ ਕੋਹੜੀ ਦੇ ਰਹਿਣ ਕਾਰਨ ਸਥਾਨਕ ਲੋਕ ਇਸ ਸਥਾਨ ਨੂੰ ਕੋਹੜੀ ਵਾਲਾ ਕਹਿੰਦੇ ਹੋਣ। ਨਿਪਾਲ ਜਾਣ ਲਈ ਇੱਥੋਂ ਹੀ ਪੁਰਾਣੇ ਸਮੇਂ ਤੋਂ ਕਿਸ਼ਤੀਆਂ ਚਲਦੀਆਂ ਸਨ, ਜਿਸ ਕਾਰਨ ਇਸ ਪਿੰਡ ਦਾ ਨਾਂਅ ਕੋੜੀਆਲਾ ਘਾਟ ਪਿਆ। 1970 ਦੇ ਦਹਾਕੇ ਤੱਕ ਇੱਥੇ ਕੋਈ ਧਾਰਮਿਕ ਸਥਾਨ ਨਹੀਂ ਸੀ, ਸਗੋਂ ਸਥਾਨਕ ਲੋਕ ਕਿਸੇ ਖ਼ਾਸ ਤਿਉਹਾਰ 'ਤੇ ਘਾਘਰਾ ਨਦੀ 'ਚ ਇਸ਼ਨਾਨ ਕਰਦੇ ਸਨ। ਉਨ੍ਹਾਂ ਦਾ ਮੰਨਣਾ ਹੈ ਕਿ ਲਗਭਗ 500 ਸਾਲ ਪਹਿਲਾਂ ਨਾਨਕ ਨਾਂਅ ਦੇ ਇਕ ਸੰਤ ਨੇ ਇੱਥੇ ਆ ਕੇ ਇਸ ਸਥਾਨ ਨੂੰ ਭਾਗ ਲਾਏ ਸਨ। ਉਦੋਂ ਤੋਂ ਇਸ ਸਥਾਨ 'ਤੇ ਇਸ਼ਨਾਨ ਕਰਨ ਨਾਲ ਕੋਹੜ ਤੇ ਚਮੜੀ ਦੇ ਹੋਰ ਗੰਭੀਰ ਰੋਗ ਠੀਕ ਹੁੰਦੇ ਹਨ। ਭਾਰਤ ਵਿਚ ਹਰੀ ਕ੍ਰਾਂਤੀ ਦੌਰਾਨ ਉੱਤਰ ਪ੍ਰਦੇਸ਼ ਦੇ ਤਰਾਈ ਵਿਚ ਸਿੱਖ ਭਾਈਚਾਰੇ ਦੀ ਗਿਣਤੀ ਵੱਡੀ ਸੀ। ਇਲਾਕੇ ਦੇ ਕੁਝ ਜਾਗਰੂਕ ਲੋਕਾਂ ਨੇ ਇਸ ਸਥਾਨ ਬਾਰੇ ਪੜਤਾਲ ਕੀਤੀ ਤਾਂ ਪਤਾ ਲੱਗਾ ਕਿ ਇਹ ਉਹੀ ਪਵਿੱਤਰ ਅਸਥਾਨ ਹੈ, ਜਿੱਥੇ ਗੁਰੂ ਨਾਨਕ ਦੇਵ ਜੀ ਨੇ ਕੋਹੜੀ ਦਾ ਰੋਗ ਠੀਕ ਕੀਤਾ ਸੀ। ਉਸ ਤੋਂ ਬਾਅਦ ਇਲਾਕੇ ਦੇ ਲੋਕਾਂ ਦੀ ਮਦਦ ਨਾਲ ਕੁਝ ਜ਼ਮੀਨ ਖਰੀਦ ਕੇ ਉੱਥੇ ਇਕ ਛੋਟਾ ਜਿਹਾ ਗੁਰਦੁਆਰਾ ਬਣਾਇਆ ਗਿਆ। ਕੁਝ ਸਮੇਂ ਬਾਅਦ ਇਲਾਕਾ ਨਿਵਾਸੀਆਂ ਦੀ ਬੇਨਤੀ 'ਤੇ ਇਸ ਗੁਰਦੁਆਰੇ ਦਾ ਪ੍ਰਬੰਧ ਕਾਰਸੇਵਾ ਸੰਸਥਾ ਦੇ ਆਗੂ ਜਥੇਦਾਰ ਫ਼ੌਜਾ ਸਿੰਘ ਨੇ ਆਪਣੇ ਹੱਥਾਂ 'ਚ ਲੈ ਲਿਆ। ਅੱਜ ਇੱਥੇ ਇਕ ਆਲੀਸ਼ਾਨ ਗੁਰਦੁਆਰਾ ਹੈ, ਜਿੱਥੇ ਦਰਬਾਰ ਸਾਹਿਬ, ਦੀਵਾਨ ਹਾਲ, ਲੰਗਰ ਹਾਲ, ਰਸੋਈ ਤੇ ਸਰਾਵਾਂ ਦੇ ਨਾਲ-ਨਾਲ ਇਕ ਝੀਲ ਵੀ ਹੈ। ਅੱਜ-ਕੱਲ੍ਹ ਲੋਕ ਨਦੀ ਦੀ ਬਜਾਏ ਇਸ ਝੀਲ ਵਿਚ ਇਸ਼ਨਾਨ ਕਰਦੇ ਹਨ। ਇਸ ਵੇਲੇ ਇਸ ਗੁਰਦੁਆਰੇ ਦਾ ਪ੍ਰਬੰਧ ਜਥੇਦਾਰ ਫ਼ੌਜਾ ਸਿੰਘ ਦੇ ਵਾਰਿਸ ਜਥੇਦਾਰ ਕਾਲਾ ਸਿੰਘ ਕੋਲ ਹੈ। ਹੜ੍ਹ ਜਾਂ ਕੋਈ ਹੋਰ ਕੁਦਰਤੀ ਆਫ਼ਤ ਆਉਣ 'ਤੇ ਇਲਾਕੇ ਦੇ ਗਰੀਬ ਤੇ ਬੇਸਹਾਰਾ ਲੋਕਾਂ ਦੀ ਬਿਨਾਂ ਕਿਸੇ ਭੇਦਭਾਵ ਗੁਰਦੁਆਰਾ ਪ੍ਰਬੰਧਕ ਸੇਵਾ ਕਰਦੇ ਤੇ ਪਨਾਹ ਦਿੰਦੇ ਹਨ। ਤਿਕੁਨੀਆ ਕਸਬੇ 'ਚ ਗੁਰਦੁਆਰਾ ਸਾਹਿਬ ਵਲੋਂ ਚਲਾਇਆ ਜਾ ਰਿਹਾ ਇਕ ਇੰਟਰ ਕਾਲਜ ਵੀ ਹੈ, ਜੋ ਇਸ ਪਛੜੇ ਇਲਾਕੇ 'ਚ ਵਿੱਦਿਆ ਦੇ ਖੇਤਰ ਵਿਚ ਅਹਿਮ ਯੋਗਦਾਨ ਪਾ ਰਿਹਾ ਹੈ। ਗੁਰਦੁਆਰਾ ਕੌੜਿਆਲਾ ਘਾਟ ਉੱਤਰ ਪ੍ਰਦੇਸ਼ ਰਾਜ ਦੇ ਲਖੀਮਪੁਰ ਖੀਰੀ ਜ਼ਿਲ੍ਹੇ ਦੀ ਨਿਘਾਸਨ ਤਹਿਸੀਲ 'ਚ ਕੌੜਿਆਲਾ ਘਾਟ ਨਾਂਅ ਦੇ ਇਕ ਪਿੰਡ ਵਿਚ ਸਥਿਤ ਹੈ। ਉਕਤ ਪਿੰਡ ਭਾਰਤ-ਨਿਪਾਲ ਸਰਹੱਦ 'ਤੇ ਵਗਦੀ ਘਾਘਰਾ (ਕਰਨਾਲੀ) ਨਦੀ ਦੇ ਕੰਢੇ ਬਰੇਲੀ-ਗੋਂਡਾ ਰਾਹੀਂ ਮੈਲਾਨੀ ਛੋਟੀ ਰੇਲਵੇ ਲਾਈਨ ਨੇੜੇ ਹੈ। ਸਭ ਤੋਂ ਨਜ਼ਦੀਕੀ ਕਸਬਾ ਤਿਕੁਨੀਆ ਗੁਰਦੁਆਰੇ ਤੋਂ 3 ਕਿਲੋਮੀਟਰ ਦੀ ਦੂਰੀ 'ਤੇ ਹੈ। ਸਾਲ ਦੇ ਕਿਸੇ ਵੀ ਸਮੇਂ ਕੌੜਿਆਲਾ ਘਾਟ ਗੁਰਦੁਆਰਾ ਸਾਹਿਬ ਜਾਇਆ ਜਾ ਸਕਦਾ ਹੈ। ਪਰ ਸਭ ਤੋਂ ਵਧੀਆ ਸਮਾਂ 1 ਅਕਤੂਬਰ ਤੋਂ 15 ਜੂਨ ਤੱਕ ਹੈ, ਕਿਉਂਕਿ 15 ਜੂਨ ਤੋਂ 30 ਸਤੰਬਰ ਤੱਕ ਬਹੁਤ ਜ਼ਿਆਦਾ ਬਾਰਿਸ਼ ਤੇ ਹੜ੍ਹ ਸੰਭਾਵਿਤ ਖੇਤਰ ਕਾਰਨ ਯਾਤਰਾ 'ਚ ਵਿਘਨ ਪੈ ਸਕਦਾ ਹੈ। ਕੌੜਿਆਲਾ ਘਾਟ ਗੁਰਦੁਆਰੇ 'ਚ ਮੁੱਖ ਤੌਰ 'ਤੇ ਹਰ ਸਾਲ ਵਿਸਾਖੀ, ਗੁਰਪੁਰਬ ਸ੍ਰੀ ਗੁਰੂ ਨਾਨਕ ਦੇਵ ਜੀ ਤੇ ਹਰ ਮਹੀਨੇ ਦੀ ਮੱਸਿਆ ਦਾ ਤਿਉਹਾਰ ਸ਼ਰਧਾ ਨਾਲ ਮਨਾਏ ਜਾਂਦੇ ਹਨ।
-ਮਮਦੋਟ।
ਮੋਬਾਈਲ : 75891-55501