07-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 30-03-2026

ਮਰਦਾਂ ਤੋਂ ਕਿਤੇ ਉੱਚਾ ਹੈ ਔਰਤਾਂ ਦਾ ਰੁਤਬਾ

ਅਜੀਤ ਡੈਸਕ 30-03-2026

ਸਮਾਜ ਵਿਚ ਅਕਸਰ ਇਹ ਗੱਲ ਆਖੀ ਜਾਂਦੀ ਹੈ ਕਿ ਔਰਤਾਂ ਨੂੰ ਮਰਦਾਂ ਦੇ ਬਰਾਬਰ ਹੱਕ ਮਿਲਣੇ ਚਾਹੀਦੇ ਹਨ ਪਰ ਜੇ ਅਸੀਂ ਇਤਿਹਾਸ, ਪਰਿਵਾਰ ਅਤੇ ਸਮਾਜ ਦੀ ਬਣਤਰ ਨੂੰ ਧਿਆਨ ਨਾਲ ਵੇਖੀਏ ਤਾਂ ਇਹ ਸਪੱਸ਼ਟ ਹੋ ਜਾਂਦਾ ਹੈ ਕਿ ਔਰਤ ਦਾ ਰੁਤਬਾ ਸਿਰਫ਼ ਬਰਾਬਰੀ ਤੱਕ ਸੀਮਤ ਨਹੀਂ ਹੈ। ਔਰਤ ਆਪਣੀ ਭੂਮਿਕਾ, ਤਿਆਗ ਅਤੇ ਮਮਤਾ ਦੇ ਕਾਰਨ ਮਰਦਾਂ ਤੋਂ ਕਈ ਪੱਖਾਂ ਵਿਚ ਉੱਚਾ ਦਰਜਾ ਰੱਖਦੀ ਹੈ।
ਇਕ ਔਰਤ ਹੀ ਹੈ, ਜੋ ਮਾਂ ਬਣ ਕੇ ਨਵੀਂ ਜ਼ਿੰਦਗੀ ਨੂੰ ਜਨਮ ਦਿੰਦੀ ਹੈ। ਮਾਂ ਦੇ ਰੂਪ ਵਿਚ ਉਹ ਬੱਚੇ ਦੀ ਪਹਿਲੀ ਅਧਿਆਪਕ ਹੁੰਦੀ ਹੈ। ਬੱਚੇ ਦੇ ਸਸਕਾਰ, ਸੋਚ ਅਤੇ ਚਰਿੱਤਰ ਦੀ ਨੀਂਹ ਮਾਂ ਹੀ ਰੱਖਦੀ ਹੈ। ਇਕ ਸੱਭਿਆਚਾਰਕ ਅਤੇ ਮਜ਼ਬੂਤ ਸਮਾਜ ਦੀ ਸ਼ੁਰੂਆਤ ਵੀ ਇਕ ਸਿੱਖਿਆ ਪ੍ਰਾਪਤ ਅਤੇ ਸੰਵੇਦਨਸ਼ੀਲ ਮਾਂ ਤੋਂ ਹੀ ਹੁੰਦੀ ਹੈ।
ਔਰਤ ਦੀ ਖ਼ਾਸੀਅਤ ਇਹ ਵੀ ਹੈ ਕਿ ਉਹ ਇਕ ਸਮੇਂ 'ਤੇ ਕਈ ਜ਼ਿੰਮੇਵਾਰੀਆਂ ਨਿਭਾਉਂਦੀ ਹੈ। ਉਹ ਧੀ ਵੀ ਹੈ, ਭੈਣ ਵੀ ਹੈ, ਪਤਨੀ ਵੀ ਹੈ ਅਤੇ ਮਾਂ ਵੀ ਹੈ। ਉਹ ਪਰਿਵਾਰ ਨੂੰ ਜੋੜ ਕੇ ਰੱਖਦੀ ਹੈ ਅਤੇ ਮੁਸ਼ਕਿਲ ਸਮੇਂ ਵਿਚ ਹੌਸਲੇ ਨਾਲ ਖੜ੍ਹੀ ਰਹਿੰਦੀ ਹੈ। ਪਰਿਵਾਰ ਵਿਚ ਪਿਆਰ, ਸਮਝ ਅਤੇ ਸੰਤੁਲਨ ਬਣਾਈ ਰੱਖਣ ਵਿਚ ਔਰਤ ਦੀ ਭੂਮਿਕਾ ਸਭ ਤੋਂ ਮਹੱਤਵਪੂਰਨ ਹੁੰਦੀ ਹੈ। ਅੱਜ ਦੇ ਸਮੇਂ ਵਿਚ ਔਰਤਾਂ ਹਰ ਖੇਤਰ ਵਿਚ ਆਪਣੀ ਯੋਗਤਾ ਸਾਬਿਤ ਕਰ ਰਹੀਆਂ ਹਨ। ਸਿੱਖਿਆ, ਰਾਜਨੀਤੀ, ਖੇਡਾਂ, ਵਿਗਿਆਨ ਅਤੇ ਫ਼ੌਜ ਹਰ ਖੇਤਰ ਵਿਚ ਔਰਤਾਂ ਨੇ ਵੱਡੀਆਂ ਉਪਲਬਧੀਆਂ ਹਾਸਿਲ ਕਰ ਲਈਆਂ ਹਨ। ਉਸ ਨੇ ਇਹ ਸਾਬਤ ਕਰ ਦਿੱਤਾ ਹੈ ਕਿ ਮੌਕਾ ਮਿਲਣ 'ਤੇ ਔਰਤ ਕਿਸੇ ਵੀ ਖੇਤਰ ਵਿਚ ਪਿੱਛੇ ਨਹੀਂ ਰਹਿੰਦੀ। ਸਭ ਤੋਂ ਵੱਡੀ ਗੱਲ ਇਹ ਹੈ ਕਿ ਔਰਤ ਵਿਚ ਸਹਿਣਸ਼ੀਲਤਾ, ਮਮਤਾ ਅਤੇ ਤਿਆਗ ਦੀ ਭਾਵਨਾ ਬੇਹੱਦ ਹੁੰਦੀ ਹੈ। ਉਹ ਆਪਣੇ ਪਰਿਵਾਰ ਦੀ ਖੁਸ਼ੀ ਲਈ ਆਪਣੀਆਂ ਕਈ ਖ਼ਾਹਿਸ਼ਾਂ ਤੱਕ ਕੁਰਬਾਨ ਕਰ ਦਿੰਦੀ ਹੈ। ਇਹ ਗੁਣ ਉਸ ਨੂੰ ਸਮਾਜ ਵਿਚ ਵਿਸ਼ੇਸ਼ ਅਤੇ ਸਨਮਾਨਯੋਗ ਦਰਜਾ ਦੁਆਉਂਦੇ ਹਨ। ਇਸ ਲਈ ਅੱਜ ਸਮੇਂ ਦੀ ਲੋੜ ਹੈ ਕਿ ਅਸੀਂ ਸਿਰਫ਼ ਔਰਤਾਂ ਦੀ ਬਰਾਬਰੀ ਦੀ ਗੱਲ ਨਾ ਕਰੀਏ, ਸਗੋਂ ਉਨ੍ਹਾਂ ਦੇ ਯੋਗਦਾਨ ਅਤੇ ਮਹੱਤਤਾ ਨੂੰ ਸਮਝਦੇ ਹੋਏ, ਉਨ੍ਹਾਂ ਨੂੰ ਉਹ ਸਨਮਾਨ ਅਤੇ ਮੌਕੇ ਦੇਈਏ, ਜਿਸ ਦੀਆਂ ਉਹ ਹੱਕਦਾਰ ਹਨ, ਕਿਉਂਕਿ ਜਦੋਂ ਔਰਤ ਮਜ਼ਬੂਤ ਹੋਵੇਗੀ, ਉਦੋਂ ਹੀ ਪਰਿਵਾਰ, ਸਮਾਜ ਤੇ ਦੇਸ਼ ਮਜ਼ਬੂਤ ਬਣੇਗਾ।

-ਸੀਨੀਅਰ ਪੱਤਰਕਾਰ ਤੇ ਲੇਖਕ, ਚੰਡੀਗੜ੍ਹ।
ਮੋਬਾਈਲ : 94632-00019

ਪਿਛਲੀ ਖ਼ਬਰ ਇਤਿਹਾਸਕ ਗੁਰਦੁਆਰਾ ਕੌੜਿਆਲਾ ਘਾਟ ਸਾਹਿਬ ਅਗਲੀ ਖ਼ਬਰ ਚੋਣ ਕਮਿਸ਼ਨ ਨੂੰ ਕਿਸ ਗੱਲ ਦਾ ਡਰ ਹੈ?

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।