07-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 30-03-2026

ਚੋਣ ਕਮਿਸ਼ਨ ਨੂੰ ਕਿਸ ਗੱਲ ਦਾ ਡਰ ਹੈ?

ਅਜੀਤ ਡੈਸਕ 30-03-2026

ਚੋਣ ਕਮਿਸ਼ਨ ਨੂੰ ਪੱਛਮੀ ਬੰਗਾਲ ਵਿਚ ਵੋਟਰ ਸੂਚੀ ਦੀ ਵਿਸ਼ੇਸ਼ ਤੀਬਰ ਮੁੜ ਸੁਧਾਈ (ਐੱਸ.ਆਈ.ਆਰ.) ਤੋਂ ਬਾਅਦ ਜਿਨ੍ਹਾਂ ਲੋਕਾਂ ਦੇ ਨਾਂਅ ਵਿਚਾਰਾਧੀਨ ਸ਼੍ਰੇਣੀ 'ਚ ਰੱਖੇ ਹਨ, ਉਨ੍ਹਾਂ ਦੇ ਦਸਤਾਵੇਜ਼ਾਂ ਦੀ ਤਸਦੀਕ ਕਰ ਕੇ ਪੂਰਕ ਵੋਟਰ ਸੂਚੀ ਜਾਰੀ ਕਰਨ ਨਾਲ ਇੰਨੀ ਪ੍ਰੇਸ਼ਾਨੀ ਹੋਈ ਕਿ ਸਾਰੇ ਹੈਰਾਨ ਹਨ। ਦਰਅਸਲ ਚੋਣ ਕਮਿਸ਼ਨ ਨੇ 21 ਮਾਰਚ ਨੂੰ ਪਹਿਲੀ ਪੂਰਕ ਵੋਟਰ ਸੂਚੀ ਜਾਰੀ ਕਰਨ ਦਾ ਫ਼ੈਸਲਾ ਕੀਤਾ ਸੀ, ਪਰ ਸ਼ਾਮ ਤੱਕ ਕਮਿਸ਼ਨ ਨੇ ਸੂਚੀ ਜਾਰੀ ਨਾ ਕੀਤੀ। ਫਿਰ ਖ਼ਬਰ ਆਈ ਕਿ ਪੂਰਕ ਵੋਟਰ ਸੂਚੀ 23 ਮਾਰਚ ਨੂੰ ਜਾਰੀ ਹੋਵੇਗੀ, ਨਾਮਜ਼ਦਗੀ ਦੀ ਆਖਰੀ ਮਿਤੀ ਨੇੜੇ ਹੋਣ ਕਾਰਨ ਚੋਣ ਕਮਿਸ਼ਨ ਦਬਾਅ ਹੇਠ ਸੀ। ਚੋਣ ਕਮਿਸ਼ਨ ਨੇ ਅੱਧੀ ਰਾਤ ਨੂੰ ਪੂਰਕ ਵੋਟਰ ਸੂਚੀ ਜਾਰੀ ਕਰਦਿਆਂ ਸਿਰਫ਼ ਇਹੀ ਕਿਹਾ ਕਿ 29 ਲੱਖ ਨਾਵਾਂ ਦੀ ਤਸਦੀਕ ਹੋ ਗਈ ਹੈ, ਪਰ ਇਹ ਨਹੀਂ ਦੱਸਿਆ ਕਿ ਕਿੰਨੇ ਨਾਂਅ ਕੱਟ ਗਏ ਹਨ। ਹੁਣ ਲੋਕਾਂ ਨੂੰ ਖੁਦ ਪਤਾ ਲਗਾਉਣਾ ਪਵੇਗਾ ਕਿ ਕੀ ਉਨ੍ਹਾਂ ਦੇ ਨਾਂਅ ਕੱਟੇ ਗਏ ਹਨ ਜਾਂ ਬਰਕਰਾਰ ਰੱਖੇ ਗਏ ਹਨ। ਸਵਾਲ ਇਹ ਹੈ ਕਿ ਇੰਨਾ ਡਰ ਤੇ ਘਬਰਾਹਟ ਦੀ ਵਜ੍ਹਾ ਕੀ ਹੈ? ਜਾਣਕਾਰਾਂ ਅਨੁਸਾਰ ਚੋਣ ਕਮਿਸ਼ਨ ਨੇ ਸਨਿਚਰਵਾਰ ਨੂੰ ਈਦ ਦੇ ਕਾਰਨ ਪੂਰਕ ਸੂਚੀ ਮੁਲਤਵੀ ਕਰ ਦਿੱਤੀ ਸੀ ਕਿਉਂਕਿ ਅਧਿਕਾਰੀਆਂ ਨੂੰ ਡਰ ਸੀ ਕਿ ਵੱਡੀ ਗਿਣਤੀ ਵਿਚ ਮੁਸਲਿਮ ਵੋਟਰਾਂ ਖਾਸ ਕਰਕੇ ਮਾਲਦਾ ਤੇ ਮੁਰਸ਼ਿਦਾਬਾਦ ਦੇ ਵੋਟਰਾਂ ਨੂੰ ਹਟਾਉਣ ਦੀ ਖ਼ਬਰ ਆਉਣ ਨਾਲ ਵਿਵਾਦ ਪੈਦਾ ਹੋ ਜਾਵੇਗਾ। ਜੇਕਰ ਅਜਿਹਾ ਹੈ ਤਾਂ ਇਹ ਬਹੁਤ ਚਿੰਤਾਜਨਕ ਗੱਲ ਹੈ?
ਵਿਦੇਸ਼ ਮੰਤਰੀ ਦੀ ਟਿੱਪਣੀ
ਈਰਾਨ ਯੁੱਧ 'ਤੇ ਬੁਲਾਈ ਗਈ ਸਰਬ-ਪਾਰਟੀ ਬੈਠਕ ਸਿਰਫ਼ ਇਕ ਰਸਮੀ ਕਾਰਵਾਈ ਸੀ ਕਿਉਂਕਿ ਪ੍ਰਧਾਨ ਮੰਤਰੀ ਖ਼ੁਦ ਬੈਠਕ ਤੋਂ ਦੂਰ ਰਹੇ। ਅਜਿਹੀਆਂ ਬੈਠਕਾਂ ਦੀ ਤਾਂ ਹੀ ਕੋਈ ਅਹਿਮੀਅਤ ਹੁੰਦੀ ਹੈ, ਜਦੋਂ ਉਨ੍ਹਾਂ ਦਾ ਉਦੇਸ਼ ਪੈਦਾ ਹੋਈ ਕਿਸੇ ਸਥਿਤੀ 'ਤੇ ਪੂਰੀ ਪਾਰਦਰਸ਼ਤਾ ਨਾਲ ਸਾਰੀਆਂ ਪਾਰਟੀਆਂ ਨਾਲ ਆਮ ਸਹਿਮਤੀ ਬਣਾਉਣਾ ਹੋਵੇ। ਅਜਿਹਾ ਤਾਂ ਹੀ ਹੋ ਸਕਦਾ ਹੈ ਜਦੋਂ ਦੇਸ਼ ਦਾ ਸਿਖਰਲਾ ਨੇਤਾ ਬੈਠਕ 'ਚ ਮੌਜੂਦ ਹੋਵੇ ਅਤੇ ਉਕਤ ਸੰਕਟ ਬਾਰੇ ਸਾਰਾ ਦੇਸ਼ ਇਕਜੁੱਟ ਹੋਵੇ। ਖੈਰ ਨਰਿੰਦਰ ਮੋਦੀ ਦੇ ਕਾਰਜਕਾਲ ਦੌਰਾਨ ਅਜਿਹੀ ਰਾਸ਼ਟਰੀ ਏਕਤਾ ਬਹੁਤ ਘੱਟ ਦੇਖਣ ਨੂੰ ਮਿਲੀ ਹੈ। ਨਤੀਜੇ ਵਜੋਂ ਸਰਬ-ਪਾਰਟੀ ਬੈਠਕਾਂ ਰਾਜਨੀਤਕ ਬਿਰਤਾਂਤਾਂ ਨੂੰ ਪ੍ਰਚਾਰਿਤ ਕਰਨ ਦਾ ਇਕ ਹੋਰ ਮੌਕਾ ਬਣ ਜਾਂਦੀਆਂ ਹਨ। ਈਰਾਨ ਯੁੱਧ 'ਤੇ ਬੁਲਾਈ ਗਈ ਮੀਟਿੰਗ ਦਾ ਵੀ ਇਹੀ ਹਾਲ ਹੋਇਆ। ਵਿਰੋਧੀ ਧਿਰ ਨੇ ਇਸ ਮੌਕੇ ਦਾ ਫਾਇਦਾ ਉਠਾਉਂਦੇ ਹੋਏ ਆਪਣੇ ਬਿਰਤਾਂਤ ਨੂੰ ਮਜ਼ਬੂਤ ਕਰਦਿਆਂ ਕਿਹਾ ਕਿ ਮੋਦੀ ਸਰਕਾਰ ਦੀਆਂ ਕੂਟਨੀਤਕ ਅਸਫਲਤਾਵਾਂ ਨੇ ਭਾਰਤ ਨੂੰ ਡੂੰਘੀ ਮੁਸੀਬਤ ਵਿਚ ਸੁੱਟ ਦਿੱਤਾ ਹੈ ਤੇ ਭਾਰਤ ਅੰਤਰਰਾਸ਼ਟਰੀ ਕੂਟਨੀਤੀ ਵਿਚ ਤੇਜ਼ੀ ਨਾਲ ਅਪ੍ਰਸੰਗਿਕ ਹੁੰਦਾ ਜਾ ਰਿਹਾ ਹੈ। ਇਸ ਸੰਦਰਭ ਵਿਚ ਪਾਕਿਸਤਾਨ ਦੀ ਵਿਚੋਲੇ ਵਜੋਂ ਸੰਭਾਵੀ ਭੂਮਿਕਾ ਬਾਰੇ ਵਿਦੇਸ਼ ਮੰਤਰੀ ਐਸ. ਜੈਸ਼ੰਕਰ ਦੀ ਟਿੱਪਣੀ ਹੋਰ ਵੀ ਹੈਰਾਨੀਜਨਕ ਸੀ। ਉਨ੍ਹਾਂ ਕਿਹਾ ਕਿ ਭਾਰਤ ਪਾਕਿਸਤਾਨ ਵਾਂਗ 'ਦਲਾਲੀ' ਨਹੀਂ ਕਰ ਸਕਦਾ! ਪਰ ਅਮਰੀਕਾ ਵਲੋਂ ਪਾਕਿਸਤਾਨ ਨੂੰ ਵਿਚੋਲਾ ਨਿਯੁਕਤ ਕਰਨਾ ਇਕ ਡੂੰਘਾ ਸਵਾਲ ਖੜ੍ਹਾ ਕਰਦਾ ਹੈ। ਪਰ ਅੰਤਰਰਾਸ਼ਟਰੀ ਵਿਚੋਲਗੀ ਨੂੰ ਦਲਾਲੀ ਕਹਿਣਾ ਉਨ੍ਹਾਂ ਦੀ ਆਪਣੀ ਵਿਦੇਸ਼ ਨੀਤੀ ਦੀ ਪੂਰੀ ਤਰ੍ਹਾਂ ਅਸਫਲਤਾ ਤੋਂ ਪੈਦਾ ਹੋਈ ਨਿਰਾਸ਼ਤਾ ਦਾ ਪ੍ਰਗਟਾਵਾ ਹੀ ਹੈ ਕਿਉਂਕਿ ਭਾਰਤ ਦਾ ਕੋਰੀਆਈ ਯੁੱਧ, ਕਾਂਗੋ ਯੁੱਧ ਤੇ ਸ੍ਰੀਲੰਕਾ ਦੇ ਘਰੇਲੂ ਯੁੱਧ ਵਿਚ ਵਿਚੋਲਗੀ ਦਾ ਸ਼ਾਨਦਾਰ ਰਿਕਾਰਡ ਹੈ। ਜੈਸ਼ੰਕਰ ਨੂੰ ਆਤਮ-ਨਿਰੀਖਣ ਕਰਨਾ ਚਾਹੀਦਾ ਹੈ ਕਿ ਅੱਜ ਅੰਤਰਰਾਸ਼ਟਰੀ ਮੁੱਦਿਆਂ ਵਿਚ ਭਾਰਤ ਦੀ ਕੋਈ ਭੂਮਿਕਾ ਕਿਉਂ ਨਹੀਂ ਹੈ।
ਪ੍ਰਚਾਰ ਤੋਂ ਦੂਰ ਮੁਸਲਿਮ ਆਗੂ
ਭਾਜਪਾ ਨੇ ਪੱਛਮੀ ਬੰਗਾਲ ਵਿਚ ਮੁਸਲਿਮ ਆਗੂਆਂ ਨੂੰ ਚੋਣ ਪ੍ਰਚਾਰ ਤੋਂ ਦੂਰ ਰੱਖਿਆ ਹੈ, ਵੈਸੇ ਵੀ ਬੰਗਾਲ ਵਿਚ ਭਾਜਪਾ ਕੋਲ ਬਹੁਤੇ ਮੁਸਲਿਮ ਆਗੂ ਨਹੀਂ ਹਨ। ਭਾਜਪਾ ਆਗੂਆਂ ਅਨੁਸਾਰ ਪਾਰਟੀ ਇਸ ਵਾਰ ਪੂਰੀ ਤਰ੍ਹਾਂ 'ਧਰੁਵੀਕਰਨ' ਦੇ ਏਜੰਡੇ ਦੇ ਆਧਾਰ 'ਤੇ ਚੋਣਾਂ ਲੜ ਰਹੀ ਹੈ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਖੁਦ ਚੋਣਾਂ ਦੇ ਐਲਾਨ ਤੋਂ ਪਹਿਲਾਂ ਹੋਈ ਇਕ ਰੈਲੀ ਵਿਚ ਇਹ ਏਜੰਡਾ ਤੈਅ ਕਰ ਚੁੱਕੇ ਹਨ, ਜਦੋਂ ਉਹ ਕਹਿੰਦੇ ਹਨ ਕਿ ਜੇਕਰ ਬੰਗਾਲ 'ਚ ਅਜਿਹੀ ਸਥਿਤੀ ਜਾਰੀ ਰਹੀ ਤਾਂ ਹਿੰਦੂ ਜਲਦੀ ਹੀ ਘੱਟ ਗਿਣਤੀ ਬਣ ਜਾਣਗੇ। ਭਾਜਪਾ ਦੀ ਪ੍ਰਚਾਰ ਰਣਨੀਤੀ ਦਾ ਉਦੇਸ਼ ਬੰਗਾਲੀ ਹਿੰਦੂਆਂ 'ਚ ਡਰ ਪੈਦਾ ਕਰਨਾ ਹੈ ਕਿ ਵਧਦੀ ਮੁਸਲਿਮ ਆਬਾਦੀ ਤੇ ਘੁਸਪੈਠ ਉਨ੍ਹਾਂ ਦੇ ਬੱਚਿਆਂ ਦਾ ਭਵਿੱਖ ਬਰਬਾਦ ਕਰ ਦੇਵੇਗੀ। ਭਾਜਪਾ ਸੂਤਰਾਂ ਦਾ ਕਹਿਣਾ ਹੈ ਕਿ ਪਾਰਟੀ 294 ਸੀਟਾਂ 'ਚੋਂ ਕਿਸੇ ਵੀ ਮੁਸਲਮਾਨ ਨੂੰ ਟਿਕਟ ਨਹੀਂ ਦੇਵੇਗੀ, ਇਸ ਦਾ ਉਦੇਸ਼ ਸੂਬੇ ਦੇ 70 ਫ਼ੀਸਦੀ ਹਿੰਦੂਆਂ ਨੂੰ ਸੁਨੇਹਾ ਦੇਣਾ ਹੈ। ਇਸ ਸਮੇਂ ਸੂਬੇ ਦੇ 100 'ਚੋਂ 60 ਹਿੰਦੂ ਭਾਜਪਾ ਨੂੰ ਵੋਟ ਦੇ ਰਹੇ ਹਨ ਅਤੇ ਭਾਜਪਾ ਨੂੰ ਜਿੱਤਣ ਲਈ 100 'ਚੋਂ ਘੱਟੋ-ਘੱਟ 70 ਹਿੰਦੂ ਵੋਟਾਂ ਦੀ ਲੋੜ ਹੈ।
ਭਾਜਪਾ ਨੂੰ ਨਹੀਂ ਮਿਲੀਆਂ ਮਨਚਾਹੀਆਂ ਸੀਟਾਂ
ਤਾਮਿਲਨਾਡੂ ਵਿਚ ਭਾਜਪਾ ਨੇ ਬਹੁਤ ਕੋਸ਼ਿਸ਼ਾਂ ਕਰ ਕੇ ਸਾਬਕਾ ਮੁੱਖ ਮੰਤਰੀ ਅਤੇ ਏ.ਆਈ.ਏ.ਡੀ.ਐਮ.ਕੇ. ਦੇ ਨੇਤਾ ਈ. ਪਲਾਨੀਸਵਾਮੀ ਨੂੰ ਐਨ.ਡੀ.ਏ. ਵਿਚ ਸ਼ਾਮਿਲ ਕੀਤਾ ਤਾਂ ਜੋ ਸੱਤਾਧਾਰੀ ਡੀ.ਐਮ.ਕੇ. ਅਤੇ ਕਾਂਗਰਸ ਨੂੰ ਚੁਣੌਤੀ ਦੇਣ ਲਈ ਇਕ ਮਜ਼ਬੂਤ ਗਠਜੋੜ ਬਣਾਇਆ ਜਾ ਸਕੇ। ਪਰ ਭਾਜਪਾ ਉਮੀਦਵਾਰਾਂ ਨੂੰ ਚੋਣ ਲੜਨ ਲਈ ਉਨ੍ਹਾਂ ਦੀਆਂ ਮਨਪਸੰਦ ਸੀਟਾਂ ਮਿਲਣ ਦੇ ਬਜਾਏ ਹੋਰ ਸਹਿਯੋਗੀਆਂ ਸਮੇਤ ਮੁਸ਼ਕਿਲ ਸੀਟਾਂ ਮਿਲੀਆਂ ਹਨ। ਭਾਵੇਂ ਭਾਜਪਾ ਨੇ ਪਿਛਲੀ ਵਾਰ 27 'ਚੋਂ 20 ਸੀਟਾਂ ਜਿੱਤੀਆਂ ਸਨ, ਪਰ ਇਹ ਉਸ ਦੀਆਂ ਪਸੰਦੀਦਾ ਸੀਟਾਂ ਨਹੀਂ ਹਨ। ਭਾਜਪਾ ਕੋਇੰਬਟੂਰ ਵਿਚ 3 ਸੀਟਾਂ ਮੰਗ ਰਹੀ ਸੀ, ਜਿਨ੍ਹਾਂ 'ਚੋਂ ਇਕ ਸਿੰਗਨੱਲੂਰ ਤੋਂ ਪਾਰਟੀ ਦੇ ਸਾਬਕਾ ਸੂਬਾ ਪ੍ਰਧਾਨ ਤੇ ਸਾਬਕਾ ਆਈ.ਪੀ.ਐੱਸ. ਅਧਿਕਾਰੀ ਕੇ. ਅੰਨਾਮਲਾਈ ਚੋਣ ਲੜਨਾ ਚਾਹੁੰਦੇ ਸਨ, ਪਰ ਏ.ਆਈ.ੲ.ਡੀ.ਐਮ.ਕੇ ਨੇ ਉਹ ਸੀਟ ਭਾਜਪਾ ਨੂੰ ਨਹੀਂ ਦਿੱਤੀ। ਇਸੇ ਤਰ੍ਹਾਂ ਭਾਜਪਾ ਸ਼ਹਿਰੀ ਖੇਤਰਾਂ ਦੀਆਂ ਸੀਟਾਂ ਚਾਹੁੰਦੀ ਸੀ, ਪਰ ਏ.ਆਈ.ੲ.ਡੀ.ਐਮ.ਕੇ ਨੇ ਇਸ ਤੋਂ ਇਨਕਾਰ ਕਰ ਦਿੱਤਾ ਹੈ। ਪਲਾਨੀਸਵਾਮੀ ਨੇ ਸਾਰਿਆਂ ਨੂੰ ਆਪਣੀ ਪਸੰਦ ਅਨੁਸਾਰ ਸੀਟਾਂ ਵੰਡੀਆਂ, ਉਨ੍ਹਾਂ ਦੀ ਪਾਰਟੀ 169 ਸੀਟਾਂ 'ਤੇ ਚੋਣ ਲੜ ਰਹੀ ਹੈ।
ਰਾਉਤ ਦੇ ਦਿਲਚਸਪ ਖ਼ੁਲਾਸੇ
ਊਧਵ ਠਾਕਰੇ ਦੀ ਸ਼ਿਵ ਸੈਨਾ ਦੇ ਸੰਸਦ ਮੈਂਬਰ ਸੰਜੇ ਰਾਉਤ ਬੜੇ ਦਿਲਚਸਪ ਵਿਅਕਤੀ ਹਨ। ਰਾਉਤ ਈ.ਡੀ. ਦੁਆਰਾ ਗ੍ਰਿਫ਼ਤਾਰ ਕੀਤੇ ਜਾਣ ਬਾਅਦ ਕਾਫ਼ੀ ਸਮਾਂ ਜੇਲ੍ਹ ਵਿਚ ਰਹੇ ਤਾਂ ਉਨ੍ਹਾਂ ਕਹਾਣੀਆਂ ਦੀ ਇਕ ਕਿਤਾਬ ਲਿਖੀ। ਮਰਾਠੀ ਵਿਚ ਲਿਖੀ ਇਸ ਕਿਤਾਬ ਦਾ ਅੰਗਰੇਜ਼ੀ ਸੰਸਕਰਨ ਹੁਣ ਕਾਫ਼ੀ ਚਰਚਾ 'ਚ ਹੈ। ਇਸ ਕਿਤਾਬ ਦਾ ਮਰਾਠੀ ਸਿਰਲੇਖ 'ਨਰਕਤਲਾ ਸਵਰਗ' ਸੀ ਅਤੇ ਅੰਗਰੇਜ਼ੀ ਸੰਸਕਰਨ ਦਾ ਸਿਰਲੇਖ 'ਅਨਲਾਈਕਲੀ ਪੈਰਾਡਾਈਜ਼' ਹੈ। ਸੰਜੇ ਰਾਉਤ ਨੇ ਇਸ ਕਿਤਾਬ 'ਚ ਕਈ ਵਿਵਾਦਤ ਦਾਅਵੇ ਕਰਦਿਆਂ ਕਿਹਾ ਹੈ ਕਿ ਜਗਦੀਪ ਧਨਖੜ ਨੂੰ ਈ.ਡੀ. ਦੇ ਦਬਾਅ ਹੇਠ ਉਪ ਰਾਸ਼ਟਰਪਤੀ ਦੇ ਅਹੁਦੇ ਤੋਂ ਅਸਤੀਫ਼ਾ ਦੇਣਾ ਪਿਆ ਸੀ। ਰਾਉਤ ਅਨੁਸਾਰ ਧਨਖੜ ਤੇ ਉਨ੍ਹਾਂ ਦੀ ਪਤਨੀ ਨੇ ਜੈਪੁਰ ਵਿਚ ਆਪਣਾ ਘਰ ਵੇਚ ਕੇ ਪੈਸੇ ਵਿਦੇਸ਼ਾਂ ਵਿਚ ਤਬਦੀਲ ਕਰ ਦਿੱਤੇ ਸਨ। ਰਾਊਤ ਲਿਖਦੇ ਹਨ ਕਿ ਜਦੋਂ ਧਨਖੜ ਦੀ ਮੋਦੀ ਸਰਕਾਰ ਖ਼ਿਲਾਫ਼ ਕੁਝ ਕਰਨ ਦੀਆਂ ਅਫ਼ਵਾਹਾਂ ਸ਼ੁਰੂ ਹੋਈਆਂ ਤਾਂ ਈ.ਡੀ. ਅਧਿਕਾਰੀਆਂ ਨੇ ਧਨਖੜ ਨਾਲ ਮੁਲਾਕਾਤ ਕਰ ਕੇ ਉਨ੍ਹਾਂ ਨੂੰ ਫਾਈਲ ਦਿਖਾਉਂਦਿਆ ਜਾਂਚ ਕਰਨ ਦੀ ਧਮਕੀ ਦਿੱਤੀ ਤਾਂ ਉਨ੍ਹਾਂ ਨੇ ਅਸਤੀਫ਼ਾ ਦੇ ਦਿੱਤਾ। ਰਾਊਤ ਨੇ ਇਕ ਹੋਰ ਦਿਲਚਸਪ ਦਾਅਵਾ ਕੀਤਾ ਹੈ ਕਿ ਸ਼ਰਦ ਪਵਾਰ ਨੇ ਅਮਿਤ ਸ਼ਾਹ ਦੀ ਸਭ ਤੋਂ ਵੱਧ ਮਦਦ ਕੀਤੀ ਹੈ, ਜਦੋਂ ਅਮਿਤ ਸ਼ਾਹ ਦੀ ਜ਼ਮਾਨਤ ਨਹੀਂ ਹੋ ਰਹੀ ਸੀ ਤਾਂ ਸ਼ਰਦ ਪਵਾਰ ਨੇ ਹੀ ਉਨ੍ਹਾਂ ਦੀ ਜ਼ਮਾਨਤ ਕਰਾਈ ਸੀ। ਮਹਾਰਾਸ਼ਟਰ ਕੇਡਰ ਦਾ ਇਕ ਸੀ.ਬੀ.ਆਈ. ਅਧਿਕਾਰੀ ਜ਼ਮਾਨਤ ਦਾ ਸਖ਼ਤ ਵਿਰੋਧ ਕਰ ਰਿਹਾ ਸੀ ਤਾਂ ਨਰਿੰਦਰ ਮੋਦੀ ਨੇ ਸ਼ਰਦ ਪਵਾਰ ਨੂੰ ਫ਼ੋਨ ਕਰ ਕੇ ਮਦਦ ਮੰਗੀ ਤਾਂ ਸ਼ਰਦ ਪਵਾਰ ਨੇ ਦਖ਼ਲ ਦੇ ਕੇ ਅਮਿਤ ਸ਼ਾਹ ਨੂੰ ਜ਼ਮਾਨਤ ਦਿਵਾਈ ਸੀ। ਇਸ ਕਿਤਾਬ ਵਿਚ ਨਰਿੰਦਰ ਮੋਦੀ ਨਾਲ ਜੁੜੇ ਕਿੱਸੇ ਵੀ ਸ਼ਾਮਿਲ ਹਨ।

ਪਿਛਲੀ ਖ਼ਬਰ ਮਰਦਾਂ ਤੋਂ ਕਿਤੇ ਉੱਚਾ ਹੈ ਔਰਤਾਂ ਦਾ ਰੁਤਬਾ ਅਗਲੀ ਖ਼ਬਰ ਵਿਦੇਸ਼ਾਂ 'ਚ ਬੱਚਿਆਂ ਅੰਦਰ ਵਧ ਰਿਹਾ ਹੈ ਪੰਜਾਬੀ ਭਾਸ਼ਾ ਦਾ ਚਲਣ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।